ਹਮਖਿਆਲ ਪਾਰਟੀਆਂ ਦਾ ਸਮਰਥਨ ਲੈਣ ਲਈ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬੀਬੀ ਖਾਲੜਾ – ਬ੍ਰਹਮਪੁਰਾ
ਤਰਨ ਤਾਰਨ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ
ਬ੍ਰਹਮਪੁਰਾ ਨੇ ਅੱਜ ਭੱਠਲ ਭਾਈਕੇ ਦੇ ਸਾਬਕਾ ਸਰਪੰਚ ਜਗੀਰ ਸਿੰਘ ਦੇ ਗ੍ਰਹਿ ਵਿਖੇ ਲੋਕ ਸਭਾ ਹਲਕਾ ਖਡੂਰ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਮੀਟਿੰਗ ਕੀਤੀ।
ਬ੍ਰਹਮਪੁਰਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਬੀ ਖਾਲੜਾ ਦੇ ਪਰਿਵਾਰ ਦਾ ਸਿੱਖ ਕੌਮ ਲਈ ਬਹੁਤ ਵਡਮੱਲਾ ਯੋਗਦਾਨ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਬੀਬੀ ਖਾਲੜਾ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਰਵਾਇਤੀ ਪਾਰਟੀਆਂ ਨੂੰ ਹਰਾਉਣਾ ਲਈ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤਾਂ ਉਹ ਸਾਰੀਆਂ ਹੀ ਹਮਖਿਆਲ ਪਾਰਟੀਆਂ ਦਾ ਸਮਰਥਨ ਹਾਸਿਲ ਕਰ ਸਕਣ।ਉਨ੍ਹਾਂ ਪੰਜਾਬ ਡੈਮੋਕ੍ਰੇਟਿਕ ਐਲਾਇੰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਪੰਜਾਬ ਦੇ ਹਿੱਤਾਂ ਪ੍ਰਤੀ ਸੋਚ ਵਿਚਾਰ ਕਰਨ ਅਤੇ ਬੀਬੀ ਖਾਲੜਾ ਨੂੰ ਹਮਖਿਆਲ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਤਾਂ ਜੋ ਬੀਬੀ ਖਾਲੜਾ ਲੋਕ ਸਭਾ ਵਿਚ ਪਹੁੰਚ ਸਕਣ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੀਬੀ ਜਗੀਰ ਕੌਰ ਦੇ ਕਿਰਦਾਰ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਨਾਂ ਦੀ ਜ਼ਮਾਨਤ ਜ਼ਬਤ ਹੋਵੇਗੀ।
ਇਸ ਮੌਕੇ ਸਾਬਕਾ ਸਰਪੰਚ ਜਗੀਰ ਸਿੰਘ, ਮਨਜਿੰਦਰ ਸਿੰਘ, ਜਸਮੀਤ ਸਿੰਘ ਸਾਬਕਾ ਸਰਪੰਚ, ਪ੍ਰਧਾਨ ਬਲਵਿੰਦਰ ਸਿੰਘ, ਮੁਖਤਿਆਰ ਸਿੰਘ, ਬਾਬਾ ਕਰਤਾਰ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ ਕਾਂਹਲਵਾ, ਗੁਰਮੁੱਖ ਸਿੰਘ ਨੰਬਰਦਾਰ, ਧਿਆਨ ਸਿੰਘ ਨੰਬਰਦਾਰ ਸਾਬਕਾ ਬਲਾਕ ਸੰਮਤੀ ਮੈਬਰ, ਸਾਬਕਾ ਸਰਪੰਚ ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media