Friday, April 24, 2026

ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ

PUNJ0201201917ਭੀਖੀ\ਮਾਨਸਾ, 2 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ।ਜਿਸ ਵਿਚ ਫੈਸਲਾ ਕੀਤਾ ਗਿਆ ਕਿ 22 ਜਨਵਰੀ ਨੂੰ ਖੁਦਕਸ਼ੀਆਂ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਮੋਰਚਾ ਲਾਇਆ ਜਾਵੇਗਾ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਯੂਨੀਵਰਸਿਟੀ ਵਲੋਂ ਜਾਰੀ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਲਿਸਟ ਵਿਚ ਆਏ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਵਿਚ ਟਾਲ ਮਟੋਲ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਤੋਂ ਵਾਂਝੇ ਰੱਖਣ ਲਈ ਬੇਲੋੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਜਥੇਬੰਦੀ ਵਲੋਂ ਪਹਿਲਾਂ ਵੀ 26 ਨਵੰਬਰ ਨੂੰ ਇਸ ਸੰਬੰਧੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
        ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ 22 ਜਨਵਰੀ ਵਾਲਾ ਮੋਰਚਾ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ, ਪੰਜ ਏਕੜ ਤੱਕ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ  ਪੰਜਾਬ ਸਰਕਾਰ ਵਲੋਂ ਐਲਾਨ ਕੀਤੀ ਕਰਜ਼ਾ ਮੁਆਫ਼ੀ ਸਕੀਮ ਨੂੰ ਲਾਗੂ ਕਰਵਾਉਣਾ, ਕਿਸਾਨਾਂ ਦੀਆਂ ਫਸਲਾਂ ਦੇ ਲਾਹੇਵੰਦ ਭਾਅ, ਕਰਜ਼ਾ ਮੁਕਤੀ ਮੋਰਚਾ ਦੇ ਸ਼ਹੀਦ ਕਿਸਾਨ ਆਗੂ ਭੂਰਾ ਸਿੰਘ ਮਾਨ ਦੇ ਪਰਿਵਾਰ ਦੀ ਕਰਜ਼ਾ ਮੁਆਫ਼ੀ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਅਤੇ ਅਵਾਰਾ ਪਸ਼ੂਆਂ ਦਾ ਹੱਲ ਕਰਨ ਲਈ ਦਿੱਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਟਕਾ ਸਾਹਿਬ ਦੀ ਸੌਂਹ ਖ਼ਾਕੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਪੰਜਾਬ ਦੀ ਕਾਂਗਰਸ ਦੀ ਕੈਪਟਨ ਸਰਕਾਰ ਜਿਥੇ ਆਪਣੇ ਸਮੁੱਚਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਤੋਂ ਭੱਜ ਗਈ ਹੈ, ਉਥੇ ਆਪਣੀ 5 ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ ਮੁਆਫ਼ੀ ਦੀ ਸਕੀਮ ਤੋਂ ਵੀ ਹੱਥ ਪਿੱਛੇ ਖਿੱਚ ਰਹੀ ਹੈ, ਜਿਸ ਖਿਲਾਫ਼ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਕਰਨ ਦੀ ਰੂਪ ਰੇਖਾ ਉਲੀਕੀ ਗਈ ਹੈ।
             ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਬੱਲੀ ਤੇ ਜਿਲਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਪਹਿਲਾਂ ਜਥੇਬੰਦੀ ਵਲੋਂ 26 ਦਸੰਬਰ ਨੂੰ ਉਕਤ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਸੀ।ਪਰ ਪੰਚਾਇਤੀ ਦਾ ਐਲਾਨ ਹੋਣ ਕਰਕੇ ਇਕ ਵਾਰੀ ਧਰਨਾ ਮੁਲਤਵੀ ਕਰ ਦਿੱੱਤਾ ਗਿਆ ਸੀ, ਪਰ ਹੁਣ ਜਥੇਬੰਦੀ ਵਲੋਂ ਖੁਦਕਸ਼ੀ ਪੀੜਤ ਪਰਿਵਾਰਾਂ ਦੀ ਮੁਅਵਜ਼ੇ ਲਈ ਜਾਰੀ ਲਿਸਟ ਨੂੰ ਲਾਗੂ ਕਰਵਾਉਣ ਲਈ ਮਾਲਵਾ ਜੋਨ ਦਾ ਇਹ ਮੋਰਚਾ ਲਗਾਇਆ ਜਾ ਰਿਹਾ ਹੈ।
 ਮੀਟਿੰਗ ਵਿਚ ਕਾਮਰੇਡ ਰਾਜਵਿੰਦਰ ਰਾਣ, ਨਛੱਤਰ ਸਿੰਘ ਖੀਵਾ, ਫਰੀਦਕੋਟ ਦੇ ਪ੍ਰਧਾਨ ਬਲਰਾਜ ਸਿੰਘ ਗੁਰੂਸਰ, ਸੁਖਮੰਦਰ ਸਿੰਘ ਬਰਗਾੜੀ, ਬਠਿੰਡਾ ਦੇ ਪ੍ਰਧਾਨ ਗੁਰਜੰਟ ਸਿੰਘ ਵਾਲਿਆਂਵਾਲੀ, ਬੂਟਾ ਸਿੰਘ ਰੰਧਾਵਾ, ਸੰਗਰੂਰ ਦਾ ਪ੍ਰਧਾਨ ਸਵਰਨ ਸਿੰਘ ਨਵਾਂ ਗਾਉਂ, ਸੁਖਦੇਵ ਸਿੰਘ ਲੇਹਲ ਕਲਾਂ, ਬੀਰਬੱਲ ਸਿੰਘ, ਊਧਮ ਸਿੰਘ ਸੰਤੋਖਪੁਰਾ, ਮਾਨਸਾ ਤੋਂ ਕਰਨੈਲ ਸਿੰਘ ਮਾਨਸਾ, ਸਵਰਨ ਸਿੰਘ ਬੋੜਾਵਾਲ, ਇਕਬਾਲ ਸਿੰਘ ਫਫੜੇ, ਸੁਰਜੀਤ ਸਿੰਘ ਕੋਟ ਧਰਮੂ, ਪੰਜਾਬ ਸਿੰਘ ਅਕਲੀਆ ਤਲਵੰਡੀ, ਹਰਜਿੰਦਰ ਸਿੰਘ ਮਾਨਸ਼ਾਹੀਆ, ਬਰਨਾਲਾ ਤੋਂ ਜਰਨੈਲ ਸਿੰਘ ਭਦੌੜ, ਰਾਜ ਸਿੰਘ ਸੰਧੂ ਕਲਾਂ,  ਬਲਦੇਵ ਸਿੰਘ ਗਿਆਨਾ ਆਦਿ ਆਗੂ ਹਾਜਰ ਸਨ।
 

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply