Sunday, February 22, 2026

ਚੁੰਨੀ ਬਨਾਮ ਪੱਗ (ਖੁੱਲੀ ਕਵਿਤਾ)

ਮੇਰੇ ਬਾਪ ਦੀ ਪੱਗ ਕੋਈ ਕੱਪੜਾ ਜਾਂ ਟਾਕੀ ਨਹੀਂ ਹੈ।
ਮੈਨੂੰ ਇਸ ‘ਚੋਂ ਦਿਸਦੇ ਨੇ
ਦੁਨੀਆਂ ਭਰ ਨੂੰ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ।
ਮੇਰੇ ਬਾਪ ਦੀ ਪੱਗ `ਤੇ ਬੈਠਣ ਲਈ ਦਿਨ ਵੇਲੇ ਭੂੰਡ
ਰਾਤ ਸਮੇਂ ਉੱਲੂ ਅਤੇ ਘੁੰਮਦੇ ਨੇ ਅਨੇਕਾਂ ਹੀ ਚਮਗਿੱਦੜ
ਮੇਰੀ ਸੋਚ ਹੈ।
ਕਿ ਮੇਰੇ ਬਾਪ ਦੀ ਪੱਗ ਹਮੇਸ਼ਾਂ ਅੰਬਰਾਂ ਨੂੰ ਰਹੇ ਛੂੰਹਦੀ…।

ਅੰਦਰੋਂ-ਅੰਦਰੀ ਚਿੰਤਾ ਵੀ ਵੱਢ-ਵੱਢ ਖਾਂਦੀ ਆਖਦੀ ਰਹਿੰਦੀ ਐ,
ਵੇਖੀ! ਕਿਤੇ ਬਾਪ ਦੀ ਪੱਗ.. ਪੈ ਨਾ ਜਾਵੇ ਕਬਰਾਂ ਦੇ ਰਾਹ…।
ਬਾਪ ਦੀ ਪੱਗ ਨਾਲੋਂ ਟੁੱਕੀ ਚੁੰਨੀ,
ਜੋ ਮੇਰੇ ਹਮੇਸ਼ਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੱਜ ਕੇ ਰੱਖਦੀ ਐ, ਮੇਰਾ ਜਿਸਮ।

ਕਦੇ-ਕਦੇ ਸੁਚੇਤ ਕਰਦੀ ਆਖਦੀ ਐ, ਕਿ ਹਰ ਮੋੜ ਤੇ ਸਲੀਬਾਂ
ਦੁਨੀਆਂ ਦੇ ਬੇਖ਼ਬਰ ਸੂਰ ਖਾਣਿਆਂ ਤੋਂ ਬਚੀਂ…।
ਤੇ ਕਦੇ-ਕਦੇ ਚੁੁੰਨੀ ਚੁੰਮ ਕੇ ਮੁੱਖੜੇ ਨੂੰ ਚਿੰਬੜ ਜਾਂਦੀ ਐ,
ਤੇ ਆਖਦੀ ਐ.. ਕਿ ਮੇਰੀ ਨੰਨ੍ਹੀ ਛਾਂ ਮਾਨਣ ਵਾਲੀ ਦਾ ਹੁਸਨ
ਕਦੇ ਦਰਿੰਦਿਆ ਦਾ ਬਣ ਨਾ ਜਾਵੇ ਤੇਜ਼ਾਬੀ ਕਾਂਡ..।
ਐ ਬਾਬਲ, ਨਹੀਂ..ਹਿੱਲਣ ਦੇਵਾਂਗੀ ਤਿਣਕਾ ਵੀ
ਪੱਗ ਤੇ ਚੁੰਨੀ ਹਮੇਸ਼ਾਂ ਬਾਪ ਤੇ ਧੀਅ ਦਾ ਰਿਸ਼ਤਾ ਗੂੜਾ ਰਹਿਣ ਦਾ ਹਨ ਸੰਕੇਤ..।

ਬਾਬਲ ਕਦੇ ਨਾਂ ਚਿੱਤੋਂ ਡੋਲੀਂ, ਹੌਂਸਲਾ ਨਾ ਹਾਰੀਂ,
ਨਹੀਂ ਹੋਵੇਗੀ ਚੁੁੰਨੀ, ਪੱਗ ਮੈਲੀ, ਨਾ ਹੀ ਦੇਵਾਂਗੀ ਇੰਨ੍ਹਾਂ ਨੂੰ ਫਟਣ..।
ਬਾਬਲ ਹਮੇਸ਼ਾਂ ਅਮਰ ਵੇਲ ਵਾਂਗੂੰ ਵਧਣਗੀਆਂ ਅੰਮੜੀ ਜਾਇਆਂ ਦੀਆਂ ਟਾਹਰਾਂ..।
ਐ ਬਾਬਲ.. ਤੇਰੀ ਪੱਗ ਅਤੇ ਮੇਰੀ ਚੁੁੰਨੀ ‘ਤੇ ਕਦੇ ਨਹੀਂ ਪਵੇਗਾ ਦਾਗ।
ਕਦੇ ਫਟੇਗੀ ਨਹੀਂ, ਹਮੇਸ਼ਾਂ ਰਹੇਗੀ ਬੇਦਾਗ..।
Sadhu Ram Langeana

 
ਡਾ. ਸਾਧੂ ਰਾਮ ਲੰਗੇਆਣਾ
ਪਿੰਡ: ਲੰਗੇਆਣਾ ਕਲਾਂ (ਮੋਗਾ)
ਮੋ – 98781-17285

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply