Saturday, November 14, 2026

ਕੈਪਟਨ ਵੱਲੋਂ 198 ਕਰੋੜ ਦੀ ਲਾਗਤ ਨਾਲ ਪੀਣ ਲਈ ਨਹਿਰੀ ਪਾਣੀ ਤੇ ਸੀਵਰੇਜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

ਲੋਪੋਕੇ ਨੂੰ ਤਹਿਸੀਲ ਦਾ ਦਰਜਾ ਅਤੇ ਚੌਗਾਵਾਂ ਵਿਖੇ ਡਿਗਰੀ ਕਾਲਜ ਖੋਲਣ ਦਾ ਕੀਤਾ ਐਲਾਨ
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਕੀਤੇ ਆਪਣੇ ਵਾਅਦੇ ਨੂੰ ਸਰਅੰਜ਼ਾਮ ਦਿੰਦੇ ਮੁੱਖ ਮੰਤਰੀ PUNJ0403201911ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚਵਿੰਡਾ ਕਲਾਂ ਵਿਖੇ ਪੀਣ ਲਈ ਸਾਫ ਨਹਿਰੀ ਪਾਣੀ ਮੁਹੱਈਆ ਕਰਵਾਉਣ, ਸੀਵਰੇਜ ਪ੍ਰਣਾਲੀ ਤੇ ਪਾਣੀ ਟੈਸਟ ਲੈਬਾਰਟਰੀ ਕਾਇਮ ਕਰਨ ਵਾਸਤੇ 197.69 ਕਰੋੜ ਰੁਪਏ ਦੇ ਚਾਰ ਪ੍ਰਾਜੈਕਟਾਂ ਦੀ ਅੱਜ ਅੰਮਿ੍ਰਤਸਰ ਜਿਲ੍ਹੇ ਵਿਚ ਸ਼ੁਰੂਆਤ ਕੀਤੀ।ਉਨਾਂ ਇਸ ਮੌਕੇ ਲੋਪੋਕੇ ਸਬ ਤਹਿਸੀਲ ਨੂੰ ਅਪਗ੍ਰੇਡ ਕਰਕੇ ਤਹਿਸੀਲ ਦਾ ਦਰਜਾ ਦੇਣ ਅਤੇ ਚੌਗਾਵਾਂ ਵਿਖੇ ਨਵਾਂ ਡਿਗਰੀ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ।
   ਪੰਜਾਬ ਦੇ ਪਾਣੀ ਦੀ ਸਥਿਤੀ ਨੂੰ ਬੇਹੱਦ ਖਤਰਨਾਕ ਦੱਸਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਤੇ ਸੰਭਾਲਣ ਦਾ ਸੱਦਾ ਦਿੰਦੇ ਕਿਹਾ ਕਿ ਜਦੋਂ ਐਸ ਵਾਈ ਐਲ ਦਾ ਕੰਮ ਸ਼ੁਰੂ ਹੋਇਆ ਤਾਂ ਉਸ ਵੇਲੇ ਪੰਜਾਬ ਕੋਲ 17 ਐਮ ਏ ਐਫ ਪਾਣੀ ਸੀ, ਜੋ ਕਿ 30 ਸਾਲਾਂ ਵਿਚ 13 ਐਮ ਏ ਐਫ ਰਹਿ ਗਿਆ ਹੈ।ਉਨਾਂ ਕਿਹਾ ਕਿ ਗਰੀਨ ਹਾੳੂਸ ਗੈਸਾਂ ਦੇ ਪ੍ਰਭਾਵ, ਗਲੇਸ਼ੀਅਰਾਂ ਦੇ ਖੁਰਨ ਅਤੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਨਾਲ ਸਥਿਤੀ ਖਤਰਨਾਕ ਹੋ ਗਈ ਹੈ।ਉਨਾਂ ਦੱਸਿਆ ਕਿ ਭਾਖੜਾ ਦੇ ਨਿਰਮਾਣ ਵੇਲੇ ਰਾਜ ਵਿਚ ਕੇਵਲ 50 ਹਜ਼ਾਰ ਟਿੳੂਬਵੈਲ ਲੱਗਣ ਦਾ ਅਨੁਮਾਨ ਲਗਾਇਆ ਗਿਆ ਸੀ, ਜਦ ਕਿ ਇਸ ਵੇਲੇ ਰਾਜ ਵਿਚ 14 ਲੱਖ ਟਿੳੂਬਵੈਲ ਧਰਤੀ ਵਿਚੋਂ ਪਾਣੀ ਖਿੱਚ ਰਹੇ ਹਨ।
    PUNJ0403201913  ਉਨਾਂ ਕਿਹਾ ਕਿ ਅਸੀਂ ਰਾਜ ਦੇ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ, ਜੋ ਕਿ ਨਹਿਰੀ ਪਾਣੀ ਨੂੰ ਸਾਫ ਕਰਕੇ ਦਿੱਤਾ ਜਾਵੇਗਾ ਲਈ ਵੱਖ-ਵੱਖ ਵਿੱਤੀ ਸੰਸਥਾਵਾਂ, ਜਿਸ ਵਿਚ ਵਿਸ਼ਵ ਬੈਂਕ, ਨਾਬਾਰਡ, ਭਾਰਤ ਸਰਕਾਰ ਆਦਿ ਸ਼ਾਮਿਲ ਹਨ, ਤੋਂ ਮਦਦ ਲਵੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਨਹਿਰੀ ਪਾਣੀ ਨੂੰ ਸਾਫ ਕਰਕੇ ਚਾਰ ਬਲਾਕਾਂ ਦੇ 112 ਪਿੰਡ, ਜਿਸ ਵਿਚ ਕਰੀਬ ਡੇਢ ਲੱਖ ਲੋਕ ਰਹਿੰਦੇ ਹਨ, ਤੱਕ ਪੁੱਜਦਾ ਕਰਨ ਲਈ 154.15 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।