Wednesday, August 5, 2026

ਅਮਰੀਕਾ ਦੇ ਲਾਸ ਏਂਜਲਸ ’ਚ ਖਾਲਸਾ ਸਾਜਣਾ ਦਿਵਸ ਮੌਕੇ ਡਾ. ਰੂਪ ਸਿੰਘ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ/ ਲਾਸ ਏਂਜਲਸ, 15 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅਮਰੀਕਾ ਦੇ ਦੂਸਰੇ ਵੱਡੇ ਸ਼ਹਿਰ ਲਾਸ ਏਂਜਲਸ ਵਿਖੇ ਖਾਲਸਾ ਸਾਜਣਾ ਦਿਵਸ PUNJ1504201904ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ।ਦੱਖਣੀ ਕੈਲੀਫੋਰਨੀਆ ਦੇ ਸ਼ਹਿਰ `ਚ ਹਰ ਸਾਲ ਖਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਭਰਵੀਂ ਸੰਗਤ ਜੁੜਦੀ ਹੈ।ਇਸ ਵਾਰ ਵੀ ਸਮਾਗਮ ਅਤੇ ਨਗਰ ਕੀਰਤਨ ਸਮੇਂ ਲੱਗਭਗ 30 ਹਜ਼ਾਰ ਸੰਗਤ ਨੇ ਸ਼ਮੂਲੀਅਤ ਕੀਤੀ।ਗਿਆਨੀ ਹਰਭਜਨ ਸਿੰਘ ਜੋਗੀ ਵੱਲੋਂ ਸਥਾਪਿਤ ਸਿੱਖ ਧਰਮਾ ਇੰਟਰਨੈਸ਼ਨਲ ਦੇ ਮੁਖੀ ਡਾਕਟਰ ਬੀਬੀ ਇੰਦਰਜੀਤ ਕੌਰ ਦੀ ਪ੍ਰੇਰਣਾ ਨਾਲ ਲਾਸ ਏਂਜਲਸ ਦੀਆਂ 22 ਗੁਰਦੁਆਰਾ ਕਮੇਟੀਆਂ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤੇ ਗਏ ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸੰਗਤ ਨਾਲ ਖਾਲਸੇ ਦੇ ਇਤਿਹਾਸਕ ਤੇ ਵਿਚਾਰਧਾਰਕ ਪੱਖ ਬਾਰੇ ਵਿਚਾਰ ਸਾਂਝੇ ਕਰਦਿਆਂ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ।
    ਸਮਾਗਮ ਦੌਰਾਨ ਭਾਈ ਸਦਾਸਤਸਿਮਰਨ ਸਿੰਘ ਚੜਦੀ ਕਲਾ ਜਥਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਭਾਈ ਕੀਰਤਨ ਸਿੰਘ ਅਤੇ ਸਥਾਨਕ ਸ਼ਹਿਰ ਦੇ 22 ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਜੋੜਿਆ।ਉਚੇਚੇ ਤੌਰ ’ਤੇ ਪੁੱਜੇ ਕਾਂਗਰਸ ਮੈਨ (ਪਾਰਲੀਮੈਂਟ ਮੈਂਬਰ) ਮਿਸਟਰ ਸ਼ਰਮਨ ਨੇ ਕੈਪੀਟਲ ਹਿਲ ਵਾਸ਼ਿੰਗਟਨ ਵਿਖੇ 26 ਜਨਵਰੀ ਨੂੰ ਝੁਲਾਇਆ ਗਿਆ ਝੰਡਾ ਸਤਿਕਾਰ ਵਜੋਂ ਡਾ. ਰੂਪ ਸਿੰਘ ਨੂੰ ਪ੍ਰਮਾਣ ਪੱਤਰ ਸਮੇਤ ਭੇਟ ਕੀਤਾ। ਇਹ ਝੰਡਾ ਕੁੱਝ ਖਾਸ ਮੌਕਿਆਂ ’ਤੇ ਖਾਸ ਵਿਅਕਤੀਆਂ ਨੂੰ ਦੇਣ ਦੀ ਰਵਾਇਤ ਹੈ।ਡਾ. ਰੂਪ ਸਿੰਘ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਆਪਣੀ ਕਿਤਾਬ ਮਿਸਟਰ ਸ਼ਰਮਨ ਨੂੰ ਭੇਟ ਕੀਤੀ।
ਅਮਰੀਕਾ ਤੋਂ ਜਾਣਕਾਰੀ ਸਾਂਝੀ ਕਰਦਿਆਂ ਡਾ. ਰੂਪ ਸਿੰਘ ਨੇ ਦੱਸਿਆ ਕਿ ਖਾਲਸਾ ਸਾਜਣਾ ਦਿਵਸ ਮੌਕੇ ਹਰ ਸਾਲ ਅਮਰੀਕਾ ਦੇ ਵਿਸ਼ਾਲ ਸ਼ਹਿਰ ਲਾਸ ਏਂਜਲਸ ਵਿਖੇ ਸੰਗਤ ਵੱਲੋਂ ਸਮੂਹਿਕ ਰੂਪ ਵਿਚ ਸਮਾਗਮ ਕਰਵਾ ਕੇ ਕੌਮੀ ਏਕਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।ਡਾ. ਰੂਪ ਸਿੰਘ ਅਨੁਸਾਰ ਸਥਾਨਕ ਗੁਰਦੁਆਰਾ ਕਮੇਟੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਨਵੰਬਰ ਮਹੀਨੇ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਲਈ ਵੀ ਗੱਲਬਾਤ ਕੀਤੀ ਗਈ ਹੈ, ਜਿਸ ’ਤੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਸੰਗਤ ਲੈ ਕੇ ਪੁੱਜਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਮੇਅਰ ਹੈਰੀ ਸਿੱਧੂ, ਰੌਣਕ ਸਿੰਘ, ਭਾਈ ਹਰਭਜਨ ਸਿੰਘ ਜੋਗੀ ਦੇ ਸਪੁੱਤਰ ਭਾਈ ਕੁਲਬੀਰ ਸਿੰਘ, ਡਾ. ਅੰਮ੍ਰਿਤ ਸਿੰਘ ਸੇਖੋਂ, ਕੀਰਤਨ ਸਿੰਘ ਮੁੱਖ ਪ੍ਰਬੰਧਕ ਆਦਿ ਮੌਜੂਦ ਸਨ।
ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਬੇਕਰਜਫੀਲਡ ਇਲਾਕੇ ਵਿਚ ਸਥਿਤ ਗੁਰਦੁਆਰਾ ਸਾਹਿਬ ਵੱਲੋਂ ਕਰਵਾਏ ਗਏ ਸਮਾਗਮ ਵਿਚ ਵੀ ਹਾਜਰੀ ਭਰੀ, ਜਿਥੇ ਉਨ੍ਹਾਂ ਨੂੰ ਨਾਜਰ ਸਿੰਘ ਕੂੰਨਰ ਨੇ ਸਨਮਾਨਿਤ ਕੀਤਾ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply