ਲੋਕ ਸਭਾ ਚੋਣਾਂ 2019 ਸਬੰਧੀ ਪਬਲੀਸ਼ਰਾਂ ਤੇ ਬੈਂਕਾਂ ਨੂੰ ਦਿੱਤੇ ਨਿਰਦੇਸ਼
ਅੰਮ੍ਰਿਤਸਰ, 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਅਗਾਮੀ ਲੋਕ ਸਭਾ ਚੋਣਾ 2019 ਦਾ ਐਲਾਨ ਕਿਸੇ ਵੀ ਸਮੇਂ ਸੰਭਵ ਹੈ।ਇਨ੍ਹਾਂ
ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਅੱਜ ਬੱਚਤ ਭਵਨ ਵਿਖੇ ਪਬਲੀਸ਼ਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਇਕ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਵਿਸ਼ੇਸ਼ ਸਾਰੰਗਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਿਤਿਸ਼ ਸਿੰਗਲਾ ਜਾਇੰਟ ਕਮਿਸ਼ਨਰ ਨਗਰ ਨਿਗਮ ਤੋਂ ਇਲਾਵਾ ਸਾਰੇ ਪ੍ਰਿਟਿੰਗ ਪ੍ਰੈਸਾਂ ਦੇ ਪਬਲੀਸ਼ਰਜ਼ ਅਤੇ ਬੈਂਕ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਚੋਣ ਅਫਸਰ ਨੇ ਪਬਲੀਸ਼ਰਜ਼ ਨੂੰ ਹਦਾਇਤ ਕੀਤੀ ਕਿ ਚੋਣਾਂ ਦੋਰਾਨ ਉਨ੍ਹਾਂ ਵੱਲੋਂ ਚੋਣਾਂ ਨਾਲ ਸਬੰਧਤ ਕੋਈ ਵੀ ਮਟੀਰੀਅਲ ਜਿਵੇਂ ਪੋਸਟਰ, ਪੈਂਫਲਟ ਆਦਿ ਪ੍ਰਿੰਟ ਕਰਨੇ ਹਨ ਤਾਂ ਉਸ ਦੇ ਪਹਿਲੇ ਪੇਜ ਤੇ ਪ੍ਰਿੰਟਰ ਦਾ ਨਾਮ, ਪਤਾ ਅਤੇ ਗਿਣਤੀ ਹੋਣਾ ਲਾਜਮੀ ਹੈ।ਉਨ੍ਹਾਂ ਨੇ ਪਬਲਿਸ਼ਰਾਂ ਨੂੰ ਕਿਹਾ ਕਿ ਪ੍ਰਿੰਟ ਕਰਨ ਤੋਂ ਪਹਿਲਾਂ ਪ੍ਰਿੰਟ ਕਰਵਾਉਣ ਵਾਲੇ ਤੋਂ ਇਹ ਹਲਫੀਆ ਬਿਆਨ ਲਿਆ ਜਾਵੇ ਕਿ ਉਹ ਪਬਲੀਸ਼ਰ ਨੂੰ ਚੰਗੀ ਤਰ੍ਹਾ ਜਾਣਦਾ ਹੋਵੇ ਅਤੇ ਦੋ ਵਿਅਕਤੀਆਂ ਦੁਆਰਾ ਤਸਦੀਕ ਕੀਤਾ ਹੋਵੇ।ਢਿਲੋਂ ਨੇ ਕਿਹਾ ਕਿ ਹਰੇਕ ਪ੍ਰਿੰਟਰ ਨੂੰ ਪ੍ਰਿੰਟ ਕੀਤੇ ਗਏ ਮਟੀਰੀਅਲ ਦੀਆਂ 4 ਕਾਪੀਆਂ ਸਮੇਤ ਖਰਚੇ ਦਾ ਵੇਰਵਾ ਖਰਚਾ ਮੋਨੀਟਰਿੰਗ ਟੀਮ ਨੂੰ 3 ਦਿਨਾਂ ਦੇ ਅੰਦਰ ਅੰਦਰ ਦੇਣਾ ਲਾਜਮੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਇਸ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਸਥਿਤੀ ਵਿੱਚ 6 ਮਹੀਨੇ ਦੀ ਕੈਦ ਅਤੇ 2000 ਰੁਪਏ ਤੱਕ ਦਾ ਜੁਰਮਾਨਾ ਅਤੇ ਪ੍ਰਿੰਟਰ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਖਰਚਾ ਮੋਨੀਟਰਿੰਗ ਟੀਮ ਪ੍ਰਿੰਟਰ ਵੱਲੋਂ ਪ੍ਰਾਪਤ ਸੂਚਨਾ ਅਤੇ ਚੋਣ ਸਮੱਗਰੀ ਨੂੰ ਚੰਗੀ ਤਰ੍ਹਾਂ ਘੋਖ ਕੇ ਰਿਪੋਰਟ ਪੇਸ਼ ਕਰੇਗੀ ਕਿ ਇਹ ਮਟੀਰੀਅਲ ਕਾਨੂੰਨ ਅਨੁਸਾਰ ਠੀਕ ਅਤੇ ਇਸ ਦੀ ਕਾਪੀ ਆਪਣੇ ਦਫਤਰ ਦੇ ਨੋਟਿਸ ਬੋਰਡ ਤੇ ਲਗਾਏਗੀ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਜੇਕਰ ਕਿਸੇ ਪਾਰਟੀ ਨੂੰ ਇਤਰਾਜ ਹੈ ਤਾਂ ਉਹ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ ਬੈਂਕ ਅਧਿਕਾਰੀਆਂ ਨੰੂ ਕਿਹਾ ਕਿ ਚੋਣ ਲੜ ਰਹੇ ਹਰ ਉਮੀਦਵਾਰ ਵੱਲੋਂ ਬੈਂਕ ਵਿੱਚ ਵੱਖਰਾ ਖਾਤਾ ਖੋਲਿਆ ਜਾਣਾ ਹੈ। ਇਹ ਖਾਤਾ ਉਮੀਦਵਾਰ ਦੇ ਨਾਮ ਜਾਂ ਉਮੀਦਵਾਰ ਅਤੇ ਉਸ ਦੇ ਚੋਣ ਏਜੰਟ ਨਾਲ ਸਾਂਝਾ ਹੋ ਸਕਦਾ ਹੈ ਪ੍ਰੰਤੂ ਉਮੀਦਵਾਰ ਦੇ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਮੈਂਬਰ ਨਾਲ ਸਾਂਝਾ ਨਹੀਂ ਹੋ ਸਕਦਾ।ਉਨ੍ਹਾਂ ਨੇ ਸਮੂਹ ਬੈਂਕ ਮੈਨੇਜਰਾਂ ਨੂੰ ਕਿਹਾ ਕਿ ਉਮੀਦਵਾਰਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਲਈ ਬੈਂਕਾਂ ਵਿੱਚ ਸਪੈਸ਼ਲ ਕਾਉਂਟਰ ਲਗਾਏ ਜਾਣ। ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਲੜ ਰਹੇ ਉਮੀਦਵਾਰ ਵੱਲੋਂ 20 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਅਦਾਇਗੀ ਚੈਕ, ਆਰ.ਟੀ.ਜੀ.ਐਸ, ਨੈਫਟ ਜਾਂ ਡਿਮਾਂਡ ਡਰਾਫਟ ਰਾਹੀਂ ਕੀਤੀ ਜਾਣੀ ਹੈ।ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੈਂਕਾਂ ਦਾ ਕੈਸ਼ ਜਿਹੜੇ ਵਾਹਨਾਂ ਵਿੱਚ ਲੈ ਕੇ ਜਾਇਆ ਜਾਣਾ ਹੈ, ਉਸ ਵਿੱਚ ਸਾਰੇ ਮੁਕੰਮਲ ਕਾਗਜ਼ਾਤ ਹੋਣੇ ਚਾਹੀਦੇ ਹਨ ਅਤੇ ਇਹ ਕਿਸੇ ਤੀਜੀ ਧਿਰ ਦੀ ਨਕਦੀ ਨਹੀਂ ਹੋਣੀ ਚਾਹੀਦੀ ਅਤੇ ਜੋ ਵਿਅਕਤੀ ਵੈਨ ਵਿੱਚ ਨਕਦੀ ਲੈ ਕੇ ਆਇਆ ਹੈ ਉਸ ਕੋਲ ਸਬੰਧਤ ਸ਼ਨਾਖਤੀ ਕਾਰਡ ਹੋਣਾ ਚਾਹੀਦਾ ਹੈ ਜੋ ਕਿ ਸਬੰਧਤ ਏਜੰਸੀ ਦੁਆਰਾ ਜਾਰੀ ਕੀਤਾ ਗਿਆ ਹੋਵੇ।
ਵਧੀਕ ਜਿਲ੍ਹਾ ਚੋਣ ਅਫਸਰ ਨੇ ਬੈਂਕ ਅਧਿਕਾਰੀਆਂ ਨੁੂੰ ਕਿਹਾ ਕਿ ਚੋਣਾਂ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਕਿਸੇ ਬੈਂਕ ਖਾਤੇ ਵਿੱਚੋਂ ਇਕ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਤਾਂ ਨਹੀਂ ਹੋ ਰਹੀ ਜਾਂ ਕਿਸੇ ਇਕ ਬੈਂਕ ਖਾਤੇ ਤੋਂ ਹੋਰ ਦੂਜੇ ਬੈਕ ਖਾਤਿਆਂ ਵਿੱਚ ਆਰ.ਟੀ.ਜੀ.ਐਸ, ਨੈਫਟ ਰਾਹੀਂ ਅਦਾਇਗੀ ਤਾਂ ਨਹੀਂ ਹੋ ਰਹੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media