ਉਨਾਂ ਦੱਸਿਆ ਕਿ ਵਿਸ਼ਵ ਬੈਂਕ ਦੀ ਵਿੱਤੀ ਤੇ ਤਕਨੀਕੀ ਸਹਾਇਤਾ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।
         ਉਨਾਂ ਇਸ ਮੌਕੇ ਨੀਤੀ ਆਯੋਗ ਪ੍ਰਾਜੈਕਟ ਤਹਿਤ ਪਾਣੀ ਵਿਚੋਂ ਆਰਸੈਨਿਕ ਕੱਢ ਕੇ ਅੰਮ੍ਰਿਤਸਰ, ਤਰਨਤਾਨਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਦੇ 102 ਪਿੰਡਾਂ ਪੀਣ ਲਈ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ 21.97 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ 60 ਪਲਾਟਾਂ ਦਾ ਉਦਘਾਟਨ ਵੀ ਕੀਤਾ।
ਮੁੱਖ ਮੰਤਰੀ ਨੇ ਪਾਣੀ ਵਿਚ ਮਿਲਣ ਵਾਲੇ ਭਾਰੀ ਤੱਤ ਆਰਸੈਨਿਕ, ਆਇਰਨ ਅਤੇ  ਕੀਟਨਾਸ਼ਕਾਂ ਦੀ ਜਾਂਚ ਲਈ ਅੰਮਿ੍ਰਤਸਰ ਵਿਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਣੀ ਟੈਸਟ ਲੈਬਾਰਟਰੀ ਦਾ ਨੀਂਹ ਪੱਥਰ ਵੀ ਰੱਖਿਆ।ਉਨਾਂ ਦੱਸਿਆ ਕਿ ਮੁਹਾਲੀ ਤੋਂ ਬਾਅਦ ਪੰਜਾਬ ਵਿਚ ਪਾਣੀ ਦੀ ਜਾਂਚ ਲਈ ‘ਹਾਈਟੈਕ ਮਲਟੀ ਡਿਸਟ੍ਰਿਕ ਵਾਟਰ ਟੈਸਟਿੰਗ’ ਦੀ ਇਹ ਦੂਸਰੀ ਲੈਬਾਰਟਰੀ ਅੰਮ੍ਰਿਤਸਰ ਵਿਚ ਬਣ ਰਹੀ ਹੈ, ਜਿਸ ਵਿਚ ਭਾਬਾ ਪ੍ਰਮਾਣੂ ਖੋਜ ਕੇਂਦਰ ਮੁੰਬਈ ਦੀ ਸਹਾਇਤਾ ਨਾਲ ਡਿਜ਼ਾਇਨ ਕੀਤੀ ਗਈ ਹੈ ਅਤੇ ਇਸ ਨਾਲ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਪਠਾਨਕੋਟ ਜਿਲ੍ਹਿਆਂ ਦੇ ਪਾਣੀ ਦੀ ਸਹੀ ਜਾਂਚ ਸੰਭਵ ਹੋ ਸਕੇਗੀ।
         ਉਨਾਂ ਇਸ ਮੌਕੇ ਜਲ ਸਪਲਾਈ ਅਤੇ ਸੀਵਰੇਜ ਸਕੀਮ ਬੁੱਢਾ ਥੇਹ, ਬਲਾਕ ਰਈਆ ਦੇ ਤਿੰਨ ਪਿੰਡਾਂ ਵਿਚ ਕੁੱਲ 15.57 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਤੇ ਸੀਵਰੇਜ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਨਾਬਾਰਡ ਦੀ ਸਹਾਇਤਾ ਨਾਲ ਇਸੇ ਸਾਲ ਹੀ ਪੂਰਾ ਕਰ ਲਿਆ ਜਾਵੇਗਾ।
     ਦੱਸਣਯੋਗ ਹੈ ਕਿ ਅੰਮ੍ਰਿਤਸਰ ਜਿਲ੍ਹੇ ਦੇ 883 ਪਿੰਡਾਂ ਵਿਚੋਂ 607 ਪਿੰਡਾਂ ਵਿਚ ਜਲ ਸਪਲਾਈ ਵਿਭਾਗ ਵੱਲੋਂ ਪੀਣ ਵਾਲਾ ਪਾਣੀ ਮਹੁੱਈਆ ਕਰਵਾਇਆ ਜਾ ਰਿਹਾ ਹੈ, ਪਰ ਪੰਜਾਬ ਦੇ ਜਿੰਨਾ 1188 ਪਿੰਡਾਂ ਵਿਚ ਆਰਸੈਨਿਕ ਮਿਲਿਆ ਹੈ, ਉਨਾਂ ਵਿਚੋਂ 333 ਪਿੰਡ ਇਕੱਲੇ ਅੰਮ੍ਰਿਤਸਰ ਜਿਲ੍ਹੇ ਦੇ ਹੀ ਹਨ।
