ਖ਼ਾਲਸਾ ਕਾਲਜ ਦੀ ਇਮਾਰਤ ਦਾ ਡਿਜਾਇਨ ਤਿਆਰ ਕਰਨ ਵਾਲੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 5 ਸਤੰਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੱਜ ‘ਅਧਿਆਪਕ ਦਿਵਸ’ ਦੇ ਸਬੰਧ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ਵ ਪ੍ਰਸਿੱਧ ਮਹਾਨ ਸਖ਼ਸ਼ੀਅਤ ਤੇ ਖ਼ਾਲਸਾ ਕਾਲਜ ਵਰਗੀ ਆਲੀਸ਼ਾਨ ਇਮਾਰਤ ਦਾ ਡਿਜਾਇਨ ਤਿਆਰ ਕਰਨ ਵਾਲੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਭਾਈ ਰਾਮ ਸਿੰਘ ਦੀ ਪੋਤ-ਨੂੰਹ ਸ੍ਰੀਮਤੀ ਕਵਲਜੀਤ ਕੌਰ ਅਤੇ ਉਨ੍ਹਾਂ ਦੀਆਂ ਬੇਟੀਆਂ ਡਾ. ਸ਼ਾਇਨੀ ਅਤੇ ਨਵਪ੍ਰੀਤ ਕੌਰ ਸਮਾਗਮ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਜਿੱਥੇ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਪੂਰੇ ਦੇਸ਼ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਭਾਈ ਰਾਮ ਸਿੰਘ ਵਰਗੇ ਮਹਾਨ ਆਰਕੀਟੈਕਟ ਨੂੰ ਯਾਦ ਕਰਨਾ ਵੀ ਉਨਾਂ ਹੀ ਪਵਿੱਤਰ ਹੈ, ਕਿਉਂਕਿ ਭਾਈ ਰਾਮ ਸਿੰਘ ਨੇ ਖ਼ਾਲਸਾ ਕਾਲਜ ਵਰਗੀ ਇਤਿਹਾਸਕ ਵਿਲੱਖਣ ਵਿੱਦਿਅਕ ਇਮਾਰਤ ਦਾ ਡਿਜ਼ਾਈਨ ਤਿਆਰ ਕੀਤਾ ਸੀ।ਉਨ੍ਹਾਂ ਕਿਹਾ ਕਿ ਭਾਈ ਰਾਮ ਸਿੰਘ ਨੇ ਵਿਸ਼ਵ ਪ੍ਰਸਿੱਧੀ ਦੀਆਂ ਇਮਾਰਤਾਂ ਜਿਵੇ ਨਾਭਾ, ਪਟਿਆਲਾ, ਬਾਵਲਪੁਰ, ਜੰਮੂ ਤੇ ਕਸ਼ਮੀਰ, ਮੰਸੂਰੀ, ਚੀਫ਼ ਕਾਲਜ, ਲਾਹੌਰ ਮਿਊਜੀਪੰਜਾਬ ਯੂਨੀਵਰਸਿਟੀ, ਲਾਹੌਰ, ਸ਼ਿਮਲਾ ਗਵਰਨਰ ਹਾਊਸ, ਲਾਇਲਪੁਰ ਗਵਰਨਰ ਹਾਊਸ, ਐਗਰੀਕਲਚਰ ਕਾਲਜ, ਲਾਇਲਪੁਰ ਆਦਿ ਦੇ ਡਿਜ਼ਾਈਨ ਤਿਆਰ ਕੀਤੇ । ਅਧਿਆਪਕ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਵੱਲੋ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਦੇਸ਼ ਭਗਤੀ ਨਾਲ ਸਬੰਧਿਤ ਸਮੂੰਹ ਗਾਨ, ਗੀਤ, ਕੋਰੀਓਗ੍ਰਾਫੀ, ਸਕਿੱਟਾਂ ਅਤੇ ਡਾਂਸ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਕਾਲਜ ਨੇ ਆਪਣੇ ਨਾਮਵਰ ਵਿਦਿਆਰਥੀ ਜਿੰਨ੍ਹਾਂ ਨੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਆਪਣੀ ਉਤਮ ਅਧਿਆਪਕ ਸ਼ੈਲੀ ਕਰਕੇ ਨਾਮਣਾ ਖੱਟਿਆ ਹੈ, ਦਾ ਸਨਮਾਨ ਕੀਤਾ ਗਿਆ। ਡਾ. ਢਿੱਲੋਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਅਧਿਆਪਕਾਂ ਨੂੰ ਹਮੇਸ਼ਾਂ ਯਾਦ ਦਿਵਾਉਦਾ ਰਹੇਗਾ ਕਿ ਉਨ੍ਹਾਂ ਦੇ ਸਿਰ ਕੌਮ ਦਾ ਭਵਿੱਖ ਸੰਵਾਰਨ ਦੀ ਵੱਡੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੇ ਭਵਿੱਖ ਵਿੱਚ ਅਧਿਆਪਕ ਵਜੋਂ ਅਹਿਮ ਭੂਮਿਕਾ ਨਿਭਾਉਣੀ ਹੈ।ਇਸੇ ਤਰ੍ਹਾਂ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰ: ਡਾ. ਅਮਰਪਾਲ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਡਾ. ਦਵਿੰਦਰ ਕੌਰ ਸੰਧੂ, ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ ਦੀ ਅਗਵਾਈ ਅਧਿਆਪਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।