ਲੂੰਬਾ ਕੰਪਨੀ ਵਲੋਂ ਰੁਜ਼ਗਾਰ ਮੇਲੇ ਦੌਰਾਨ ਕੀਤੀ ਨੌਕਰੀ ਲਈ ਚੋਣ
ਭੀਖੀ\ਮਾਨਸਾ, 2 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਸਕੀਮ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਉਦੇਸ਼ ਤਹਿਤ ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਕਾਰੋਬਾਰੀ ਬਿਊਰੋ ਦਫ਼ਤਰ ਮਾਨਸਾ ਦੀ ਇਮਾਰਤ ਵਿਖੇ 31 ਦਸੰਬਰ 2018 ਨੂੰ ਰੁਜ਼ਗਾਰ ਮੇਲਾ ਲਗਾਇਆ ਗਿਆ।ਇਸ ਮੇਲੇ ਵਿੱਚ ਲੂੰਬਾ ਕੰਪਨੀ ਵਲੋਂ ਨੌਕਰੀ ਲਈ 8 ਲੜਕੀਆਂ ਦੀ ਚੋਣ ਕੀਤੀ ਗਈ।ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵਲੋਂ ਅੱਜ ਨਵੇਂ ਸਾਲ ਮੌਕੇ ਨਿਯੁੱਕਤੀ ਪੱਤਰ ਸੌਂਪੇ ਗਏ।ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਤਹਿਤ ਰੁਜ਼ਗਾਰ ਮੇਲੇ ਲਗਾ ਕੇ ਬੇਰੁਜ਼ਗਾਰਾਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਰੁਜ਼ਗਾਰ ਸਕੀਮ ਤਹਿਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਅੱਗੇ ਤੋਂ ਵੀ ਅਜਿਹੇ ਮੇਲੇ ਲਗਾਏ ਜਾਣਗੇ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਲਗਾਏ ਗਏ ਇਸ ਰੋਜ਼ਗਾਰ ਮੇਲੇ `ਚ ਕਟਿੰਗ ਅਤੇ ਟੇਲਰਿੰਗ ਦੀ ਆਈ.ਟੀ.ਆਈ ਕਰਨ ਵਾਲੀਆਂ 20 ਲੜਕੀਆਂ ਪੁੱਜੀਆਂ ਸਨ। ਜਿੰਨਾਂ ਵਿਚੋਂ ਲੂੰਬਾ ਫਾਊਂਡੇਸ਼ਨ ਵਲੋਂ ਇਨ੍ਹਾਂ ਵਿਚੋਂ 8 ਲੜਕੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਅੱਜ ਡਿਪਟੀ ਕਮਿਸ਼ਨਰ ਵਲੋਂ ਨਿਯੁੱਕਤੀ ਪੱਤਰ ਸੌਂਪੇ ਗਏ।
ਉਨ੍ਹਾਂ ਦੱਸਿਆ ਕਿ ਇਹ ਲੜਕੀਆਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਧਵਾ ਔਰਤਾਂ ਲਈ ਖੋਲ੍ਹੇ ਗਏ ਕਟਿੰਗ ਅਤੇ ਟੇਲਰਿੰਗ ਸੈਂਟਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਟ੍ਰੇਨਿੰਗ ਦੇਣਗੀਆਂ, ਤਾਂ ਜੋ ਉਨ੍ਹਾਂ ਔਰਤਾਂ ਨੂੰ ਆਤਮ-ਨਿਰਭਰ ਬਣਾਇਆ ਜਾ ਸਕੇ।
Punjab Post Daily Online Newspaper & Print Media