Monday, February 2, 2026

ਸਰਵਪੱਖੀ ਵਿਕਾਸ ਪਿੰਡ ਦਾ

                   ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ।ਵੋਟਾਂ ਮੰਗਣ ਦਾ ਅਧਾਰ ਹੁੰਦਾ ਹੈ ਪਿੰਡ ਦਾ ਸਰਵਪੱਖੀ ਵਿਕਾਸ।ਸਰਵਪੱਖੀ ਵਿਕਾਸ ਦੀ ਡੁਗਡੁਗੀ ਵੋਟਾਂ ਪੈਣ ਵਾਲੇ ਦਿਨ ਤੱਕ ਵੱਜਦੀ ਰਹਿੰਦੀ ਹੈ।ਵੋਟਰਾਂ ਦੇ ਮਨ ਵਿੱਚ ਵੀ ਸਰਵਪੱਖੀ ਵਿਕਾਸ ਦੀ ਇੱਕ ਉਮੀਦ ਜਾਗਦੀ ਹੈ।ਉਹ ਸਰਵਪੱਖੀ ਵਿਕਾਸ ਜਿਸ ਦਾ ਵੋਟਰਾਂ ਨੇ ਕੇਵਲ ਨਾਂ ਹੀ ਸੁਣਿਆ ਹੈ, ਪਰ ਅਸਲ ਵਿਚ ਵੇਖਿਆ ਨਹੀ।ਆਮ ਤੌਰ ’ਤੇ ਵੇਖਣ ਵਿਚ ਆਇਆ ਹੈ ਕਿ ਸਰਵਪੱਖੀ ਵਿਕਾਸ ਦੇ ਨਾਂਅ ’ਤੇ ਪਿੰਡ ਦੀਆਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਗਲੀਆਂ ਨਾਲੀਆਂ ਨੂੰ ਤੁੜਵਾ ਕੇ ਦੁਬਾਰਾ ਬਣਾ ਦਿੱਤਾ ਜਾਂਦਾ ਹੈ, ਜਾਂ ਫਿਰ ਇੱਕ ਗਲੀ ਵਿੱਚੋਂ ਇੱਟਾਂ ਪੁਟਵਾ ਕੇ ਦੂਸਰੀ ਗਲੀ ਵਿਚ ਲਗਵਾ ਕੇ ਖਰਚਾ ਪਾ ਦਿੱਤਾ ਜਾਂਦਾ ਹੈ।
                  ਜਿਆਦਾਤਰ ਵੇਖਣ ਵਿਚ ਆਇਆ ਹੈ ਕਿ ਪਿੰਡ ਵਿਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲਾ ਉਮੀਦਵਾਰ ਇਸ ਕਾਬਲ ਹੀ ਨਹੀਂ ਹੁੰਦਾ ਕਿ ਉਹ ਸਰਪੰਚ ਜਾਂ ਮੈਂਬਰ ਪੰਚਾਇਤ ਬਣ ਸਕੇ।ਬਹੁਤੇ ਉਮੀਦਵਾਰਾਂ ਦੇ ਪਿੱਛੇ ਤਾਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹੱਥ ਹੁੰਦਾ ਹੈ।ਇਹ ਸਿਆਸੀ ਪਾਰਟੀਆਂ ਆਪਣੀ ਮਰਜ਼ੀ ਮੁਤਾਬਿਕ ਸਰਪੰਚ ਅਤੇ ਪੰਚ ਬਣਾਉਦੀਆਂ ਹਨ।ਜੇਕਰ ਕੋਈ ਯੋਗ ਵਿਅਕਤੀ ਚੋਣ ਲੜਨਾ ਵੀ ਚਾਹੇ ਤਾਂ ਉਹ ਜਿੱਤ ਪ੍ਰਾਪਤ ਨਹੀਂ ਕਰ ਸਕਦਾ।ਕਈ ਵਾਰ ਅਜਿਹੇ ਯੋਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਿਆਸੀ ਦਬਾਅ ਦੇ ਚੱਲਦਿਆਂ ਰੱਦ ਕਰਵਾ ਦਿੱਤੇ ਜਾਂਦੇ ਹਨ। ਇਨ੍ਹਾਂ ਸਿਆਸੀ ਆਗੂਆਂ ਜਾਂ ਪਿੰਡ ਦੇ ਚੰਦ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਅਕਤੀ ਅਸਲ ਵਿਚ ਉਨ੍ਹਾਂ ਦੇ ਹੱਥਾਂ ਦੀ ਕਠਪੁੱਤਲੀ ਮਾਤਰ ਹੁੰਦਾ ਹੈ ਅਤੇ ਉਹ ਉਸਨੂੰ ਆਪਣੇ ਅਨੁਸਾਰ ਨਚਾਉਂਦੇ ਹਨ।ਅਜਿਹੇ ਵਿਚ ਸਰਵਪੱਖੀ ਵਿਕਾਸ ਦੀ ਗੱਲ ਕਰਨਾ ਤਾਂ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ, ਪਰ ਇਸ ਸਭ ਲਈ ਜਿੰਮੇਵਾਰ ਤਾਂ ਅਸੀਂ ਲੋਕ ਹੀ ਹਾਂ ਕਿਉਂਕਿ ਪਿੰਡ ਦਾ ਸਰਪੰਚ ਜਾਂ ਪੰਚ ਚੁਣਿਆਂ ਤਾਂ ਸਾਡੀਆਂ ਹੀ ਵੋਟਾਂ ਦੁਆਰਾ ਜਾਂਦਾ ਹੈ।
                   ਬੇਸ਼ੱਕ ਅੱਜ ਦੇ ਵੋਟਰ ਕਾਫੀ ਸੂਝਵਾਨ ਹੋ ਗਏ ਹਨ ਅਤੇ ਉਹ ਆਪਣੇ ਹੱਕਾਂ ਪ੍ਰਤੀ ਕਾਫੀ ਸੁਚੇਤ ਹੋ ਚੁੁੱਕੇ ਹਨ, ਪਰ ਇਸ ਦੇ ਬਾਵਜੂਦ ਕੁਝ ਵੋਟਰ ਚੰਦ ਰੁਪਿਆ ਦੀ ਖਾਤਿਰ ਆਪਣੀ ਵੋਟ ਗਲਤ ਉਮੀਦਵਾਰ ਨੂੰ ਵੇਚ ਦਿੰਦੇ ਹਨ। ਇਹ ਲਾਲਚ ਸਿਰਫ ਰੁਪਿਆਂ ਤੱਕ ਸੀਮਿਤ ਨਹੀਂ, ਚੋਣ ਮੈਦਾਨ ਵਿਚ ਖੜ੍ਹੇ ਉਮੀਦਵਾਰ ਚੋਣਾਂ ਦੇ ਦਿਨਾਂ ਵਿਚ ਵੋਟਰਾਂ ਨੂੰ ਸ਼ਰਾਬ ਅਤੇ ਕਈ ਹੋਰ ਪ੍ਰਕਾਰ ਦੇ ਨਸ਼ਿਆਂ ਦਾ ਲਾਲਚ ਵੀ ਦਿੰਦੇ ਹਨ ਅਤੇ ਇਹੀ ਨਸ਼ੇ ਕਈ ਵਾਰ ਵੋਟਰਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ।ਕਈ ਪਿੰਡਾਂ ਵਿਚ ਤਾਂ ਔਰਤ ਵਰਗ ਦੀਆਂ ਵੋਟਾਂ ਖਰੀਦਣ ਲਈ ਉਹਨਾਂ ਨੂੰ ਉਪਹਾਰ ਅਤੇ ਕੱਪੜੇ ਆਦਿ ਵੀ ਵੰਡੇ ਜਾਂਦੇ ਹਨ।ਇਸ ਤਰ੍ਹਾਂ ਉਮੀਦਵਾਰ ਵੋਟਾਂ ਹਥਿਆਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤਦੇ ਹਨ। ਇਹ ਨਿੱਕੇ-ਨਿੱਕੇ ਨਿੱਜੀ ਲਾਲਚ ਸਾਨੂੰ ਅਤੇ ਸਾਡੇ ਪਿੰਡਾਂ ਨੂੰ ਵਿਕਾਸ ਦੀ ਰਾਹ ਤੋਂ ਕਿਤੇ ਦੂਰ ਲੈ ਜਾਂਦੇ ਹਨ ਤੇ ਫਿਰ ਅਸੀਂ ਪੂਰੇ ਪੰਜ ਸਾਲ ਅੱਡੀਆਂ ਚੁੱਕ-ਚੁੱਕ ਤੇ ਸਰਵਪੱਖੀ ਵਿਕਾਸ ਦੀ ਉਡੀਕ ਕਰਦੇ ਰਹਿੰਦੇ ਹਾਂ।

Kanwal Dhillon

 

 

 

 

 

 
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
ਮੋ- 9478793231
 

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply