ਕਰਤਾਰਪੁਰ ਸਾਹਿਬ ਵਿਖੇ ਸਰਾਂ, ਲੰਗਰ ਤੇ ਹੋਰ ਪ੍ਰਬੰਧ ਕਰਨ ਲਈ ਤਿਆਰ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ
ਪਾਕਿਸਤਾਨ ਦੇ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਸਰਕਾਰਾਂ ਦਰਮਿਆਨ ਬੀਤੇ ਕੱਲ੍ਹ ਹੋਈ ਸਾਂਝੀ ਇਕੱਤਰਤਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਲਾਂਘਾ ਮੁਹੱਈਆ ਕਰਵਾਉਣ ਲਈ ਭਾਰਤ ਵੱਲੋਂ ਰੱਖੀ ਗਈ ਮੰਗ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਭਾਰਤ ਦੀ ਇਸ ਮੰਗ ’ਤੇ ਸੰਜ਼ੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ, ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਸਕਣ।ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਮੰਗ ਕਰ ਚੁੱਕੀ ਹੈ ਅਤੇ ਇਸ ਸਬੰਧ ਵਿਚ ਭਾਰਤ ਸਰਕਾਰ ਤੱਕ ਵੀ ਪਹੁੰਚ ਕੀਤੀ ਗਈ ਸੀ।ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਵੀਜ਼ਾ ਮੁਕਤ ਲਾਂਘੇ ਦੀ ਮੰਗ ਨੂੰ ਹੁਣ ਭਾਰਤ ਵੱਲੋਂ ਪਾਕਿਸਤਾਨ ਦੇ ਸਰਕਾਰੀ ਅਧਿਕਾਰੀਆਂ ਅੱਗੇ ਰੱਖਣਾ ਚੰਗਾ ਯਤਨ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਸਵਾਗਤ ਕਰਦੀ ਹੈ।ਲੌਂਗੋਵਾਲ ਨੇ ਆਸ ਪ੍ਰਗਟਾਈ ਕਿ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਪਹਿਲੀ ਇਕੱਤਰਤਾ ਦੌਰਾਨ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ ਗੱਲਬਾਤ ਨਾਲ ਲਾਂਘੇ ਦੇ ਜਲਦ ਮੁਕੰਮਲ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਸਬੰਧੀ ਦੋਹਾਂ ਦੇਸ਼ਾਂ ਦੇ ਯਤਨ ਸ਼ਲਾਘਾਯੋਗ ਹਨ ਅਤੇ ਸਿੱਖ ਜਗਤ ਇਸ ਦੇ ਜਲਦ ਖੁੱਲ੍ਹਣ ਦੀ ਉਡੀਕ ਕਰ ਰਿਹਾ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਇਹ ਵੀ ਆਖਿਆ ਕਿ ਜੇਕਰ ਪਾਕਿਸਤਾਨ ਸਰਕਾਰ ਇਜਾਜ਼ਤ ਦਿੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਸਰਾਂ, ਲੰਗਰ ਅਤੇ ਹੋਰ ਪ੍ਰਬੰਧ ਕਰਨ ਲਈ ਤਿਆਰ ਹੈ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਉਸ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਸੰਗਤ ਦੀ ਸੇਵਾ ਦਾ ਮੌਕਾ ਮਿਲੇ।ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਵਾਲੇ ਪਾਸੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਵੀ ਵਿਸ਼ੇਸ਼ ਤੌਰ ’ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਇਥੇ ਵੀ ਸੰਗਤ ਲਈ ਨਿਵਾਸ ਘਰ, ਲੰਗਰ ਆਦਿ ਦੇ ਵੀ ਵਿਸ਼ਾਲ ਪ੍ਰਬੰਧ ਕੀਤੇ ਜਾਣਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media