ਯੂਨੈਸਕੋ ਕਲੱਬਾਂ ਦੇ 20 ਪ੍ਰਾਂਤਾਂ ਤੋਂ 50 ਡੈਲੀਗੇਟ ਲੈਣਗੇ ਹਿੱਸਾ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਾਂ, ਪਿੰਗਲਵਾੜਾ ਸੰਸਥਾ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਸਹਿਯੋਗ ਨਾਲ ਪਿੰਗਲਵਾੜਾ ਦੇ ਮਾਨਾਂਵਾਲਾ ਕੰਪਲੈਕਸ ਵਿਖੇ 20 ਤੋਂ 22 ਅਪ੍ਰੈਲ ਤੱਕ ਤਿੰਨ ਰੋਜ਼ਾ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ।ਜਿਸ ਦਾ ਵਿਸ਼ਾ `ਵਾਤਾਵਰਣ ਅਸੰਤੁਲਨ ਅਤੇ ਮੌਸਮ ਦੇ ਬਦਲਾਅ ਦੀ ਉਭਰਦੀ ਸਮਸਿਆ` ਇਸ ਕਾਨਫਰੰਸ ਵਿਚ ਯੂਨੈਸਕੋ ਕਲੱਬਾਂ ਦੇ 20 ਪ੍ਰਾਂਤਾਂ ਤੋਂ ਕੋਈ 50 ਡੈਲੀਗੇਟ ਹਿੱਸਾ ਲੈ ਰਹੇ ਹਨ।ਇਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਨ ਲਈ ਮਾਲ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸਰਕਾਰੀਆ, ਜਿਲਾ ਅਤੇ ਸੈਸ਼ਨ ਜੱਜ ਕਰਮਜੀਤ ਸਿੰਘ ਨੂੰ ਸੱਦਾ ਦਿਤਾ ਗਿਆ ਹੈ, ਜਦਕਿ ਡਾ. ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੰਸਥਾ ਡਾ. ਐਸ.ਐਸ ਛੀਨਾ ਪ੍ਰਧਾਨ ਕਨਫੈਡਰੇਸ਼ਨ ਆਫ ਯੂਨੈਸਕੋ ਕਲੱਬਾਂ ਭਾਰਤ ਅਤੇ ਧਰਿੰਦਰ ਭਟਨਾਗਰ ਸੈਕਟਰੀ ਜਨਰਲ ਵੀ ਆਪਣੇ ਵਿਚਾਰ ਰੱਖਣਗੇ।ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਡੈਲੀਗੇਟ ਤਿੰਨਾਂ ਦਿਨਾਂ ਦੌਰਾਨ ਵਾਤਾਵਰਣ ਦੀ ਉਭਰਦੀ ਸਮੱਸਿਆ ਬਾਰੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕਰਣਗੇ।
ਡਾ. ਸਰਬਜੀਤ ਸਿੰਘ ਛੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸੰਸਥਾ ਦੀਆਂ ਦੁਨੀਆਂ ਭਰ ਦੇ 192 ਦੇਸ਼ਾਂ ਵਿਚ ਯੂ.ਐਨ.ਓ ਦੇ ਸਿਧਾਤਾਂ ਨੂੰ ਪ੍ਰਚਾਰਣ ਲਈ ਕਲੱਬਾਂ ਬਣੀਆਂ ਹੋਈਆਂ ਹਨ।ਜਿਨਾਂ ਵਿਚ ਭਾਰਤ ਦੇ 30 ਸੂਬਿਆਂ ਵਿੱਚ 1500 ਤੋਂ ਉਪਰ ਕਲੱਬਾਂ ਹਨ।ਇਸ ਉਭਰਦੀ ਸਮੱਸਿਆ ਬਾਰੇ ਵੱਖ-ਵੱਖ ਪ੍ਰਾਂਤਾਂ ਅਤੇ ਅਲੱਗ-ਅਲੱਗ ਬੋਲੀਆਂ ਵਿੱਚ ਪ੍ਰਚਾਰਨ ਦੇ ਉਦੇਸ਼ ਨਾਲ ਵਿਸ਼ਾ ਮਾਹਿਰ ਜਾਣਕਾਰੀ ਦੇਣਗੇ।ਡਾ. ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਸੁਸਾਇਟੀ ਨੇ ਕਿਹਾ ਕਿ ਵਾਤਾਵਰਨ ਦੇ ਬਚਾਅ ਅਤੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ਦੀ ਮਹੱਤਤਾ `ਤੇ ਚਾਨਣਾ ਪਾਇਆ।ਉਨਾਂ ਕਿਹਾ ਕਿ ਕਈ ਸਾਲ ਪਹਿਲਾਂ ਭਗਤ ਪੂਰਨ ਸਿੰਘ ਜੀ ਨੇ ਵਾਤਾਵਰਣ ਦੀ ਸੰਭਾਲ ਤੇ ਪ੍ਰਦੂਸ਼ਣ ਦਾ ਮੁੱਦਾ ਚੁਕਿਆ ਸੀ ਅਤੇ ਕਿਤਾਬਚੇ ਵੀ ਵੰਡੇ ਸਨ।ਇਸ ਕਾਨਫਰੰਸ ਵਿੱਚ ਵੀ ਹਾਜ਼ਰੀਨ ਨੂੰ ਪਿੰਗਲਵਾੜਾ ਵਲੋਂ ਲਿਟਰੇਚਰ ਵੰਡਿਆ ਜਾਵੇਗਾ। ਇਸ ਮੌਕੇ ਤੇ ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਆਦਿ ਇਸ ਵਿੱਚ ਹਾਜ਼ਰ ਸਨ।
Punjab Post Daily Online Newspaper & Print Media