ਬੋਰਡ ਵਿਚ ਸੋਧ ਲਈ ਪ੍ਰਾਜੈਕਟ ਡਾਇਰੈਕਟਰ ਤੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਨੈਸ਼ਨਲ ਹਾਈਵੇ ਅਥਾਰਟੀ ਭਾਰਤ ਵੱਲੋਂ ਸਥਾਨਕ ਸ਼ਹਿਰ ਦੇ ਬਾਈਪਾਸ ’ਤੇ ਲਗਾਏ ਗਏ ਸੂਚਕ ਬੋਰਡ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਰਸਤਾ ਦਰਸਾਉਣ ਲਈ ਸੁਨਹਿਰੀ ਮੰਦਰ ਲਿਖੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਧਾਰਮਿਕ ਅਸਥਾਨ ਹੈ ਅਤੇ ਇਸ ਨੂੰ ਸੋਨ ਮੰਦਰ ਵਜੋਂ ਪੇਸ਼ ਕਰਨਾ ਸਿੱਖ ਸਿਧਾਂਤਾਂ, ਰਵਾਇਤਾਂ, ਇਤਿਹਾਸ ਅਤੇ ਪ੍ਰੰਪਰਾਵਾਂ ਦੇ ਬਿਲਕੁੱਲ ਉਲਟ ਹੈ।ਉਨ੍ਹਾਂ ਆਖਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਦੀ ਇਸ ਗਲਤੀ ਕਾਰਨ ਸਿੱਖ ਜਗਤ ਵਿਚ ਰੋਸ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਈ ਮੰਦਰ ਨਹੀਂ ਹੈ।ਉਨ੍ਹਾਂ ਕਿਹਾ ਕਿ ਜਦੋਂ ਸਭ ਨੂੰ ਇਹ ਜਾਣਕਾਰੀ ਹੈ ਕਿ ਇਹ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਪੰਜਾਬ ਅਤੇ ਖ਼ਾਸਕਰ ਸ੍ਰੀ ਅੰਮ੍ਰਿਤਸਰ ਸ਼ਹਿਰ ਅੰਦਰ ਜਿਥੇ ਇਹ ਪਾਵਨ ਅਸਥਾਨ ਸਥਿਤ ਹੈ ਵਿਖੇ ਇਸ ਦੇ ਨਾਮ ਨੂੰ ਵਿਗਾੜ ਕੇ ਪੇਸ਼ ਕਰਨਾ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਲਗਦਾ ਹੈ।ਡਾ. ਰੂਪ ਸਿੰਘ ਨੇ ਆਖਿਆ ਕਿ ਸਬੰਧਤ ਵਿਭਾਗ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਸ ਬੋਰਡ ਨੂੰ ਬਦਲਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਦੇ ਪ੍ਰਾਜੈਕਟਰ ਡਾਇਰੈਕਟਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ। ਡਾ. ਰੂਪ ਸਿੰਘ ਨੇ ਆਖਿਆ ਕਿ ਸਿੱਖ ਇਤਿਹਾਸ, ਸਿੱਖ ਧਾਰਮਿਕ ਅਸਥਾਨਾਂ ਅਤੇ ਸਿੱਖ ਰਵਾਇਤਾਂ ਦੀ ਮੌਲਿਕਤਾ ਨੂੰ ਕਿਸੇ ਹਾਲਤ ਵਿਚ ਵੀ ਵਿਗਾੜਨ ਨਹੀਂ ਦਿੱਤਾ ਜਾਵੇਗਾ।ਉਨ੍ਹਾਂ ਭਾਰਤ ਅਤੇ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਕਿ ਅਜਿਹੇ ਬੋਰਡ ਲਗਾਉਣ ਸਮੇਂ ਸ਼੍ਰੋਮਣੀ ਕਮੇਟੀ ਨਾਲ ਅਗਾਊਂ ਸੰਪਰਕ ਕੀਤਾ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕੇ। ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਰ ਦਰਸਾਉਂਦਾ ਇਹ ਬੋਰਡ ਸਥਾਨਕ ਮਜੀਠਾ ਰੋਡ ਬਾਈਪਾਸ ’ਤੇ ਲੱਗਾ ਹੋਇਆ ਹੈ।
Punjab Post Daily Online Newspaper & Print Media