ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਸਲਿਮ ਫੈਡਰੇਸ਼ਨ ਆਫ ਅਮਰੀਕਾ ਦੇ ਮੈਂਬਰਾਂ ਦਾ ਵਫਦ ਨਤਮਸਤਕ ਹੋਣ ਲਈ ਪੁੱਜਾ।ਵਫਦ ਵਿਚ ਪ੍ਰਧਾਨ ਡਾ. ਏ.ਐਸ ਨਕਾਦਾ, ਮੈਂਬਰ ਡਾ. ਅਸਲਮ ਅਬਦੁੱਲਾ, ਡਾ. ਰਜੀਆ, ਸੀਰਜ ਠਾਕੋਰ, ਸ੍ਰੀ ਆਯੂਬ ਖਾਨ, ਸ੍ਰੀ ਖੁਤਬਉਦੀਨ, ਡਾ. ਇਕਬਾਲ ਅਹਿਮਦ ਸ਼ਾਮਲ ਸਨ।ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ-ਦੀਦਾਰੇ ਕੀਤੇ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਵਫਦ ਦੇ ਮੈਂਬਰਾਂ ਨੇ ਸਮੁੱਚੀ ਸਿੱਖ ਕੌਮ ਵੱਲੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ, ਥਾਵਾਂ `ਤੇ ਕੀਤੇ ਜਾ ਰਹੇ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਲਈ ਧੰਨਵਾਦ ਕੀਤਾ।
ਵਫਦ ਦੇ ਮੈਂਬਰਾਂ ਨੇ ਸਿੱਖ ਧਰਮ ਪ੍ਰਤੀ ਡੂੰਘੀ ਦਿਲਚਸਪੀ ਦਿਖਾਉਂਦਿਆਂ ਸਿੱਖੀ ਸਿਧਾਂਤਾਂ ਬਾਰੇ ਕਈ ਗੱਲਾਂ ਪੁੱਛੀਆਂ, ਜਿਨ੍ਹਾਂ ਬਾਰੇ ਡਾ. ਰੂਪ ਸਿੰਘ ਤੇ ਦਿਲਜੀਤ ਸਿੰਘ ਬੇਦੀ ਵੱਲੋਂ ਬੜੇ ਹੀ ਸਰਲ ਤੇ ਵਿਸਥਾਰਤ ਢੰਗ ਨਾਲ ਦੱਸਿਆ ਗਿਆ।ਮੁਸਲਿਮ ਵਫਦ ਦੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਵੱਲੋਂ ਵੱਖ-ਵੱਖ ਸਮੇਂ ਆਈਆਂ ਕੁਦਰਤੀ ਆਫਤਾਂ ਦੌਰਾਨ ਮਨੁੱਖਤਾ ਲਈ ਲੰਗਰ, ਦਵਾਈਆਂ ਆਦਿ ਦੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਵਿਚ ਸਿੱਖ ਕੌਮ ਲੋੜਵੰਦਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਜਿਵੇਂ ਸਿੱਖਾਂ ਨੇ ਸੀਰੀਆ ਦੇਸ਼ ਅਤੇ ਰੋਹਿੰਗਿਆਂ ਦੇ ਮੁਸਲਮਾਨ ਲੋਕਾਂ ਦੀ ਮਦਦ ਕੀਤੀ ਉਸ ਲਈ ਵੀ ਮੁਸਲਿਮ ਫੈਡਰੇਸ਼ਨ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਸਿੱਖਾਂ ਦੀ ਤਹਿ ਦਿਲੋਂ ਧੰਨਵਾਦ ਕਰਦੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿੱਟੇਵਡ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸਕੱਤਰ ਦਿਲਜੀਤ ਸਿੰਘ ‘ਬੇਦੀ’ ਵੱਲੋਂ ਮੁਸਲਿਮ ਵਫਦ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਾਈਟ ਕੋਟ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ …
Punjab Post Daily Online Newspaper & Print Media