ਧੂਰੀ, 26 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਮਰਪਿਤ ਸਮਾਗਮ ਸਾਹਿਤ ਸਭਾ ਧੂਰੀ (ਰਜਿ:) ਵਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ ਅਤੇ ਡਾ. ਰਾਜਿੰਦਰ ਪਾਲ ਨੇ ਕੀਤੀ।
ਸਭ ਤੋਂ ਪਹਿਲਾਂ ਪਵਨ ਹਰਚੰਦਪੁਰੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਸ਼ਹਾਦਤ ਨੇ ਭਾਰਤੀ ਲੋਕਾਂ ਦੇ ਦਿਲ਼ ਧੁਰ ਅੰਦਰੋਂ ਝੰਜੋੜ ਦਿੱਤੇ ਸਨ।ਜਿਸ ਕਾਰਨ ਦੇਸ਼ ਦੇ ਆਮ ਲੋਕਾਂ ਅੰਦਰ ਉਸ ਸਮੇਂ ਦੀ ਸਰਕਾਰ ਖਿਲਾਫ ਤਿੱਖਾ ਰੋਹ ਪੈਦਾ ਹੋਇਆ ਸੀ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਅਮਰਜੀਤ ਅਮਨ ਨੇ “ਧੰਨ ਗੁਰੂ ਗੋਬਿੰਦ ਸਿੰਘ ਸਰਬੰਸ ਵਾਰਿਆ”, ਸੱਤਪਾਲ ਪਰਾਸ਼ਰ ਨੇ “ਜਾਣੇ ਕੀਤੇ ਜ਼ੁਲਮ ਨਾ ਹੁਣ ਹੋਰ ਸਹਾਰੇ” ਗਾਏ। ਅਮਨ ਅਤੇ ਪਰਾਸ਼ਰ ਨੇ ਦੋ ਦੋਗਾਣੇ ਵੀ ਗਾਏ। ਡਾ. ਰਾਜਿੰਦਰ ਪਾਲ ਨੇ “ਸੂਬਾ ਸਰਹਿੰਦ ਨੂੰ ਲਲਕਾਰ” ਕਵਿਤਾ ਅਤੇ ਇੱਕ ਬਾਲ ਗੀਤ ਸੁਣਾਇਆ।ਨਿਰੰਜਣ ਸਿੰਘ ਦੋਹਲਾ ਨੇ “ਵਕਤਾਂ ਦੇ ਮਾਰੇ ਹੋਇਆਂ ਨੂੰ, ਹਾਰੇ ਨਾ ਜਾਣ ਲਈ”, ਸਮੇਂ ਦੀ ਸਰਕਾਰ ਨੂੰ ਵੰਗਾਰਿਆ। ਜਗਦੇਵ ਸ਼ਰਮਾ ਨੇ “ਬਾਜ਼ਾਂ ਵਾਲ਼ੇ ਪ੍ਰੀਤਮ” ਨੂੰ ਸਮਰਪਿੱਤ ਭਾਵ ਪੂਰਨ ਕਵਿਤਾ ਸੁਣਾਈ।ਗੁਰਦੀਪ ਸਿੰਘ ਕੈਂਥ ਮੀਰਹੇੜੀ ਨੇ “ਉਮਰਾਂ ਨਿਆਣੀਆਂ ਨੇ, ਨਾ ਮੌਜਾਂ ਮਾਣੀਆਂ ਨੇ, ਨੀਂਹਾਂ ਵਿੱਚ ਵੇਖੋ ਹੱਸਦੇ”, ਪੇਂਟਰ ਸੁਖਦੇਵ ਧੂਰੀ ਨੇ ਧੀਆਂ ਅਤੇ ਪੱਗ ਸਬੰਧੀ ਆਪਣੇ ਦੋ ਗੀਤ ਗਾ ਕੇ ਮਾਹੌਲ ਨੂੰ ਗਮਗੀਨ ਬਣਾ ਦਿੱਤਾ।ਸੁਰਜੀਤ ਰਾਜੋਮਾਜਰਾ ਦੀ ਕਹਾਣੀ ਬੋਹੜ ਵਾਲ਼ਾ ਪੁੱਲ਼”, ਰੁੱਖਾਂ ਬਾਰੇ ਅਜੋਕੀ ਸਥਿਤੀ ‘ਤੇ ਚੋਟ ਕਰਦਿਆਂ ਸੋਚਣ ਲਗਾ ਦਿੱਤਾ।ਕਰਤਾਰ ਠੁੱਲੀਵਾਲ਼ ਨੇ ਕਹਾਣੀ ਦੇ ਕਰਾਫਟ ਵਿੱਚ ਸ਼ਬਦ ਜੜ੍ਹਤ ਦੀ ਮਹਾਨਤਾ ਬਾਰੇ ਚਾਨਣਾ ਪਾਉਂਦਿਆਂ ਪ੍ਰੋ. ਜੋਗਾ ਸਿੰਘ ਦੀ ਕਵਿਤਾ “ਮੁਨਸ਼ੀ ਖਾਂ” ਸੁਣਾਈ।ਮਾ. ਕ੍ਰਿਸ਼ਨ ਚੰਦ ਗਰਗ ਦੀ ਕਵਿਤਾ ਸੱਜੇ-ਖੱਬੇ ਲੁੱਟ ਹੀ ਲੁੱਟ, ਲੋਟੂਆਂ ਨੇ ਬਣਾ ਲਏ ਗੁੱਟ” ਸੁਣਾਈ।ਪਵਨ ਹਰਚੰਦਪੁਰੀ ਨੇ ਆਪਣੀਆਂ ਦੋ ਤਾਜ਼ਾ ਤਰਾਰ ਗਜ਼ਲਾਂ ਸੁਣਾਈਆਂ।ਕਾਮਰੇਡ ਰਮੇਸ਼ ਜੈਨ ਨੇ ਬਚਿੱਤਰ ਸਿੰਘ ਅਨਪੜ੍ਹ ਦੀ ਕਵਿਤਾ “ਕਲਗੀ ਵਾਲ਼ਿਆ ਸ਼ਹਿਨਸ਼ਾਹ ਅਰਜ਼ ਮੇਰੀ” ਸੁਣਾ ਕੇ ਸਰੋਤਿਆਂ ਅੰਦਰ ਰੋਹ ਪੈਦਾ ਕਰ ਦਿੱਤਾ।ਗੁਰਜੀਤ ਸਿੰਘ ਜਹਾਂਗੀਰ ਨੇ ਸੰਤ ਰਾਮ ਉਦਾਸੀ ਦਾ ਗੀਤ “ਚਮਕੌਰ ਦੀ ਗੜ੍ਹੀ ਸੁਣਾ ਕੇ ਮਾਤਾ ਗੁਜਰੀ ਦੀ ਯਾਦ ਨੂੰ ਤਾਜ਼ਾ ਕੀਤਾ। ਸੁਰਿੰਦਰ ਸ਼ਰਮਾ ਨਾਗਰਾ ਨੇ ਮਿੰਨੀ ਕਹਾਣੀ “ਵੀਹ ਦੇ ਨੋਟ ਦਾ ਸਰਾਪ” ਸੁਣਾ ਕੇ ਰਿਸ਼ਵਤ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ।ਉੱਘੇ ਗੀਤਕਾਰ ਬਲਦੇਵ ਸਿੰਘ ਈਸੀ ਨੇ ਦੋ ਗੀਤ “ਮੇਰੀ ਕਿਹੜਾ ਟਾਟੇ ਨਾਲ਼ ਪਿੱਠ ਲੱਗਦੀ” ਅਤੇ “ਲੱਗੀਆਂ ਨੇ ਹੁਣ ਨਸ਼ੇ ਦੀਆਂ ਝੜੀਆਂ” ਸੁਣਾ ਕੇ ਖੂਬ ਰੰਗ ਬੰਨ੍ਹਿਆ।ਨਾਹਰ ਸਿੰਘ ਮੁਬਾਰਕਪੁਰੀ ਨੇ “ਮਿੱਤਰਾਂ ਨਾਲ਼ ਗੱਲਾਂ” ਅਤੇ ਅੱਖਰਾਂ ਬਾਰੇ ਦੋ ਵਾਰਾਂ ਮਿਰਜ਼ੇ ਦੀ ਤਰਜ਼ ‘ਤੇ ਸੁਣਾਈਆਂ।ਗੁਲਜ਼ਾਰ ਸਿੰਘ ਸ਼ੌਂਕੀ ਨੇ ਦੋ ਧਾਰਮਿਕ ਗੀਤ “ਨੀਂਹਾਂ ਵਿੱਚ ਚਿਣ ਦਿੱਤੇ ਲਾਲ ਦਸ਼ਮੇਸ਼ ਦੇ” ਅਤੇ “ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ” ਸੁਣਾਏ ਅਤੇ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ।ਜਗਦੇਵ ਸ਼ਰਮਾ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਅਮਰਜੀਤ ਅਮਨ ਨੇ ਚਲਾਈ।
ਇਸ ਸਮੇਂ ਫੈਸਲਾ ਕੀਤਾ ਗਿਆ ਕਿ ਉੱਘੇ ਲੋਕਪੱਖੀ ਕਵੀ ਭੁਪਿੰਦਰ ਜਗਰਾਓਂ ਨਾਲ਼ 13-01-2019 ਦਿਨ ਐਤਵਾਰ ਨੂੰ ਲੋਹੜੀ ਵਾਲ਼ੇ ਦਿਨ ਸਭਾ ਵਲੋਂ ਰੁਬਰੂ ਕਰਵਾ ਕੇ ਉਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media