ਬਸੰਤੀ ਬਹਾਰ ਦਾ ਪ੍ਰਤੀਕ ਬਣਿਆ ‘ਚੜ੍ਹਿਆ ਬਸੰਤ’ ਕਵੀ ਦਰਬਾਰ
ਅੰਮ੍ਰਿਤਸਰ 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਾਹਿਤਕਾਰ ਅਤੇ ਕਵੀ ਦੀ ਪ੍ਰਮੁੱਖ ਜ਼ਿੰਮੇਵਾਰੀ ਆਪਣੀ ਧਰਤੀ ਦੇ ਪ੍ਰਮਾਣਿਕ ਨਾਇਕਤਵ ਨੂੰ
ਖੋਜਣਾ ਜਾਂ ਉਸ ਦੇ ਨਿਰੰਤਰ ਸੰਚਾਰ ਨੂੰ ਸੰਭਵ ਬਣਾਉਣਾ ਹੁੰਦਾ ਹੈ।ਇਸ ਨਾਲ ਹੀ ਕਿਸੇ ਵਿਸ਼ੇਸ਼ ਸਮੂਹ ਦਾ ਪ੍ਰਤੀਕ ਵਿਧਾਨ ਜਾਂ ਸੁਹਜ ਪ੍ਰਬੰਧ ਆਪਣੀ ਪ੍ਰਸੰਗਿਕਤਾ ਗ੍ਰਹਿਣ ਕਰਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਅੰਮ੍ਰਿਤਸਰ ਸਾਹਿਤ ਉਤਸਵ-2019 ਦੇ ਦੂਜੇ ਦਿਨ ਕਰਵਾਏ ਗਏ ਕਵੀ ਦਰਬਾਰ ‘ਚੜ੍ਹਿਆ ਬਸੰਤ’ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਸਿੱਧ ਆਲੋਚਕ ਡਾ. ਮਨਮੋਹਨ ਨੇ ਕਹੇ।ਉਨ੍ਹਾਂ ਅੱਗੇ ਕਿਹਾ ਕਿ ਕਵੀ ਇਕ ਤਰ੍ਹਾਂ ਨਾਲ ਆਪਣੀ ਵੱਖਰੀ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ ਜਿਸ ਦਾ ਵਿਧਾਤਾ ਉਹ ਖੁਦ ਹੁੰਦਾ ਹੈ।
ਅੱਜ ਦੇ ਇਸ ਕਵੀ ਦਰਬਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪਰਵਾਸੀ ਕਵੀ ਅਜਮੇਰ ਰੋਡੇ ਨੇ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦੇ ਸਾਹਿਤ ਉਤਸਵ ਦਾ ਆਯੋਜਨ ਅੰਮ੍ਰਿਤਸਰ ਨੂੰ ਮੁੜ ਇਕ ਸਭਿਆਚਾਰਕ ਕੇਂਦਰ ਵਜੋਂ ਸਥਾਪਤ ਕਰਨ ਲਈ ਜ਼ਿਕਰਯੋਗ ਭੂਮਿਕਾ ਨਿਭਾਏਗਾ।ਉਨ੍ਹਾਂ ਕਿਹਾ ਕਿ ਜੇਕਰ ਜੰਗ ਹੋ ਰਹੀ ਹੋਵੇ ਤਾਂ ਇਹ ਜਰੂਰੀ ਨਹੀਂ ਕਵੀ ਵੀ ਜੰਗ ਬਾਰੇ ਲਿਖੇ ਜਾਂ ਜ਼ੁਲਮ ਦੀ ਵੇਦਨਾ ਨੂੰ ਗਾਏ।ਉਸ ਵਲੋਂ ਅਜਿਹੇ ਸਮੇਂ ਪਿਆਰ ਜਾਂ ਸੁਹਜ ਦੀ ਕਵਿਤਾ ਲਿਖਣਾ ਹੀ ਜੰਗ ਵਿਰੁੱਧ ਸਭ ਤੋਂ ਵੱਡਾ ਨਾਬਰੀ ਕਦਮ ਹੈ।ਉਨ੍ਹਾਂ ਆਪਣੀ ਕਵਿਤਾ ਦਾ ਇਕ ਬੰਦ ਹਾਜਰ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੀ ਸਾਂਝਾ ਕੀਤਾ:
