ਭੀਖੀ, 21 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਦੇ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੇ ਵਾਅਦਿਆਂ ਦੀ ਫੂਕ ਉਸ ਸਮੇਂ ਨਿਕਲ ਗਈ ਜਦੋਂ ਪਿੱਛਲੇ 4 ਦਿਨਾਂ ਤੋਂ ਕਣਕ ਵਿਕਣ ਦੀ ਉਡੀਕ ਤੋਂ ਅੱਕ ਕੇ ਪਿੰਡ ਫਫੜੇ ਭਾਈਕੇ ਦੇ ਕਿਸਾਨਾਂ ਵਲੋਂ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ। ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਕਿਸਾਨ 15 ਅਪ੍ਰੈਲ ਤੋਂ ਆਪਣੀ ਫਸਲ ਵੇਚਣ ਲਈ ਅਨਾਜ ਮੰਡੀ ਵਿੱਚ ਬੈਠੇ ਹਨ, ਪਰ ਖਰੀਦ ਅਧਿਕਾਰੀ ਕਣਕ ਵਿੱਚ ਸਿੱਲ੍ਹ ਦੀ ਮਾਤਰਾ ਵੱਧ ਹੋਣ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਫਸਲ ਖਰੀਦਣ ਤੋਂ ਭੱਜ ਰਹੇ ਹਨ।ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਾਰਕਿਟ ਕਮੇਟੀਆਂ ਵਲੋਂ ਹਰ ਸਾਲ ਕਿਸਾਨਾਂ `ਤੋਂ ਕਰੋੜਾਂ ਰੁਪਏ ਫੀਸ ਰਾਹੀਂ ਇਕੱਠੇ ਕੀਤੇ ਜਾਂਦੇ ਹਨ, ਪਰ ਕਿਸਾਨਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ।ਉਨ੍ਹਾਂ ਮੰਗ ਕੀਤੀ ਕਿ ਖਰਾਬ ਮੌਸਮ ਨੂੰ ਧਿਆਨ ਵਿੱਚ ਰਖਦੇ ਹੋਏ ਕਣਕ ਦੀ ਖਰੀਦ ਸਮੇਂ ਸਖਤ ਸ਼ਰਤਾਂ ਵਿੱਚ ਢਿੱਲ ਦਿੱਤੀ ਜਾਵੇ, ਕਣਕ ਵਿੱਚ ਨਮੀਂ ਦੀ ਮਾਤਰਾ 12 ਤੋਂ ਵਧਾ ਕੇ 16 ਕੀਤੀ ਜਾਵੇ ਅਤੇ ਮੰਡੀ ਵਿੱਚ ਕਣਕ ਦੀ ਫਸਲ ਦੀ ਖਰੀਦ ਤੁਰੰਤ ਕੀਤੀ ਜਾਵੇ। ਕਿਸਾਨਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਦੀ ਇਹ ਸਮੱਸਿਆ ਤੁਰੰਤ ਹੱਲ ਨਾ ਕੀਤੀ ਤਾਂ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਪੈਣਾ ਅਤੇ ਜ਼ਾਮ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ `ਤੇ ਕਿਸਾਨ ਆਗੂ ਦਿਲਬਾਗ ਸਿੰਘ, ਬਹਾਦਰ ਸਿੰਘ, ਸੀਤਾ ਰਾਮ, ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media