ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਦੇ ਮਾਲ ਮੰਤਰੀ ਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ
ਸਰਕਾਰੀਆ ਨੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਓਠੀਆਂ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਪੂਰੀ ਤਰਾਂ ਭਖਾਉਂਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਅਗਵਾਈ ਹੇਠ ਵਿਸ਼ਾਲ ਚੋਣ ਰੈਲੀ ਕਰਵਾਈ ਗਈ।
ਸਰਕਾਰੀਆ ਨੇ ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਪੰਥਕ ਪਾਰਟੀ ਹੋਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਅਤੇ ਪੰਜਾਬ ਵਾਸੀਆਂ ਨਾਲ ਹਮੇਸ਼ਾਂ ਝੂਠ ਬੋਲ ਕੇ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਹੋਸ਼ੀ ਰਾਜਨੀਤੀ ਕੀਤੀ ਜਾਂਦੀ ਰਹੀ ਹੈ, ਜਦਕਿ ਸਿੱਖ ਧਰਮ ਦੇ ਠੇਕੇਦਾਰ ਹੋਣ ਦਾ ਮੁਖੌਟਾ ਪਾਈ ਬੈਠੇ ਅਕਾਲੀ ਦਲ ਦੀ ਸਰਕਾਰ ਸਮੇਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਤ ਬਰਗਾੜੀ ਕਾਂਡ ਵਾਪਰਿਆ।ਪਰ ਦਿਲ ਕੰਬਾਊ ਘਟਨਾ ਦੇ ਵਾਪਰ ਜਾਣ ਤੇ ਵੀ ਅੱਖਾਂ ਬੰਦ ਕਰਕੇ ਬੈਠੀ ਅਕਾਲੀ ਸਰਕਾਰ ਨੇ ਸਿੱਖ ਤੇ ਪੰਜਾਬ ਦੇ ਮੁਦਿਆਂ ਤੋਂ ਮੁੱਖ ਮੋੜੀ ਰੱਖਿਆ।ਜਦ ਪੰਜਾਬ ਵਾਸੀਆਂ ਨੇ ਉਨ੍ਹਾਂ ਦੇ ਜੁਰਮਾਂ ਦੀ ਸਜਾ ਉਨਾਂ ਨੂੰ ਪੰਜਾਬ ਦੀ ਸਿਆਸਤ ਤੋਂ ਬਾਹਰ ਕੱਢ ਕੇ ਦਿਤੀ ਹੈ ਪਰ ਅਕਾਲੀ ਦਲ ਦੁਬਾਰਾ ਪੰਜਾਬ ਦੀ ਸੱਤਾ ਚ’ ਆਉਣ ਲਈ ਤਰਲੋਮੱਛੀ ਹੋ ਰਿਹਾ ਹੈ।
ਰੈਲੀ ਨੂੰ ਸੰਬੋਧਨ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਦੇਸ਼ ਦੀਆਂ ਬਹਾਦਰ ਫੌਜਾਂ ਤੇ ਦੇਸ਼ ਦੇ ਸ਼ਹੀਦਾਂ ਦੇ ਨਾਮ ਤੇ ਝੂਠ ਦੀ ਰਾਜਨੀਤੀ ਕਰ ਦੇਸ਼ ਵਾਸੀਆਂ ਨੂੰ ਧੋਖਾ ਦਿਤਾ ਜਾ ਰਿਹਾ ਹੈ।ਔਜਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਤੇ ਭਾਜਪਾ ਉਮੀਦਵਾਰ ਨੇ ਪੰਜਾਬ ਜਾਂ ਅੰਮ੍ਰਿਤਸਰ ਦੇ ਵਿਕਾਸ ਲਈ ਕੋਈ ਕਦਮ ਨਹੀਂ ਉਠਾਇਆ ਤੇ ਨਾਂ ਹੀ ਮੋਦੀ ਸਰਕਾਰ ਵਲੋਂ ਧਾਰਮਿਕ ਸਥਾਨਾਂ ਤੇ ਲੱਗਣ ਵਾਲੇ ਲੰਗਰਾਂ `ਤੇ ਲਗਾਇਆ ਗਿਆ ਜਜੀਆ ਟੈਕਸ (ਜੀ.ਐਸ.ਟੀ) ਨੂੰ ਹਟਾਉਣ, ਸਿੱਕਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਤੋੜਨ ਖਿਲਾਫ ਇਕ ਵੀ ਸ਼ਬਦ ਬੋਲਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਲਰਾਜ ਸਿੰਘ ਸਰਕਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸਵਿੰਦਰ ਸਿੰਘ ਦੁੱਲਾ ਓਠੀਆਂ, ਸਰਪੰਚ ਤੇਜਬੀਰ ਸਿੰਘ ਭੋਲਾ ਬੱਗਾ ਕਲਾਂ, ਸਰਪੰਚ ਪਰਮਜੀਤ ਸਿੰਘ ਬੱਗਾ ਖੁਰਦ, ਸਾ: ਸਰਪੰਚ ਦਲਜੀਤ ਸਿੰਘ ਓਠੀਆਂ, ਸਰਪੰਚ ਬੇਅੰਤ ਸਿੰਘ ਕੜਿਆਲ, ਸਰਪੰਚ ਮੁਖਤਾਰ ਸਿੰਘ ਛੀਨਾ ਕਰਮ ਸਿੰਘ, ਸਰਪੰਚ ਪ੍ਰਗਟ ਸਿੰਘ ਉਮਰਪੁਰਾ ਆਦਿ ਕਾਂਗਰਸੀ ਆਗੂ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media