ਕਿਹਾ ਬ੍ਰਹਮਪੁਰਾ ਨੇ ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਖਿਲਾਫ ਰਚੀ ਸਾਜ਼ਿਸ਼
ਤਰਨ ਤਾਰਨ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੰਸਦ ਮੈਂਬਰ ਰਣਜੀਤ ਸਿੰਘ
ਬ੍ਰਹਮਪੁਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਨੂੰ ਵੰਡਣ ਤੇ ਕਮਜੋਰ ਕਰਨ ਦੀ ਸਾਜਿਸ਼ ਰਚੀ ਅਤੇ ਹੁਣ ਅਕਾਲੀ ਦਲ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ ਹਨ।
ਉਨਾਂ ਕਿਹਾ ਕਿ ਬਾਦਲ ਸਾਹਬ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਬਾਵਜੂਦ ਉਸ ਨੇ ਪਾਰਟੀ ਹਿੱਤਾਂ ਦੇ ਉਲਟ ਕਾਂਗਰਸ ਦੇ ਹੱਥਾਂ ’ਚ ਖੇਡਣ ਨੂੰ ਪਹਿਲ ਦਿਤੀ।ਸੋ ਵਜ੍ਹਾ ਹੈ ਕਿ ਬਾਦਲ ਸਾਹਬ ਨੇ ਅਖੀਰ ਵਿੱਚ ਫ਼ੈਸਲਾ ਕੀਤਾ ਕਿ ਪਾਰਟੀ ਨੂੰ ਧੋਖਾ ਦੇਣ ਵਾਲੇ ਬ੍ਰਹਮਪੁਰਾ ਕੋਲ ਪਾਰਟੀ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।ਉਹਨਾਂ ਕਿਹਾ ਕਿ ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਇਸ ਲਈ ਬ੍ਰਹਮਪੁਰਾ ਤੇ ਸਾਥੀਆਂ ਨੂੰ ਪਾਰਟੀ ਵਿਚ ਮੁੜ ਨਹੀਂ ਲਿਆ ਜਾਵੇਗਾ।
ਹਲਕਾ ਖਡੂਰ ਸਾਹਿਬ ਵਿਖੇ ਅਕਾਲੀ ਦਲ ਦੀ ਵਰਕਰ ਮੀਟਿੰਗ ਦੌਰਾਨ ਉਹਨਾਂ ਵਰਕਰਾਂ ’ਚ ਭਾਰੀ ਜੋਸ਼ ਦੇਖਦਿਆਂ ਕਿਹਾ ਕਿ ਹਲਕੇ ਦੇ ਕਮੇਟੀ ਮੈਂਬਰਾਂ, ਸਰਕਲ ਪ੍ਰਧਾਨਾਂ, ਵੱਖ ਵੱਖ ਅਦਾਰਿਆਂ ਦੇ ਸਾਬਕਾ ਤੇ ਮੌਜੂਦਾ ਚੈਅਰਮੈਨਾਂ, ਪੰਚਾਂ ਸਰਪੰਚਾਂ ਅਤੇ 90 ਪ੍ਰਤੀਸ਼ਤ ਤੋਂ ਵਧੇਰੇ ਸਰਗਰਮ ਆਗੂ ਅਤੇ ਵਰਕਰਾਂ ਅੱਜ ਵੀ ਅਕਾਲੀ ਦਲ ਨਾਲ ਹਨ।ਬਾਦਲ ਨੇ ਕਿਹਾ ਕਿ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸਮੇਤ ਹੋਰ ਮੁੱਠੀ ਭਰ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਹਦਾਇਤਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕੀਤੀ, ਜਿਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਅਸਥਿਰ ਕਰਨਾ, ਵੰਡਣਾ ਅਤੇ ਕਮਜੋਰ ਕਰਨਾ ਸੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਪੰਜਾਬ ’ਚ ਕੋਈ ਮੁੱਖ ਮੰਤਰੀ ਅਤੇ ਸਰਕਾਰ ਨਹੀਂ ਹੈ।ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਧਕੇਸ਼ਾਹੀਂਆਂ ਝੂਠੇ ਪਰਚੇ ਦਰਜ ਹੋ ਰਹੇ ਹਨ। ਵਰਕਰਾਂ ਨੂੰ ਇਕ ਝੰਡੇ ਹੇਠ ਇਕੱਤਰ ਹੋਣ ਦਾ ਹੋਕਾ ਦਿੰਦਿਆਂ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਮੌਕਾਪ੍ਰਸਤ ਤੱਤਾਂ ਨੂੰ ਰੱਦ ਕੀਤਾ ਹੈ।ਉਨਾਂ ਕਿਹਾ ਕਿ ਪਾਰਟੀ ਵੱਡੀ ਹੈ ਅਤੇ ਵਿਅਕਤੀ ਪਾਰਟੀ ਬਿਨਾ ਸਿਫਰ ਹਨ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਾਰਟੀ ਨੂੰ ਕਮਜੋਰ ਕਰਨ ਵਾਲੇ ਅੱਜ ਤੱਕ ਬਿਆਸ ਨਹੀ ਟੱਪਿਆ।ਸੀਨੀਅਰ ਆਗੂ ਅਲਵਿੰਦਰ ਸਿੰਘ ਪਾਖੋਕੇ, ਗੁਰਬਚਨ ਸਿੰਘ ਕਰਮਵਲਾ ਜਨਰਲ ਸਕੱਤਰ ਸ੍ਰੋਮਣੀ ਕਮੇਟੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਈ ਮਨਜੀਤ ਸਿੰਘ, ਗੌਰਵ ਵਲਟੋਹਾ, ਰਮਨਦੀਪ ਭਾਰੋਵਾਲ, ਕੁਲਦੀਪ ਔਲਖ ਅਤੇ ਦਲਬੀਰ ਜਹਾਂਗੀਰ ਵੀ ਮੌਜੂਦ ਸਨ। ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨਾਲ ਹੱਥ ਮਿਲਾਏ ਤੇ ਉਨਾਂ ਦਾ ਹਾਲ ਚਾਲ ਵੀ ਪੁਛਿਆ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media