ਹਾਲੇ ਤੱਕ ਨਹੀ ਪਹੁੰਚਾਇਆ ਕੋਈ ਅਧਿਕਾਰੀ
ਫਾਜਿਲਕਾ, 13 ਸਤੰਬਰ ( ਵਿਨੀਤ ਅਰੋੜਾ ) – ਬੀਤੇ ਦਿਨੀ ਹੋਈ ਤੇਜ ਬਰਸਾਤ ਨਾਲ ਪਿੰਡ ਲੱਖੇਕੇ ਮੁਸਾਹਿਬ ਵਿਖੇ ਦੋਂ ਕੱਚੇ ਮਕਾਨ ਡਿੱਗ ਪਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਪੁਤਰ ਦਿਆਲ ਸਿੰਘ ਨੇ ਦੱਸਿਆ ਕਿ ਬਰਸਾਤ ਨਾਲ ਉਸਦਾ ਕੱਚਾ ਕਮਰਾ ਡਿੱਗ ਪਿਆ ਅਤੇ ਕਮਰੇਂ ਵਿਚ ਮੌਜ਼ੂਦ ਸਾਈਕਲ ਅਤੇ ਹੋਰ ਸਾਮਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਜਿਸ ਵਕਤ ਕਮਰੇ ਦੀ ਛੱਤ ਡਿੱਗੀ, ਉਹ ਬਾਹਰ ਕੰਮ ਕਰ ਰਹੇ ਸਨ, ਜੇਕਰ ਉਹ ਕਮਰੇਂ ਵਿਚ ਮੌਜ਼ੂਦ ਹੁੰਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਕਮਰਾ ਡਿੱਗੇ ਨੂੰ ਕਾਫੀ ਦਿਨ ਹੋ ਚੁੱਕੇ ਹਨ, ਪ੍ਰੰਤੂ ਹਾਲੇ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਵੀ ਸਰਵੇ ਅਧਿਕਾਰੀ ਨਹੀ ਭੇਜਿਆ ਗਿਆ। ਇਸਤੋਂ ਇਲਾਵਾ ਜਨਕ ਸਿੰਘ ਪੁਤਰ ਬਖ਼ਤਾਵਰ ਸਿੰਘ ਅਤੇ ਕੁਸ਼ੱਲਿਆ ਬਾਈ ਪਤਨੀ ਬਖ਼ਤਾਵਰ ਸਿੰਘ ਨੇ ਦੱਸਿਆ ਕਿ ਬਰਸਾਤ ਨਾਲ ਉਸਦਾ ਇਕ ਕਮਰਾ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਿਆ।ਪ੍ਰਭਾਵਿਤ ਪਰਿਵਾਰਕ ਮੈਂਬਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਡਿੱਗੇ ਕਮਰੇ ਦਾ ਸਰਵੇ ਕਰਵਾਕੇ ਮੁਆਵਜਾ ਮੁਹਈਆਂ ਕਰਵਾਇਆ ਜਾਵੇ ਤਾਂ ਜੋਂ ਉਹ ਫ਼ਿਰ ਤੋਂ ਆਪਣੇ ਰਹਿਣ ਲਈ ਮਕਾਨ ਬਣਾ ਸਕਣ। ਇਸ ਸਬੰਧੀ ਜਦੋਂ ਹਲਕਾ ਪਟਵਾਰੀ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਅਤੇ ਮਕਾਨ ਦੇ ਸਰਵੇ ਲਈ ਭੂਮੀ ਰੱਖਿਆ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ, ਉਹ ਜਲਦੀ ਤੋਂ ਜਲਦੀ ਪਹੁੰਚਕੇ ਸਰਵਾ ਕਰੇਗਾ।