50 ਨਵ-ਜੰਮੀਆਂ ਧੀਆਂ ਨੂੰ ਕੀਤਾ ਸਨਮਾਨਿਤ
ਮਾਨਸਾ/ ਭੀਖੀ, 12 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਅੱਜ ਦੇ ਯੁੱਗ ਵਿੱਚ ਕੁੜੀਆਂ ਕਿਸੇ ਵੀ ਪਾਸੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅਤੇ ਹਰ ਖੇਤਰ ਵਿੱਚ
ਚਾਹੇ ਉਹ ਖੇਡਾਂ, ਪੜਾਈ, ਵਿਗਿਆਨ ਜਾਂ ਸਮਾਜ ਨੂੰ ਉੱਚਾ ਚੁੱਕਣ ਨਾਲ ਸਬੰਧਤ ਹੋਵੇ ਆਪਣਾ ਮੋਹਰੀ ਰੋਲ ਅਦਾ ਕਰ ਰਹੀਆਂ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਆਈ.ਏ.ਐਸ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਆਯੋਜਿਤ ਪ੍ਰੋਗਰਾਮ `ਲੋਹੜੀ ਧੀਆਂ ਦੀ` ਮੌਕੇ ਕੀਤਾ।ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵਲੋਂ 50 ਨਵ-ਜੰਮੀਆਂ ਧੀਆਂ ਨੂੰ ਸਰਟੀਫਿਕੇਟ ਅਤੇ ਕੰਬਲ ਦੇ ਕੇ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਹੜੀ ਖੁਸ਼ੀਆਂ ਅਤੇ ਖੇੜਿਆਂ ਦਾ ਤਿਓਹਾਰ ਹੈ, ਜਿਸ ਨੂੰ ਸਮਾਜ ਦਾ ਹਰੇਕ ਵਰਗ ਮਿਲ-ਜੁਲ ਕੇ ਮਨਾਉਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਦੀ ਸੋਚ ਕਾਫ਼ੀ ਬਦਲ ਗਈ ਹੈ, ਹੁਣ ਲੋਕ ਮੁੰਡਿਆਂ ਨਾਲੋਂ ਵੱਧ ਕੁੜੀਆਂ ਦੇ ਤਿਓਹਾਰ ਮਨਾਉਂਦੇ ਹਨ ਅਤੇ ਧੀਅ ਜੰਮਣ `ਤੇ ਖੁਸ਼ੀ ਦੇ ਲੱਡੂ ਵੰਡਦੇ ਹਨ।ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਵਿਚ ਔਰਤ ਦਾ ਸਨਮਾਨ ਨਹੀਂ ਹੁੰਦਾ, ਉਥੋਂ ਖੁਸ਼ਹਾਲੀ ਕੋਹਾਂ ਦੂਰ ਭੱਜਦੀ ਹੈ।ਉਨ੍ਹਾਂ ਕਿਹਾ ਕਿ ਲੜਕੀਆਂ ਬਗੈਰ ਸਮਾਜ ਦੀ ਹੋਂਦ ਵੀ ਸੰਭਵ ਨਹੀਂ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੁੜੀਆਂ ਨੂੰ ਉਚ ਸ਼ਿਕਸ਼ਾ, ਗੁਣ ਅਤੇ ਸੰਸਕਾਰਾਂ ਨਾਲ ਸਜਾਉਣ, ਤਾਂ ਜੋ ਉਹ ਆਪਣੇ ਪਰਿਵਾਰ, ਜ਼ਿਲ੍ਹੇ , ਸੂਬੇ ਅਤੇ ਦੇਸ਼ ਦਾ ਨਾਮ ਦੁਨੀਆਂ ਦੇ ਨਕਸ਼ੇ `ਤੇ ਚਮਕਾਉਣ।ਉਥੇ ਮੌਜੂਦ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਪ੍ਰਗਟਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਕੁਮਾਰ ਤ੍ਰਿਪਾਠੀ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਸਵੱਛ ਭਾਰਤ ਪ੍ਰੇਰਕ ਆਦਿਤਯ ਮਦਾਨ, ਡਾ. ਅਜੇ ਤਾਇਲ, ਭੂਸ਼ਣ ਸਿੰਗਲਾ, ਪਰਮਾਤਮਦੀਪ ਸਿੰਘ, ਸੁਨੀਤਾ ਰਾਣੀ, ਰਾਹੁਲ ਮੋਦਗਿੱਲ ਤੋਂ ਇਲਾਵਾ ਬਲਾਕ ਭੀਖੀ ਅਤੇ ਮਾਨਸਾ ਦੇ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media