ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ
ਦੌਰਾਨ ਦੱਸਿਆ ਹੈ ਕਿ ਉਹ ਕੈਨੇਡਾ ’ਚ ਜੂਨ ਦੇ ਅਖੀਰ ’ਚ ਕਰਵਾਈ ਜਾ ਰਹੀ ਪੰਜਵੀਂ ਤਿੰਨ ਰੋਜਾ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਪੰਜਾਬ ਆਏ ਹਨ। ਉਹਨਾਂ ਦੱਸਿਆ ਕਿ ਉਕਤ ਕਾਨਫਰੰਸ ਪ੍ਰਤੀ ਪੰਜਾਬੀ ਭਾਈਚਾਰੇ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ 2009 ਤੋਂ 2017 ਤੱਕ ਹੋ ਚੁੱਕੀਆਂ 4 ਵਿਸ਼ਵ ਪੰਜਾਬੀ ਕਾਨਫਰੰਸਾਂ ਨੇ ਅਮਿੱਟ ਪੈੜਾਂ ਛੱਡੀਆਂ ਹਨ ਅਤੇ ਹੁਣ ਇਸ ਵਾਰ ਇਹ ਕਾਨਫਰੰਸ 28, 29 ਅਤੇ 30 ਜੂਨ 2019 ਨੂੰ ਕੈਨੇਡਾ ਦੇ ਟਰੌਂਟੋ ਵਿਖੇ ਕਰਾਈ ਜਾ ਰਹੀ ਹੈ।ਉਨਾਂ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ’ਚ ਜਿਥੇ ਸਖਤ ਮਿਹਨਤ ਨਾਲ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ, ਉਥੇ ਹੀ ਉਹ ਨਵੀ ਪੀੜੀ ਵਲੋਂ ਉਥੋਂ ਦੀ ਮੁੱਖਧਾਰਾ ਨੂੰ ਪ੍ਰਵਾਨ ਕਰਦਿਆਂ ਆਪਣੀ ਬੋਲੀ ਅਤੇ ਸਭਿਆਚਾਰ ਤੋਂ ਕਿਨਾਰਾ ਕਰਨ ਦੀ ਫਿਤਰਤ ਤੋਂ ਵੀ ਕਾਫੀ ਚਿੰਤਿਤ ਹਨ।ਜਿਸ ਲਈ ਉਥੋਂ ਦੇ ਪੰਜਾਬੀ ਪਰਵਾਸੀ ਨਵੀਂ ਪੀੜੀ ਨੂੰ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ਨਾਲ ਜੋੜੀ ਰਖ ਸਕਣ ਪ੍ਰਤੀ ਹਮੇਸ਼ਾਂ ਹੀ ਹਰ ਮੁਮਕਿਨ ਕੋਸ਼ਿਸ਼ ’ਚ ਹਨ।ਚੱਠਾ ਨੇ ਨੌਜਵਾਨ ਪੀੜੀ ਨੂੰ ਉਹਨਾਂ ਦੇ ਅਮੀਰ ਤੇ ਗੌਰਵਮਈ ਇਤਿਹਾਸਕ ਵਿਰਾਸਤ ਤੋਂ ਜਾਣੂ ਕਰਵਾਉਣ ਦੀ ਲੋੜ ਨੂੰ ਪੂਰੀ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਦੱਸਿਆ ਕਿ ਉਹ ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਦੀ ਨਵੀਂ ਪੀੜੀ ਵਲੋਂ ਜਾਣੇ ਅਣਜਾਣੇ ਪੰਜਾਬੀ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਪੰਜਾਬੀ ਜੁਬਾਨ ਨੂੰ ਲਗ ਰਹੇ ਖੋਰੇ ਤੋਂ ਚਿੰਤਿਤ ਹਨ ਅਤੇ ਸੁਚੇਤ ਰੂਪ ’ਚ ਹੋਰਨਾਂ ਹਰਖਿਆਲੀਆਂ ਨਾਲ ਮਿਲ ਕੇ ਪੰਜਾਬੀਅਤ ਦੇ ਉਥਾਨ ਲਈ ਯਤਨਸ਼ੀਲ ਹਨ।ਪੰਜਾਬ ਫੇਰੀ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਜੂਨ ਦੇ ਅਖੀਰ ’ਚ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਉਹ ਇਥੋਂ ਦੇ ਵਿਦਵਾਨਾਂ ਤੇ ਸਾਹਿਤਕਾਰਾਂ ਨੂੰ ਪ੍ਰੇਰਿਤ ਕਰਨ ਆਏ ਹਨ।ਇਸ ਮਕਸਦ ਲਈ ਉਹ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ ਤੇ ਅੱਜ ਆਸਟਰੇਲੀਆ ਨੂੰ ਰਵਾਨਾ ਹੋ ਰਹੇ ਹਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media