ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਪਠਾਨਕੋਟ
ਵੱਲੋਂ ਕਿਸਾਨਾਂ ਨੂੰ ਖੇਤੀ ਜਿਨਸਾਂ ਦੀ ਪੈਦਾਵਾਰ ਦੇ ਨਾਲ ਨਾਲ ਮੰਡੀਕਰਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ 194 ਪਿੰਡਾਂ ਵਿੱਚੋਂ ਆਏ 200 ਤੋਂ ਵੱਧ ਕਿਸਾਨਾਂ ਦੀ ਮੀਟਿੰਗ ਵਿੱਚ ਪਠਾਨਕੋਟ ਨੌਜਵਾਨ ਕਿਸਾਨ ਕਲੱਬ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ।ਡਾ. ਹਰਿੰਦਰ ਸਿੰਘ ਖੇਤੀਬਾੜੀ ਅਫਸਰ,ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਪਿ੍ਰਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸੰਜੀਵ ਸ਼ਰਮਾ ਜਿਲਾ ਵਿਕਾਸ ਪ੍ਰਬੰਧਕ ਨਾਬਾਰਡ, ਮਨਪ੍ਰੀਤ ਸਿੰਘ ਪ੍ਰਧਾਨ ਪੀ.ਏ.ਯੂ ਕਿਸਾਨ ਕਲੱਬ ਲੁਧਿਆਣਾ, ਗੁਰਦਿੱਤ ਸਿੰਘ, ਸੁਭਾਸ਼ ਚੰਦਰ, ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਡਾ ਹਰਪ੍ਰੀਤ ਸਿੰਘ ਡਿਪਟੀ ਪੀ.ਡੀ ਆਤਮਾ, ਗੌਰਵ ਕੁਮਾਰ, ਮੋਹਨ ਸਿੰਘ ਚੱਕ ਨਾਰਾਇਣੀ, ਸੁਰਜੀਤ ਸਿੰਘ ਸਿੰਬਲੀ, ਸ਼੍ਰੀਮਤੀ ਰਿਤੂ ਸਿੰਘ, ਮੈਡਮ ਅਨੁਰਾਧਾ ਬਡਵਾਲ, ਸਤਵਿੰਦਰ ਸਿੰਘ, ਗੁਰਜੀਤ ਸਿੰਘ ਐਮਾਂਗੁਜਰਾਂ, ਧਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਮੀਟਿੰਗ ਤੋਂ ਬਾਅਦ ਕਲੱਬ ਦੇ ਅਹੱਦੇਦਾਰਾਂ ਅਤੇ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਜਿਸ ਤਹਿਤ ਗੌਰਵ ਕੁਮਾਰ ਪ੍ਰਧਾਨ, ਸਟਵਿੰਦਰ ਸਿੰਘ ਉਪ ਪ੍ਰਧਾਨ, ਧਰਮਿੰਦਰ ਸਿੰਘ ਜਨਰਲ ਸਕੱਤਰ, ਰੀਤੂ ਸਿੰਘ ਵਿੱਤ ਸਕੱਤਰ ਚੁਣੇ ਗਏ।ਇਸੇ ਤਰਾਂ ਗੁਰਜੀਤ ਸਿੰਘ, ਮੋਹਨ ਸਿੰਘ ਚੱਕਨਾਰਾਇਣੀ, ਮੁਖਤਾਰ ਸਿੰਘ ਖਦਾਵਰ, ਗੋਪਾਲ ਕ੍ਰਿਸ਼ਣ, ਭਾਰਤ ਭੂਸ਼ਣ ਚੱਕ ਚਿਮਨਾਂ, ਰਾਕੇਸ਼ ਕੁਮਾਰ ਨਮਾਲਾ ਅਤੇ ਪੂਰਨ ਚੰਦ ਤਾਜਪੁਰ ਨੂੰ ਐਗਜੈਕਟਿਵ ਦੇ ਮੈਂਬਰ ਨਾਮਜ਼ਦ ਕੀਤਾ ਗਿਆ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਕਿਸਾਨ ਕਲੱਬ ਦੇ ਗਠਨ ਕਰਨ ਦਾ ਮੁੱਖ ਮਕਸਦ ਕਿਸਾਨਾਂ ਨੁੰ ਫਸਲਾਂ ਦੀ ਪੈਦਾਵਾਰ, ਮੰਡੀਕਰਨ, ਖੇਤੀ ਸਹਾਇਕ ਕਿੱਤਿਆਂ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਖੇਤੀ ਵਿੱਚ ਆ ਰਹੇ ਬਦਲਾਅ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਤਕਨੀਕੀ ਅਤੇ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ।ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਦੇ ਕਿੱਤੇ ਨੂੰ ਵਿਗਿਆਨਕ ਲੀਹਾਂ ਤੇ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ ਕਿ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਦੇ ਨਾਲ ਨਾਲ ਮੰਡੀਕਰਨ ਦੇ ਸਿਧਾਤ ਵੀ ਪਹੂੰਚਾਏ ਜਾਣ ਤਾਂ ਜੋ ਉਹ ਆਰਥਿਕ ਤੌਰ `ਤੇ ਮਜ਼ਬੂਤ ਹੋ ਸਕਣ।
ਉਨਾਂ ਸਮੂਹ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਲੱਬ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਰਮਿਆਨ ਇੱਕ ਕੜੀ ਵਜੋਂ ਕੰਮ ਕਰੇਗੀ।ਉਨਾਂ ਕਿਹਾ ਕਿ ਜ਼ਿਲੇ ਪਠਾਨਕੋਟ ਵਿੱਚ ਫੌਜ ਦਾ ਹੈਡਕੁਆਟਰ ਹੋਣ ਕਾਰਨ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ।ਜਿਸ ਲਈ ਇਹ ਕਲੱਬ ਅਹਿਮ ਭੂਮਿਕਾ ਨਿਭਾਏਗੀ।ਉਨਾਂ ਕਿਸਾਨਾਂ ਅਤੇ ਖਪਤਕਾਰਾਂ ਦੀ ਮੰਗ `ਤੇ ਸਥਾਨਕ ਖੇਤੀਬਾੜੀ ਦਫਤਰ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸਾਨਾਂ ਦੀ ਹੱਟੀ ਖੋਲਣ ਲਈ ਲੋੜੀਂਦੀ ਜਗਾ ਦੇਣ ਦਾ ਐਲਾਨ ਵੀ ਕੀਤਾ ਤਾਂ ਜੋ ਆਮ ਖਪਤਕਾਰ ਕਿਸਾਨਾਂ ਦੁਆਰਾ ਪੈਦਾ ਕੀਤੀਆਂ ਜੈਵਿਕ ਖੇਤੀ ਜਿਨਸਾਂ ਨੂੰ ਵਾਜ਼ਬ ਭਾਅ ਤੇ ਖ੍ਰੀਦ ਕਰ ਸਕਣ।ਉਨਾਂ ਕਿਹਾ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਬਹੁਤ ਜ਼ਰੂਰੀ ਹੈ, ਕਿਉਂਕਿ ਖਪਤਕਾਰਾਂ ਨੂੰ ਖੇਤੀ ਉਤਪਾਦ ਮਹਿੰਗੇ ਮਿਲਦੇ ਹਨ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਵਾਜ਼ਬ ਭਾਅ ਨਹੀਂ ਮਿਲਦਾ, ਜਿਸ ਦਾ ਸਿੱਧਾ ਫਾਇਦਾ ਖੱਪਤਕਾਰ ਅਤੇ ਕਿਸਾਨ ਵਿਚਾਲੇ ਦੁਕਾਨਦਾਰ ਨੂੰ ਹੋ ਰਿਹਾ ਹੈ।ਮਨਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਡੀ ਖੇਤੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਇਕੱਲੇ ਕਿਸਾਨ ਲਈ ਖਰੀਦ ਕਰਨਾ ਸੌਖਾਲਾ ਕੰਮ ਨਹੀਂ, ਸੋ ਜੇਕਰ 10-15 ਛੋਟੇ ਕਿਸਾਨ ਸਮੂਹ ਬਨਾਉਣ ਉਪਰੰਤ ਖੇਤੀ ਕਰਦੇ ਹਨ ਤਾਂ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ।ਉਨਾਂ ਕਿਸਾਨ ਕਲੱਬ ਦੇ ਗਠਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਝੋਨਾ ਲਾਉਣ ਵਾਲੀ ਮਸ਼ੀਨ ਖ੍ਰੀਦਣਾ ਚਾਹੁੰਦਾ ਹੈ ਤਾਂ ਉਹ 20 ਜਨਵਰੀ ਤੱਕ ਬਿਨੈਪੱਤਰ ਸਥਾਨਕ ਖੇਤੀਬਾੜੀ ਦਫਤਰ ਵਿੱਚ ਦੇ ਸਕਦਾ ਹੈ।ਡਾ. ਅਮਰੀਕ ਸਿੰਘ ਨੇ ਮੰਚ ਦਾ ਸੰਚਾਲਣ ਕਰਦਿਆ ਕਿਹਾ ਕਿ ਇਹ ਕਲੱਬ ਨਿਰੋਲ ਗੈਰ ਰਾਜਨੀਤਿਕ ਸੰਗਠਨ ਹੋਵੇਗਾ ਜੋ ਕਿਸਾਨਾਂ ਦੀ ਭਲਾਈ ਲਈ ਕੰਮ ਕਰੇਗਾ।ਸੰਜੀਵ ਸ਼ਰਮਾ ਨੇ ਨਾਬਾਰਡ ਦੁਆਰਾ ਚਲਾਈਆ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਨਵੇਂ ਚੁਣੇ ਗਏ ਪ੍ਰਧਾਨ ਗੌਰਵ ਕੁਮਾਰ ਨੇ ਕਿਹਾ ਕਿ ਕਲੱਬ ਦੇ ਮੈਂਬਰਾਂ ਦੀ ਹਰੇਕ ਮਹੀਨੇ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਵੱਖ ਵਿਸ਼ਿਆਂ ਨਾਲ ਸੰਬੰਧਤ ਮਾਹਿਰਾਂ ਵਲੋਂ ਤਕਨੀਕੀ ਨੁਕਤੇ ਸਾਂਝੇ ਕੀਤੇ ਜਾਇਆ ਕਰਨਗੇ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media