    ਮੁੱਖ ਮੰਤਰੀ ਨੇ ਲੋਕਾਂ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਦੁਹਰਾਉਂਦੇ ਦੱਸਿਆ ਕਿ ਜਲ ਸਪਲਾਈ ਵਿਭਾਗ ਵੱਲੋਂ ਛੇਤੀ ਹੀ 385 ਕਰੋੜ ਰੁਪਏ ਦੀ ਲਾਗਤ ਨਾਲ 259 ਪਿੰਡ, ਜਿਸ ਵਿਚ ਢਾਈ ਲੱਖ ਦੇ ਕਰੀਬ ਆਬਾਦੀ ਹੈ, ਨੂੰ ਸਾਫ ਸੁਥਰਾ ਪਾਣੀ ਦੇਣ ਲਈ ਤਿੰਨ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਵਿਸ਼ਵ ਬੈਕ ਤੇ ਨਾਬਾਰਡ ਦੀ ਸਹਾਇਤਾ ਨਾਲ 10.87 ਕਰੋੜ ਰੁਪਏ ਦੀ ਲਾਗਤ ਨਾਲ 127 ਨਵੇਂ ਅਤੇ ਮੌਜੂਦਾ ਪਾਣੀ ਸਪਲਾਈ ਸਕੀਮਾਂ ਨੂੰ ਨਵੇਂ ਸਿਰੇ ਤੋਂ ਸੁਰਜੀਤ ਕੀਤਾ ਹੈ, ਜਿਸ ਨਾਲ 1.81 ਲੱਖ ਆਬਾਦੀ ਨੂੰ ਸਾਫ ਸੁਥਰਾ ਮਿਲ ਰਿਹਾ ਹੈ।
 ਸਮਾਗਮ ਨੂੰ ਸੰਬੋਧਨ ਕਰਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ 140 ਰੁਪਏ ਮਹੀਨਾ ਦਾ ਬਿਲ ਜਰੂਰੀ ਕੀਤਾ ਹੈ, ਤਾਂ ਕਿ ਲੋਕ ਪਾਣੀ ਨੂੰ ਮੁਫਤ ਸਮਝ ਕੇ ਫਾਲਤੂ ਨਾ ਗਵਾਉਣ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ।
       ਇਸ ਮੌਕੇ ਮਾਲ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇੰਨਾਂ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਹਲਕੇ ਦੀਆਂ ਜ਼ਰੂਰੀ ਮੰਗਾਂ, ਜਿਸ ਵਿਚ ਲੋਪੋਕੇ ਸਬ ਤਹਿਸੀਲ, ਚੌਗਾਵਾਂ ਵਿਖੇ ਡਿਗਰੀ ਕਾਲਜ ਤੇ ਸੜਕਾਂ ਦੀ ਮੁਰੰਮਤ ਆਦਿ ਸ਼ਾਮਿਲ ਸੀ, ਮੁੱਖ ਮੰਤਰੀ ਕੋਲ ਰੱਖੀਆਂ, ਜਿਸ ਨੂੰ ਉਨਾਂ ਤਰੁੰਤ ਸਵਿਕਾਰ ਕਰਨ ਦਾ ਐਲਾਨ ਕੀਤਾ।ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵੀ ਇਸ ਮੌਕੇ ਉਕਤ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ, ਵਿਧਾਇਕ ਤਰਸੇਮ ਸਿੰਘ ਡੀ.ਸੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ,  ਆਈ.ਜੀ ਐਸ ਪੀ.ਐਸ ਪਰਮਾਰ, ਦਿਹਾਤੀ ਕਾਂਗਰਸ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਐਸ.ਐਸ.ਪੀ ਪਰਮਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਦਿਲਰਾਜ ਸਿੰਘ ਸਰਕਾਰੀਆ ਆਦਿ ਹਾਜ਼ਰ ਸਨ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply