31 ਮਾਰਚ ਤੱਕ ਜਾਰੀ ਰਹੇਗਾ ਰੰਗਮੰਚ ਉਤਸਵ
ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ -ਦੀਪ ਦਵਿੰਦਰ) – ਸਥਾਨਕ ਵਿਰਸਾ ਵਿਹਾਰ ਵਲੋਂ ਸ਼ੋ੍ਮਣੀ ਨਾਟਕਕਾਰ ਅਤੇ ਸੰਸਥਾ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ `ਚ 1 ਤੋਂ 31 ਮਾਰਚ ਤੱਕ ਲਗਾਤਾਰ ਨਾਟਕਾਂ ਦੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੰਗਮੰਚ ਉਤਸਵ ਨੂੰ ਅੰਮ੍ਰਿਤਸਰ ਦੇ ਵਿੱਛੜ ਚੁੱਕੇ ਰੰਗਕਰਮੀਆਂ ਗੁਰਦਿਆਲ ਸਿੰਘ ਫੁੱਲ, ਗੁਰਸ਼ਰਨ ਸਿੰਘ, ਹਰਭਜਨ ਜੱਬਲ, ਵਰੁਨਜੀਤ, ਵੇਦ ਸ਼ਰਮਾ, ਸੁਦਰਸ਼ਨ ਸ਼ਰਮਾ, ਸੁਖਦੇਵ ਪ੍ਰੀਤ, ਰਛਪਾਲ ਰੰਧਾਵਾ, ਵਿਨੋਦ ਮਹਿਰਾ, ਅਜੈ ਸ਼ਰਮਾ, ਕਿਸ਼ੋਰ ਸ਼ਰਮਾ, ਕਮਲੇਸ਼ ਨੰਦਾ, ਪਰਮਜੀਤ ਰਾਹੀ, ਰਜਿੰਦਰ ਨਾਗੀ ਅਤੇ ਐਸ.ਡੀ ਭਨੋਟ ਨੂੰ ਸਮਰਪਿਤ ਕੀਤਾ ਗਿਆ ਹੈ।
ਅੰਮ੍ਰਿਤਸਰ ਰੰਗਮੰਚ ਉਤਸਵ 2019 ਦਾ ਉਦਘਾਟਨ ਡਾ. ਕਰਨੈਲ ਸਿੰਘ ਨਿੱਝਰ, ਕੇਵਲ ਧਾਲੀਵਾਲ, ਜਤਿੰਦਰ ਸਿੰਘ ਬਰਾੜ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਡਾ. ਨਰੇਸ਼, ਹਰਦੀਪ ਗਿੱਲ, ਅਨੀਤਾ ਦੇਵਗਨ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਸ਼ਿਵਦੇਵ ਸਿੰਘ, ਡਾ. ਅਰਵਿੰਦਰ ਚਮਕ, ਡਾ. ਬਿਕਰਮਜੀਤ ਸਿੰਘ, ਡਾ. ਰਸ਼ਮੀ ਨੰਦਾ ਕੀਤਾ।ਰੰਗਮੰਚ ਉਤਸਵ ਦੇ ਪਹਿਲੇ ਦਿਨ ਵਿਸ਼ਵ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ ‘ਪ੍ਰੇਮ ਕਥਾ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੇਸ਼ ਕੀਤਾ ਗਿਆ।ਇਹ ਨਾਟਕ ਮੁਨਸ਼ੀ ਪ੍ਰੇਮ ਚੰਦ ਦੀਆ ਪੰਜ ਛੋਟੀਆਂ-ਛੋਟੀਆਂ ਕਹਾਣੀਆਂ ਨੂੰ ਨਾਟਕ ‘ਕਹਾਣੀਆਂ ਪ੍ਰੇਮ ਚੰਦ ਦੀਆਂ’ ਰਾਹੀਂ ਨਾਟਕੀ ਰੂਪ ਵਿਚ ਪੇਸ਼ ਕੀਤਾ ਗਿਆ।ਇਨ੍ਹਾਂ ਕਹਾਣੀਆਂ ਵਿਚ ‘ਹੋਲੀ ਦਾ ਤੋਹਫ਼ਾ’, ‘ਸ਼ਹੀਦ’, ‘ਗੁੱਲੀ-ਡੰਡਾ’, ‘ਇਹ ਮੇਰੀ ਮਾਤ-ਭੂਮੀ ਹੈ’, ਅਤੇ ‘ਦੋ ਬੈਲਾਂ ਦੀ ਕਥਾ’ ਸ਼ਾਮਿਲ ਹਨ।ਇਨ੍ਹਾਂ ਕਹਾਣੀਆਂ ਵਿੱਚ ਦੇਸ਼ ਪਿਆਰ, ਧਾਰਮਿਕ ਕੱਟੜਤਾ ਉਤੇ ਮਾਨਵਤਾ ਦੀ ਜਿੱਤ, ਰਿਸ਼ਤਿਆਂ ਤੋਂ ਉਪਰ ਉਠ ਕੇ, ਸਵਤੰਤਰਤਾ ਸੰਗਰਾਮ ਲਈ ਕੁਰਬਾਨੀ, ਵਿਦੇਸ਼ੀ ਚੀਜ਼ਾਂ ਦੀ ਮੁਖਾਲਫ਼ਤ ਅਤੇ ਜਾਨਵਰਾਂ ਅੰਦਰ ਇਨਸਾਨੀ ਰਿਸ਼ਤਿਆਂ ਦੀ ਪਹਿਚਾਣ, ਇਸ ਨਾਟਕ ਦਾ ਕੇਂਦਰ ਧੁਰਾ ਹਨ।ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਹਰ ਯੁੱਗ ਵਿਚ ਮਾਨਵਵਾਦੀ ਹਨ। ਇਹ ਕਹਾਣੀਆਂ ਸਾਨੂੰ ਆਪਣੇ ਦੇਸ਼ ਪ੍ਰਤੀ ਪਿਆਰ, ਇਨਸਾਨ ਦੀ ਕਦਰ ਕਰਨੀ, ਮਨੁੱਖ ਅੰਦਰਲੇ ਚੰਗੇ ਗੁਣਾਂ ਨੂੰ ਪਹਿਚਾਨਣ ਦੀ ਪ੍ਰੇਰਨਾ ਦਿੰਦੀਆਂ ਹਨ।
ਇਸ ਨਾਟਕ ਵਿਚ ਭਾਗ ਲੈਣ ਵਾਲੇ ਕਲਾਕਾਰ ਗੁਰਤੇਜ ਮਾਨ, ਡੌਲੀ ਸੱਡਲ, ਜਸਵੰਤ ਸਿੰਘ, ਸੁਖਵਿੰਦਰ ਵਿਰਕ, ਗੁਰਲੀਨ ਕੌਰ, ਜਤਿੰਦਰ ਸੋਨੂੰ, ਵਿਕਾਸ ਜੋਸ਼ੀ, ਮੋਹਿਤ ਕੁਮਾਰ, ਪਵੇਲ ਸੰਧੂ, ਵਿਸ਼ਾਲ ਕੁਮਾਰ ਅਤੇ ਵਿਜੈ ਕੁਮਾਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਤੇ ਨਾਟਕ ਦਰਸ਼ਕਾਂ ਅਤੇ ਨਾਟਕ ਪ੍ਰੇਮੀਆਂ ਵਿੱਚ ਅਮਿੱਟ ਸ਼ਾਪ ਛੱਡ ਗਿਆ।
Punjab Post Daily Online Newspaper & Print Media