ਲੁਧਿਆਣਾ, 6 ਮਾਰਚ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੈਰ ਸੰਗਠਤ ਖੇਤਰ ਦੇ ਕਾਮਿਆਂ ਲਈ ਇਕ ਇਤਿਹਾਸਕ ਪੈਨਸ਼ਨ ਸਕੀਮ ਦੇਸ਼
ਨੂੰ ਸਮਰਪਿਤ ਕੀਤੀ।ਇਹ ਸਕੀਮ ਘਰਾਂ ਵਿਚ ਕੰਮ ਕਰਦੇ ਵਰਕਰਾਂ, ਗਲੀਆਂ ਵਿਚ ਫੇਰੀ ਲਾਉਣ ਵਾਲਿਆਂ, ਮਿਡ ਡੇਅ ਮੀਲ ਵਰਕਰਾਂ, ਭੱਠਿਆਂ ਉੱਤੇ ਕੰਮ ਕਰਨ ਵਾਲੇ ਕਾਮਿਆਂ, ਮੋਚੀਆਂ, ਗਲੀਆਂ ਵਿਚੋਂ ਕੂੜਾ ਚੱੱਕਣ ਵਾਲਿਆਂ, ਧੋਬੀਆਂ, ਰਿਕਸ਼ਾ ਚਾਲਕਾਂ, ਬੇਜ਼ਮੀਨੇ ਕਾਮਿਆਂ, ਖੇਤੀ ਕਾਮਿਆਂ, ਉਸਾਰੀ ਵਰਕਰਾਂ, ਬੀੜੀ ਵਰਕਰਾਂ, ਹੱਥਖੱਡੀ ਵਰਕਰਾਂ, ਚਮੜਾ ਕਾਰੀਗਰਾਂ, ਸ਼੍ਰਵਣ ਅਤੇ ਦ੍ਰਿਸ਼ ਵਰਕਰਾਂ ਅਤੇ ਇਸੇ ਤਰ੍ਹਾਂ ਦੇ ਹੋਰ ਕਾਮਿਆਂ ਲਈ ਹੈ ਜਿਨ੍ਹਾਂ ਦੀ ਮਾਸਿਕ ਆਮਦਨ 15,000 ਰੁਪਏ ਜਾਂ ਇਸ ਤੋਂ ਘੱਟ ਹੈ ਅਤੇ ਜੋ 18-40 ਸਾਲ ਉਮਰ ਵਰਗ ਦੇ ਹਨ। ਸਕੀਮ ਦਾ ਨਾਂ ‘ਪ੍ਰਧਾਨ ਮੰਤਰੀ ਸ਼੍ਰਮ-ਯੋਗੀ ਮਾਨ ਧਨ (ਪੀਐਮ-ਐਸ.ਵਾਈ.ਐਮ) ਹੈ ਅਤੇ ਇਹ ਦੇਸ਼ ਦੇ ਕਰੀਬ 42 ਕਰੋੜ ਗੈਰ ਸੰਗਠਿਤ ਕਾਮਿਆਂ ਨੂੰ ਘੇਰੇ ਵਿਚ ਲਵੇਗੀ।
ਪ੍ਰਧਾਨ ਮੰਤਰੀ ਨੇ ਇਹ ਸਕੀਮ ਅਹਿਮਦਾਬਾਦ ਵਿਚ ਕੇਂਦਰੀ ਪੱਧਰ ਦੇ ਆਯੋਜਿਤ ਇਕ ਸਮਾਰੋਹ ਵਿਚ ਦੇਸ਼ ਨੂੰ ਸਮਰਪਿਤ ਕੀਤੀ। ਇਹ ਸਮਾਰੋਹ ਸਾਰੇ ਸੂਬਾ ਅਤੇ ਜ਼ਿਲਾ ਪੱਧਰ ਦੇ ਸਮਾਰੋਹਾਂ ਵਿਚ ਸਿੱਧਾ ਵਿਖਾਇਆ ਗਿਆ। ਜ਼ਿਲ੍ਹਾ ਲੁਧਿਆਣਾ ਵਿਚ ਇਕ ਸਮਾਰੋਹ ਸਥਾਨਕ ਬੱਚਤ ਭਵਨ, ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਜਿਥੇ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸ਼੍ਰੀ ਧੀਰਜ ਗੁਪਤਾ ਆਰਪੀਐਫਸੀ-1, ਡਾ. ਮਧੂ ਗੁਪਤਾ ਐਮਐਸ, ਈਐਸਆਈ ਮਾਡਲ ਹਸਪਤਾਲ, ਐਸ.ਐਸ ਰੰਧਾਵਾ ਏ.ਐਲ.