ਆਹ ਲੈ ਕੋਰਾ ਪੰਨਾ ਤੇ ਸਿਆਹੀ
ਮਾਰ ਚੌਂਕੜੀ ਬੈਠ
ਤੇ ਕੋਈ ਪਿਆਰ ਦਾ ਗੀਤ ਬਣਾ

ਜ਼ਿਕਰਯੋਗ ਹੈ ਕਿ ਦੋ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੁਆਰਾ ਸੰਚਾਲਤ ਕੀਤੀ ਜਾ ਰਹੀ ਸੰਸਥਾ ਨਾਦ ਪ੍ਰਗਾਸੁ ਵੱਲੋ ਪੰਜਾਬੀ ਚੇਤਨਾ ਨੂੰ ਚਿੰਤਨ ਨਾਲ ਜੋੜਨ ਦੇ ਉਦੇਸ਼ ਨਾਲ ਸਥਾਨਕ ਖ਼ਾਲਸਾ ਕਾਲਜ ਫਾਰ ਵੁਮਨ ਦੇ ਵਿਹੜੇ ਵਿਚ ਕਰਵਾਇਆ ਗਿਆ ਸੀ।
ਅੱਜ ਦੇ ਇਸ ਕਵੀ ਦਰਬਾਰ ਦਾ ਆਰੰਭ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਅਤੇ ਬਾਅਦ ਵਿਚ ਵਰਿੰਦਰ ਸਿੰਘ ਦੁਆਰਾ ਬਸੰਤ ਰਾਗ ਦੇ ਵਾਦਨ ਅਤੇ ਗੁਰਪ੍ਰੀਤ ਸਿੰਘ ਮੁਹਾਵਾ ਵੱਲੋਂ ਬਸੰਤ ਰਾਗ ਦਾ ਗਾਇਨ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਕੁੱਲ 19 ਕਵੀਆਂ ਨੇ ਸ਼ਿਰਕਤ ਕੀਤੀ ਅਤੇ ਪੰਜਾਬੀ ਦੀਆਂ ਉਪ-ਬੋਲੀਆਂ ਡੋਗਰੀ, ਪਹਾੜੀ ਅਤੇ ਗੋਜਰੀ ਦੇ ਕਵੀ ਦੀ ਹਾਜਰੀ ਨੇ ਇਸ ਸਾਹਿਤ-ਉਤਸਵ ਵਿਚ ਵਿਲੱਖਣ ਰੰਗ ਭਰ ਦਿੱਤਾ। ਇਨ੍ਹਾਂ ਵਿਚੋਂ ਐਜਾਜ਼ ਸੈਫ਼ ਅਤੇ ਵਿਜਯਾ ਠਾਕੁਰ ਨੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਕਵੀ ਦਰਬਾਰ ਉਸ ਸਮੇਂ ਆਪਣੇ ਸਿਖਰ ‘ਤੇ ਪਹੁੰਚ ਗਿਆ ਜਦੋਂ ਵਿਜੇ ਵਿਵੇਕ ਨੇ ਆਪਣੀ ਕਵਿਤਾ ‘ਜੋਗੀ ਚੱਲੇ’ ਪੜ੍ਹ ਕੇ ਸੁਣਾਈ।
ਆਹ ਚੁੱਕ ਆਪਣਾ ਮਾਲ ਖਜ਼ਾਨਾ
ਆਹ ਲੈ ਫੜ ਬਣਦਾ ਇਵਜ਼ਾਨਾ
ਆਹ ਚੁੱਕ ਫਤਵਾ ਤੇ ਜ਼ੁਰਮਾਨਾ
ਢੂੰਡਣ ਦਾ ਨਾ ਕਰੀਂ ਬਹਾਨਾ
ਖਬਰੇ ਕਿਹੜੇ ਕੂਟੀਂ, ਖਬਰ। ਕਵਣ ਦਿਸ਼ਾਵਾਂ ਵੱਲੇ,
……ਤੇ ਜੋਗੀ ਚੱਲੇ
