ਧੀਆਂ ਨੂੰ ਹਰੇਕ ਖੇਤਰ ਵਿੱਚ ਉਤਸ਼ਾਹਿਤ ਕੀਤਾ ਜਾਵੇ – ਕੁਲਜੀਤ ਹੁੰਦਲ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਸੰਧੂ) – ਹਾਕੀ ਖੇਡ ਖੇਤਰ ਨੂੰ ਸਮਰਪਿਤ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪਰਿਵਾਰ ਦੇ ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਤੇ ਪਰਿਵਾਰਿਕ ਮੈਂਬਰਾਂ ਨੇ ਹਾਕੀ ਤੋਂ ਇਲਾਵਾ ਹੋਰਨਾਂ ਖੇਡਾਂ ਨਾਲ ਜੁੜੀਆਂ ਜੋਨ, ਤਹਿਸੀਲ, ਜ਼ਿਲ੍ਹਾ, ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਨੂੰ ਸਨਮਾਨਿਤ ਕਰਨ ਦਾ ਰਸਮੀ ਆਗਾਜ਼ ਕੀਤਾ ਹੈ।
ਇਸ ਸਿਲਸਿਲੇ ਤਹਿਤ ਕੌਮੀ ਬਾਕਸਿੰਗ ਖਿਡਾਰਨ ਐਨਮ ਸੰਧੂ, ਰੱਸਾਕਸ਼ੀ ਖਿਡਾਰਨ ਏਕਮਜੀਤ ਕੌਰ ਹੁੰਦਲ, ਏਂਜਲ ਬਾਜਵਾ, ਨਮਨ ਕੌਰ, ਰਜਵੰਤ ਕੌਰ, ਰਜਿੰਦਰ ਕੌਰ ਆਦਿ ਨੂੰ ਸਨਮਾਨਿਤ ਕਰਨ ਦੀ ਰਸਮ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਤੇ ਐਸ.ਡੀ.ਓ ਲਖਬੀਰ ਸਿੰਘ ਆਦਿ ਨੇ ਸਾਂਝੇ ਤੌਰ ‘ਤੇ ਨਿਭਾਈ।ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਪਰਿਵਾਰ ਬੀਤੇ ਲੰਬੇ ਸਮੇਂ ਤੋਂ ਹਾਕੀ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਜੁੜਿਆ ਹੈ।ਪਰ ਉਨ੍ਹਾਂ ਦੇ ਸਵ. ਪਿਤਾ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦਾ ਹਮੇਸ਼ਾਂ ਇਹੀ ਸੁਪਨਾ ਰਿਹਾ ਕਿ ਧੀਆਂ ਨੂੰ ਹਰੇਕ ਖੇਤਰ ਵਿੱਚ ਉਤਸ਼ਾਹਿਤ ਕੀਤਾ ਜਾਵੇ।ਇਸੇ ਲਈ ਬਾਪੂ ਜੀ ਦੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਹ ਸਿਲਸਿਲਾ ਸ਼ੁਰੂ ਕੀਤਾ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਸਿਲਸਿਲੇ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤੇ ਹੋਣਹਾਰ ਧੀਆਂ ਨੂੰ ਸਮੇਂ-ਸਮੇਂ ‘ਤੇ ਬਣਦਾ ਮਾਨ-ਸਨਮਾਨ ਤੇ ਸੰਭਵ ਸਹਾਇਤਾ ਕੀਤੀ ਜਾਵੇਗੀ।ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਧੀਆਂ ਨੂੰ ਹਰੇਕ ਖੇਤਰ ਦੇ ਵਿੱਚ ਮੋਹਰੀ ਤੇ ਹੋਣਹਾਰ ਬਣਾਉਣ ਲਈ ਯੋਗਦਾਨ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤੇ ਭਰੂਣ ਹੱਤਿਆ ਵਰਗੀ ਸਮਾਜਿਕ ਅਲਾਮਤ ਨੂੰ ਠੱਲ ਪਾਈ ਜਾ ਸਕੇ।
ਇਸ ਮੌਕੇ ਰਾਣੀ ਹੁੰਦਲ, ਜੀ.ਐਸ ਸੰਧੂ, ਅਰਾਏਜੀਤ ਸਿੰਘ ਹੁੰਦਲ, ਬਲਜਿੰਦਰ ਸਿੰਘ ਮੱਟੂ, ਗੁਰਸ਼ਰਨ ਸਿੰਘ ਸੰਧੁੂ, ਨਿਸ਼ਾ ਚੌਹਾਨ ਆਦਿ ਹਾਜ਼ਰ ਸਨ।
Punjab Post Daily Online Newspaper & Print Media