ਹਰਿਆਣਾ ਸਰਕਾਰ ਨਵਾਂ ਹੁਕਮ ਕਰੇਗੀ ਜਾਰੀ – ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ, 30 ਮਾਰਚ ( ਪੰਜਾਬ ਪੋਸਟ ਬਿਊਰੋ) – ਹਰਿਆਣਾ ਸਰਕਾਰ ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਮੇਤ ਸਿਵਲ ਸਰਵਿਸ
ਪ੍ਰੀਖਿਆ ਦੇਣ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਨਵਾਂ ਹੁਕਮ ਜਾਰੀ ਕਰੇਗੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਹਰਿਆਣਾ ਸਿਵਲ ਸਰਵਿਸਿਜ਼ ਤੇ ਸਹਾਇਕ ਸੇਵਾਵਾਂ ਦੀ ਮੁਢਲੀ ਪ੍ਰੀਖਿਆ ਵਿਚ ਧਾਰਮਿਕ ਚਿੰਨ੍ਹ ਲੈ ਕੇ ਜਾਣ ’ਤੇ ਪਾਬੰਦੀ ਲਾਉਣ ਦੇ ਮਾਮਲੇ ’ਤੇ ਹਰਿਆਣਾ ਦੇ ਮੁੱਖ ਸਕੱਤਰ ਦਪਿੰਦਰ ਸਿੰਘ ਢੇਸੀ ਨਾਲ ਗੱਲਬਾਤ ਕੀਤੀ ਹੈ।ਉਹਨਾਂ ਦੱਸਿਆ ਕਿ ਉਹਨਾਂ ਨੇ ਮੁੱਖ ਸਕੱਤਰ ਨੂੰ ਸਿੱਖ ਗੁਰੂ ਸਾਹਿਬਾਨ ਦੇ ਦੱਸੇ ਅਨੁਸਾਰ ਸਿੱਖਾਂ ਵੱਲੋਂ ਧਾਰਨ ਕੀਤੇ ਜਾਂਦੇ ਕਕਾਰਾਂ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਿੱਖ ਵਿਦਿਆਰਥੀ ਕਿਸੇ ਵੀ ਕੀਮਤ ’ਤੇ ਇਹਨਾਂ ਨੂੰ ਛੱਡ ਨਹੀਂ ਸਕਦੇ।ਉਹਨਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਸਕੱਤਰ ਨੇ ਉਹਨਾਂ ਨੰੂ ਭਰੋਸਾ ਦੁਆਇਆ ਕਿ ਇਸ ਬਾਬਤ ਨਵਾਂ ਹੁਕਮ ਜਾਰੀ ਕਰ ਦਿੱਤਾ ਜਾਵੇਗਾ ਤੇ ਸਿੱਖ ਵਿਦਿਆਰਥੀਆਂ ਨੰੂ ਐਚ.ਸੀ.ਐਸ ਦੀ ਪ੍ਰੀਖਿਆ ਦੇਣ ਸਮੇਂ ਸਿੱਖ ਕਕਾਰ ਧਾਰਨ ਕਰਨ ਤੋਂ ਨਹੀਂ ਰੋਕਿਆ ਜਾਵੇਗਾ।
ਦਿੱਲੀ ਕਮੇਟੀ ਮੁਖੀ ਨੇ ਆਪਣਾ ਨਿੱਜੀ ਮੋਬਾਈਲ ਨੰਬਰ ਵੀ ਜਨਤਕ ਤੌਰ ’ਤੇ ਜਾਰੀ ਕਰਦਿਆਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸਿੱਖ ਵਿਦਿਆਰਥੀ ਨੂੰ ਇਸ ਬਾਬਤ ਕੋਈ ਮੁਸ਼ਕਿਲ ਆਉਦੀ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਇਥੇ ਦੱਸਣਯੋਗ ਹੈ ਕਿ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵੱਲੋਂ 31 ਮਾਰਚ ਨੂੰ ਐਚ.ਸੀ.ਐਸ ਤੇ ਸਹਾਇਕ ਸੇਵਾਵਾਂ ਦੀ ਪ੍ਰੀਖਿਆ ਲਈ ਜਾ ਰਹੀ ਹੈ।ਇਸ ਬਾਬਤ ਜਾਰੀ ਕੀਤੇ ਹੁਕਮਾਂ ਵਿਚ ਆਖਿਆ ਗਿਆ ਸੀ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਲਿਜਾਣ ’ਤੇ ਪਾਬੰਦੀ ਹੋਵੇਗੀ। ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਹੁਕਮ ਦੇ ਖਿਲਾਫ ਰੋਸ ਪ੍ਰਗਟਾਇਆ ਸੀ।
ਸਿਰਸਾ ਨੇ ਕਿਹਾ ਕਿ ਹੁਣ ਉਹਨਾਂ ਨੇ ਮਾਮਲੇ ਹਰਿਆਣਾ ਦੇ ਮੁੱਖ ਸਕੱਤਰ ਕੋਲ ਚੁੱਕਿਆ ਹੈ ਤੇ ਉਹਨਾਂ ਦੇ ਭਰੋਸੇ ਮਗਰੋਂ ਇਹ ਮਸਲਾ ਹੱਲ ਹੋ ਗਿਆ ਹੈ ਤੇ ਸਿੱਖ ਵਿਦਿਆਰਥੀ ਹੁਣ ਪ੍ਰੀਖਿਆ ਵਿਚ ਆਪਣੇ ਕਕਾਰ ਲੈ ਕੇ ਜਾ ਸਕਦੇ ਹਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media