ਇਸ ਤੋਂ ਇਲਾਵਾ ਇਸ ਮੌਕੇ ਲੱਗਣ ਵਾਲੀਆਂ ਪੁਸਤਕ, ਚਿੱਤਰਕਲਾ, ਲੱਕੜ ਕਾਰੀਗਰੀ ਅਤੇ ਫੋਟੋਗ੍ਰਾਫ਼ੀ ਦੀਆਂ ਪ੍ਰਦਰਸ਼ਨੀਆਂ ਵੀ ਵਿਦਿਆਰਥੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੀਆਂ।ਵਿਦਿਆਰਥੀਆਂ ਵੱਲੋਂ ਅੱਜ ਦੇ ਸਮਾਗਮ ਵਿਚ ਵਿਜੇ ਵਿਵੇਕ, ਮਨਜੀਤ ਇੰਦਰਾ, ਭੁਪਿੰਦਰਪ੍ਰੀਤ, ਦੇਵਿੰਦਰ ਸੈਫ਼ੀ, ਜਸਵੰਤ ਜ਼ਫ਼ਰ, ਅਮਰਜੀਤ ਕੌਰ ਹਿਰਦੇ, ਸਵਾਮੀ ਅਮਤਰਨੀਰਵ, ਭੁਪਿੰਦਰ ਕੌਰ ਪ੍ਰੀਤ, ਰਮਨ ਸੰਧੂ, ਸਿਮਰਤ ਗਗਨ, ਪ੍ਰਕਾਸ਼ ਪ੍ਰਭਾਕਰ, ਸੁਰਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਜਸਵਿੰਦਰ ਸਿੰਘ, ਗੁਰਦੇਵ ਚੌਹਾਨ ਆਦਿ ਦੇ ਨਾਮ ਜ਼ਿਕਰਯੋਗ ਹਨ। ਮੰਚ ਸੰਚਾਲਨ ਡਾ. ਰੁਪਿੰਦਰਜੀਤ ਕੌਰ ਅਤੇ ਡਾ. ਅਮਰਜੀਤ ਸਿੰਘ ਨੇ ਕੀਤਾ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦਿੱਲੀ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆਂ ਯੂਨੀਵਸਿਟੀ ਦਿੱਲੀ, ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਖਾਲਸਾ ਕਾਲਜ ਅੰਮ੍ਰਿਤਸਰ,ਡੀ.ਏ.ਵੀ ਕਾਲਜ, ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਆਦਿ ਵਿਦਿਅਕ ਸੰਸਥਾਵਾਂ ਤੋਂ ਖੋਜਾਰਥੀਆਂ, ਵਿਦਵਾਨਾਂ ਅਤੇ ਵਿਦਆਰਥੀਆਂ ਨੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਇਕ ਦਹਾਕੇ ਤੋਂ ਨਿਰੰਤਰ ਆਯੋਜਤ ਕੀਤਾ ਜਾ ਰਿਹਾ ਅੰਮ੍ਰਿਤਸਰ ਸਾਹਿਤ ਉਤਸਵ ਉਤਰੀ ਭਾਰਤ ਦੇ ਸਾਹਿਤਕ ਅਤੇ ਸਭਿਆਚਾਰਕ ਵਿਰਸੇ ਦੀ ਨੁਮਾਇੰਦਗੀ ਕਰਨ ਵਾਲਾ ਪ੍ਰਮੁੱਖ ਸਮਾਗਮ ਬਣ ਚੁੱਕਾ ਹੈ।
Punjab Post Daily Online Newspaper & Print Media