ਸੀ, ਮਹਿੰਦਰ ਸਿੰਘ ਡਿਪਟੀ ਡਾਇਰੈਕਟਰ, ਸੱਤਿਆਵਾਨ ਸਿੰਘ ਅਸਿਸਟੈਂਟ ਡਾਇਰੈਕਟਰ ਈਐਸਆਈਸੀ ਅਤੇ ਕਿਰਤ ਵਿਭਾਗ ਅਤੇ ਈਪੀਐਫਓ ਦੇ ਹੋਰ ਅਧਿਕਾਰੀ ਮੌਜੂਦ ਰਹੇ।ਪ੍ਰਦੀਪ ਅਗਰਵਾਲ ਨੇ ਪੀ.ਐਮ-ਐਸ.ਵਾਈ.ਐਮ ਕਾਰਡ ਲਾਭਕਾਰੀਆਂ ਨੂੰ ਵੰਡੇ ਅਤੇ ਉਥੇ ਮੌਜੂਦ ਲੋਕਾਂ ਨੂੰ ਇਸ ਸਕੀਮ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਇਆ।
ਪੀਐਮ ਐਸਵਾਈਐਮ ਇਕ ਸਵੈਇਛੁਕ ਅੰਸ਼ਦਾਨ ਵਾਲੀ ਪੈਨਸ਼ਨ ਸਕੀਮ ਹੈ।ਗੈਰ ਸੰਗਠਿਤ ਖੇਤਰ ਦਾ ਕੋਈ ਵੀ ਵਰਕਰ, ਜਿਸ ਦੀ ਮਾਸਿਕ ਆਮਦਨ 15,000 ਰੁਪਏੇ ਤੱਕ ਹੈ ਅਤੇ ਜਿਸ ਦੀ ਉਮਰ 18-40 ਸਾਲ ਦਰਮਿਆਨ ਹੈ ਅਤੇ ਜੋ ਈ.ਪੀ.ਐਫ/ ਈ.ਐਸ.ਆਈ /ਐਨ.ਪੀ.ਐਸ ਅਧੀਨ ਨਹੀਂ ਆਉਂਦਾ, ਉਹ ਪੀ.ਐਮ-ਐਸ.ਵਾਈ.ਐਮ ਪੈਨਸ਼ਨ ਸਕੀਮ ਦਾ ਮੈਂਬਰ ਬਣਨ ਦੋ ਯੋਗ ਹੈ।ਉਹ 60 ਸਾਲ ਦੀ ਉਮਰ ਪੂਰੀ ਹੋਣ `ਤੇ 3000 ਰੁਪਏ ਦੀ ਮਾਸਿਕ ਪੈਨਸ਼ਨ ਲੈਣ ਦਾ ਹੱਕਦਾਰ ਹੋਵੇਗਾ।ਇਸ ਦੇ ਲਈ ਉਸ ਨੂੰ ਸਕੀਮ ਵਿਚ ਸ਼ਾਮਿਲ ਹੋਣ ਵੇਲੇ ਦੀ ਉਮਰ ਦੇ ਹਿਸਾਬ ਨਾਲ ਮਾਮੂਲੀ 55 ਤੋਂ 200 ਰੁਪਏ ਮਾਸਿਕ ਤੱਕ ਜਮ੍ਹਾ ਕਰਵਾਉਣੇੇ ਪੈਣਗੇ।ਕੇਂਦਰ ਸਰਕਾਰ ਇਸ ਦੇ ਬਰਾਬਰ ਦੀ ਰਕਮ ਆਪਣੇ ਵਲੋਂ ਖਾਤੇ ਵਿਚ ਜਮ੍ਹਾ ਕਰਵਾਏਗੀ।ਇਸ ਸਕੀਮ ਵਿੱਚ ਸ਼ਾਮਿਲ ਹੋਣ ਦੀ ਸਹੂਲਤ ਸਾਂਝੇ ਸੇਵਾ ਕੇਂਦਰਾਂ ਵਿਚ ਮੁਹੱਈਆ ਹੋਵੇਗੀ। ਗੈਰ-ਸੰਗਠਤ ਕਾਮਿਆਂ ਨੂੰ ਨੇੜੇ ਦੇ ਸੀ.ਐਸ.ਸੀ ਵਿਚ ਜਾ ਕੇ ਅਤੇ ਆਪਣਾ ਆਧਾਰ ਕਾਰਡ ਅਤੇ ਸੇਵਿੰਗ ਬੈਂਕ /ਜਨ ਧਨ ਖਾਤਾ ਵਿਖਾ ਕੇ ਸਵੈ-ਸਰਟੀਫੀਕੇਸ਼ਨ ਦੇ ਅਧਾਰ `ਤੇ ਪੀ.ਐਸ-ਐਸ.ਵਾਈ.ਐਮ ਵਿਚ ਆਪਣਾ ਨਾਂ ਦਰਜ ਕਰਵਾਉਣਾ ਪਵੇਗਾ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media