20 ਲੱਖ ਨਾਲ ਤਿਆਰ ਹੋਣ ਵਾਲੇ 2 ਕਮਰਿਆਂ ਤੇ ਇਕ ਲਾਇਬ੍ਰੇਰੀ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਈ ਭਾਗੋ ਸਕੀਮ ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸਰਕਾਰੀ ਸਕੂਲਾਂ ਦੀਆਂ
+1 ਅਤੇ +2 ਵਿਦਿਆਰਥਣਾਂ ਨੂੰ 3326 ਸਾਈਕਲ ਵੰਡੇ ਜਾਣਗੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਪੰਜਾਬ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਖੇ 256 ਸਾਈਕਲ ਵਿਦਿਆਰਥਣਾਂ ਨੂੰ ਵੰਡਣ ਸਮੇਂ ਕੀਤਾ।ਸੋਨੀ ਨੇ ਕਿਹਾ ਕਿ ਲੜਕੀਆਂ ਨੂੰ ਸਿਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਡਿਓ ਆਉਣਾ ਪੈਂਦਾ ਹੈ ਉਨ੍ਹਾਂ ਦੀ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਸਰਕਾਰ ਵੱਲਂੋ ਇਹ ਸਾਈਕਲ ਦਿੱਤੇ ਜਾ ਰਹੇ ਹਨ।ਉਨਾਂ ਨੇ ਲੜਕੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮੇਹਨਤ ਨਾਲ ਪੜ੍ਹਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ ਪੜ੍ਹੀਆਂ ਲਿਖੀਆਂ ਹੋਣ ਤਾਂ ਹੀ ਸਮਾਜ ਤਰੱਕੀ ਕਰ ਸਕਦਾ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿਖਿਆ ਪ੍ਰਦਾਨ ਕਰਨਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਸੋਨੀ ਨੇ ਦੱਸਿਆ ਕਿ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਹਫਤੇ ਵਿੱਚ ਦੋ ਦਿਨ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਅਤੇ ਪਾਈਆਂ ਜਾਣ ਵਾਲੀਆਂ ਨੂੰ ਕਮੀਆਂ ਨੂੰ ਤੁਰੰਤ ਦੂਰ ਕਰਨ।
ਸਿਖਿਆ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ 23 ਕਰੋੜ ਰੁਪੲੈ ਦੀ ਲਾਗਤ ਨਾਲ ਫਰਨੀਚਰ ਤਿਆਰ ਕਰਵਾ ਕੇ ਭੇਜਿਆ ਜਾ ਰਿਹਾ ਹੈ ਅਤੇ ਨਵੇਂ ਸੈਸ਼ਨ ਦੌਰਾਨ ਬੱਚਿਆਂ ਨੂੰ ਪਹਿਲਾਂ ਹੀ ਕਿਤਾਬਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।ਉਨ੍ਹਾਂ ਨੇ ਇਸ ਮੌਕੇ ਅਧਿਆਪਕਾਂ ਦੀ ਵੀ ਪ੍ਰਸੰਸਾ ਕੀਤੀ ਕਿ ਉਹ ਵਾਧੂ ਕਲਾਸਾਂ ਲਗਾ ਕੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਵਧੀਆ ਆਉਣਗੇ।
ਸੋਨੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂ ਕੋਟ ਵਿਖੇ ਨਬਾਰਡ ਸਕੀਮ ਤਹਿਤ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਕਮਰਿਆਂ ਅਤੇ ਇਕ ਲਾਇਬਰੇਰੀ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਅਗਲੇ ਸੈਸ਼ਨ ਦੌਰਾਨ ਇਸ ਸਕੂਲ ਵਿੱਚ ਕਾਮਰਸ ਅਤੇ ਸਾਇੰਸ ਦੀਆਂ ਕਲਾਸਾਂ ਵੀ ਲੱਗਣਗੀਆਂ। ਸਿਖਿਆ ਮੰਤਰੀ ਵੱਲੋਂ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਤਸੱਲੀ ਪ੍ਰਗਟਾਈ ਕਿ ਅਧਿਆਪਕਾਂ ਵੱਲਂੋ ਬੱਚਿਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਇਆ ਜਾ ਰਿਹਾ ਹੈ।ਸੋਨੀ ਵੱਲੋਂ ਖੇਡ ਵਿੱਚ ਨਾਮਣਾ ਖੱਟਣ ਵਾਲੀਆਂ ਲੜਕੀਆਂ ਦਾ ਸਨਮਾਨ ਵੀ ਕੀਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਲਕਸ਼ਮੀ ਦੇਵੀ ਵੱਲੋਂ ਮੁੱਖ ਮਹਿਮਾਨ ਨੂੰ `ਜੀ ਆਇਆ` ਕਿਹਾ ਤੇ ਸਨਮਾਨ ਵੀ ਕੀਤਾ।
ਇਸ ਮੌਕੇ ਯੂਨਿਸ ਕੁਮਾਰ ਡਿਪਟੀ ਮੇਅਰ, ਵਿਕਾਸ ਸੋਨੀ ਕੌਂਸਲਰ, ਸਰਬਜੀਤ ਸਿੰਘ ਲਾਟੀ, ਗੁਰਦੇਵ ਸਿੰਘ ਦਾਰਾ, ਸੁਰਿੰਦਰ ਛਿੰਦਾ, ਮਹੇਸ਼ ਖੰਨਾ ਕੌਂਸਲਰ, ਪਰਮਜੀਤ ਚੋਪੜਾ, ਪਰਮਜੀਤ ਬੱਤਰਾ, ਤਾਹਿਰ ਸ਼ਾਹ ਕੌਂਸਲਰ, ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ, ਸਤਪਾਲ ਕਾਲੇ ਸ਼ਾਹ, ਤਿਲਕ ਰਾਜ, ਸੁਭਾਸ਼ ਸਹਿਗਲ, ਡਾ: ਮਦਨ ਮੋਹਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਭਾਰਤੀ ਸੇਨਾ ਵਿੱਚ ਭਰਤੀ ਲਈ ਨੌਜਵਾਨਾਂ ਲਈ ਵੱਡਾ ਮੌਕਾ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …
Punjab Post Daily Online Newspaper & Print Media