ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਵਿੱਤੀ ਪੈਕੇਜ ਅਤੇ ਪੰਜਾਬ ਸਿਰ ਚੜ੍ਹਿਆ ਕਰਜਾ ਮਾਫ ਨਾ ਕਰਨ ਸੰਬੰਧੀ ਲਿਖਿਆ ਪੱਤਰ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਨ ਜਾ ਰਿਹਾ ਹੈ। ਕਾਂਗਰਸ ਨੇ ਇਸ ਪੱਤਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ, ਉਥੇ ਇਹ ਵੀ ਸੁਝਾਅ ਦੇ ਦਿੱਤਾ ਹੈ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣ ਦੀ ਥਾਂ ਧਰਨੇ ਅਤੇ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਣ ਜਿਸ ਦੇ ਵਿੱਚ ਕਾਂਗਰਸ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰੇਗੀ।ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੇਂ ਸਮੇਂ ‘ਤੇ ਬੋਲੇ ਝੂਠਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਦਲ ਹਮੇਸ਼ਾਂ ਹੀ ਕੇਂਦਰ ਸਰਕਾਰ ‘ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ।ਇਸ ਝੂਠ ਦਾ ਪਰਦਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰ ਲਿਖ ਕੇ ਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਕਦੇ ਵੀ ਵਿਤਕਰਾ ਨਹੀਂ ਸੀ ਕੀਤਾ ਸਗੋਂ ਹਰ ਸਮੇਂ ਅੱਗੇ ਨਾਲੋਂ ਵੱਧ ਕੇ ਫੰਡ ਮੁਹੱਈਆ ਕਰਵਾਏ ਹਨ। ਇਸ ਗੱਲ ਦਾ ਖੁਲਾਸਾ ਅਰੁਣ ਜੇਤਲੀ ਨੇ ਆਪਣੇ ਪੱਤਰ ਵਿੱਚ ਕੀਤਾ ਹੈ ਅਤੇ ਨਾਲ ਹੀ ਇਹ ਕਿਹਾ ਹੈ ਕਿ ਪੰਜਾਬ ਦੇ ਸਿਰ ਚੜ੍ਹਿਆ ਕਰਜਾ ਵੀ ਐਨ.ਡੀ.ਏ. ਸਰਕਾਰ ਮਾਫ ਨਹੀਂ ਕਰ ਸਕਦੀ ਕਿਉਂਕਿ ਯੂ.ਪੀ.ਏ. ਸਰਕਾਰ ਪਹਿਲਾਂ ਹੀ 370 ਕਰੋੜ ਤੋਂ ਵੱਧ ਦਾ ਕਰਜਾ ਮਾਫ ਕਰ ਚੁੱਕੀ ਹੈ।ਉਨ੍ਹਾਂ ਨੇ ਜੇਤਲੀ ਦੇ ਉਸ ਸੁਝਾਅ ਦੀ ਸ਼ਲਾਘਾ ਕੀਤੀ ਕਿ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਪੈਕੇਜ ਦੀ ਮੰਗ ਕਰਨ ਦੀ ਥਾਂ ਆਪਣੀਆਂ ਵਿੱਤੀ ਨੀਤੀਆਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਔਜਲਾ ਨੇ ਪੰਜਾਬ ਨੂੰ ਵਿੱਤੀ ਪੈਕੇਜ ਦੀ ਹਮਾਇਤ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਲੀਹੋਂ ਲਾਹ ਦਿੱਤਾ ਹੈ ਇਸ ਕਰਕੇ ਵਿਸ਼ੇਸ਼ ਵਿੱਤੀ ਪੈਕੇਜ ਕੇਂਦਰ ਸਰਕਾਰ ਨੂੰ ਹਰ ਹਾਲਤ ਵਿੱਚ ਦੇਣਾ ਚਾਹੀਦਾ ਹੈ।
ਔਜਲਾ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ‘ਤੇ ਹਮੇਸ਼ਾ ਮਤਰੇਈ ਮਾਂ ਵਾਲਾ ਦੋਸ਼ ਲਾ ਕੇ ਐਨ.ਡੀ.ਏ. ਸਰਕਾਰ ਬਨਣ ‘ਤੇ ਪੰਜਾਬ ਲਈ ਖਜਾਨੇ ਦਾ ਮੂੰਹ ਖੋਲਣ ਦੀਆਂ ਗੱਲਾਂ ਕਰਨ ਵਾਲੇ ਹੁਣ ਦੱਸਣ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੌਣ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ੇ ਜਦੋਂ ਵੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਬਿਨਾ ਕਿਸੇ ਭੇਦਭਾਵ ਤੋਂ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਭਵਿੱਖ ਵਿੱਚ ਵੀ ਕੇਂਦਰ ਸਰਕਾਰ ਦੀ ਮਦਦ ਨਾਲ ਚਲਦੀਆਂ ਆ ਰਹੀਆਂ ਸਕੀਮਾਂ ਕਿਤੇ ਪੰਜਾਬ ਵਿੱਚ ਬੰਦ ਨਾ ਹੋ ਜਾਣ।ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ, ਹਰਜਿੰਦਰ ਸਿੰਘ ਸਾਂਘਣਾ ਅਤੇ ਸਤਪਾਲ ਸਿੰਘ ਹਾਜ਼ਰ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …