ਚੰਡੀਗੜ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਐਸੋਸੀਏਟਿਡ ਸਕੂਲਾਂ ਵਿੱਚ ਪੜਦੇ ਬੱਚਿਆਂ ਤੇ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ
ਸਰਕਾਰ ਨੇ ਇਨਾਂ ਸਕੂਲਾਂ ਲਈ ਮਾਨਤਾ ਮਾਪਦੰਡ ਪੂਰੇ ਕਰਨ ਲਈ ਇਕ ਸਾਲ ਦਾ ਸਮਾਂ ਵਧਾ ਦਿੱਤਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਕਿਹਾ ਕਿ ਐਸੋਸੀਏਟਿਡ ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਪਹਿਲਾਂ 31 ਮਾਰਚ 2019 ਤੱਕ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਬੱਚਿਆਂ ਤੇ ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ।ਉਨਾਂ ਕਿਹਾ ਕਿ ਹੁਣ ਇਨਾਂ ਸਕੂਲਾਂ ਨੂੰ ਮਾਨਤਾ ਮਾਪਦੰਡ ਪੂਰੇ ਕਰਨ ਲਈ ਸਮਾਂ ਇਕ ਸਾਲ ਵਧਾ ਕੇ 31 ਮਾਰਚ 2020 ਤੱਕ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਬਾਰੇ `ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜੇਸ਼ਨ` ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਓ.ਪੀ ਸੋਨੀ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ ਉਨਾਂ ਨਾਲ ਚਾਰ ਲੱਖ ਵਿਦਿਆਰਥੀ ਤੇ 50 ਹਜ਼ਾਰ ਅਧਿਆਪਕ ਜੁੜੇ ਹੋਏ ਹਨ, ਜਿਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨਾਂ ਸਕੂਲਾਂ ਨੂੰ ਮਾਨਤਾ ਦੇ ਮਾਪਦੰਡ ਪੂਰੇ ਕਰਨ ਲਈ ਹੋਰ ਸਮਾਂ ਦਿੱਤਾ ਜਾਵੇ।
ਸੋਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੀ ਮਿਆਰੀ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਨੇ ਰਾਜ ਦੇ ਤਿੰਨੇ ਸਮਾਰਟ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।ਉਨਾਂ ਕਿਹਾ ਕਿ ਇਸ ਮੰਤਵ ਲਈ ਤਿੰਨੇ ਜ਼ਿਲਿਆਂ ਦੇ ਜ਼ਿਲਾ ਸਿੱਖਿਆ ਅਫ਼ਸਰਾਂ (ਡੀ.ਈ.ਓ) ਨੂੰ 20 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।ਇਨਾਂ ਸਕੂਲਾਂ ਨੂੰ ਲੈਪਟਾਪ, ਮਲਟੀਮੀਡੀਆ, ਪ੍ਰਾਜੈਕਟਰ ਤੇ ਹਾਈ ਸਪੀਡ ਇੰਟਰਨੈਟ ਦੀ ਸਹੂਲਤ ਨਾਲ ਲੈਸ ਕੀਤਾ ਜਾਵੇਗਾ ਤਾਂ ਕਿ ਅਧਿਆਪਨ ਤੇ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਸੁਚਾਰੂ ਤੇ ਆਸਾਨ ਬਣਾਇਆ ਜਾਵੇ।ਇਸ ਤੋਂ ਇਲਾਵਾ ਅਗਲੇ ਵਿੱਦਿਅਕ ਵਰੇ ਵਿੱਚ ਰਾਜ ਭਰ ਦੇ ਹਰੇਕ ਹਲਕੇ ਵਿੱਚ 10-10 ਮਾਡਲ ਸਕੂਲ ਵੀ ਖੋਲੇ ਜਾਣਗੇ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media