ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਮਾਜ-ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਲੜ ਰਹੇ
ਸਾਰੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਗੁਰੂ ਨਗਰੀ ਦੇ ਵਿਕਾਸ ਨੂੰ ਸਮਰਪਿਤ ਮੁੱਦੇ ਨਜ਼ਰਅੰਦਾਜ਼ ਕੀਤੇ ਜਾਣ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ, ਸਰਪ੍ਰਸਤ ਪ੍ਰਿੰ. ਕੁਲਵੰਤ ਸਿੰਘ ਅਣਖੀ, ਪੋ੍ਰ. ਮੋਹਣ ਸਿੰਘ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਮੀਦਵਾਰਾਂ ਨੂੰ ਚੋਣ ਮੰਗ-ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਵਾਸੀਆਂ ਤੇ ਇਥੇ ਰੋਜ਼ਾਨਾ ਲੱਖਾਂ ਦੀ ਗਿਣਤੀ `ਚ ਆਉਣ ਵਾਲੇ ਸ਼ਰਧਾਲੂਆਂ ਤੇ ਯਾਤਰੂਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਚੋਣ ਪ੍ਰਚਾਰ ਦੇ ਮੁੱਦਿਆਂ ਵਜੋਂ ਉਭਾਰਿਆ ਜਾਵੇ, ਤਾਂ ਜੋ ਚੋਣ ਦੰਗਲ ਜਿੱਤਣ ਵਾਲਾ ਉਮੀਦਵਾਰ ਇਹਨਾਂ ਮੁਦਿਆਂ ਦੇ ਹੱਲ ਲਈ ਵਚਨਬੱਧ ਹੋਵੇ।
ਚੋਣ ਮੰਗ ਪੱਤਰ ਅਨੁਸਾਰ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ-ਅੰਮ੍ਰਿਤਸਰ-ਦਿੱਲੀ ਅਤੇ ਬਰਮਿੰਘਮ-ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਟਰਾਟੋਂ, ਅੰਮ੍ਰਿਤਸਰ-ਵੈਨਕੂਵਰ, ਅੰਮ੍ਰਿਤਸਰ-ਮਿਲਾਨ ਅਤੇ ਐਮੀਰੇਟਸ, ਇਤਿਹਾਦ, ੳਮਾਨ ਏਅਰਵੇਜ, ਟਰਕਿਸ਼ ਏਅਰਲਾਈਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁੱਬਈ, ਅਬੂਧਾਬੀ, ਮੱਸਕਟ, ਇਸਤਨਬੋਲ, ਲਈ ਸਿੱਧੀਆਂ ਉਡਾਣਾ ਚਾਲੂ ਕਰਾਉਣ ਲਈ ‘ਪੁਆਇੰਟ ਆਫ ਕਾਲ’ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ ਦਾ ਵੋਟਰਾਂ ਨੂੰ ਭਰੋਸਾ ਦਿਵਾਇਆ ਜਾਵੇ।
ਕੇਂਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਵਲੋਂ ਆਪਣੀ ਸਰਕਾਰ ਦੇ ਪਲੇਠੇ ਬਜ਼ਟ ਵਿੱਚ ਇੰਡੀਅਨ ਇੰਸਟੀਚਿਊਟ ਆਫ ਮੈਨਜਮੈਟ ਅੰਮ੍ਰਿਤਸਰ (ਆਈ.ਆਈ.ਐਮ) ਦੀ ਸਥਾਪਨਾ ਦੀ ਪ੍ਰਵਾਨਗੀ 2014 ਵਿਚ ਦੇ ਦਿੱਤੀ ਸੀ।ਪੂਰੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਸੰਸਥਾ ਦੇ ਕੈਂਪਸ ਦੀ ਉਸਾਰੀ ਤੇ ਇੱਕ ਇੱਟ ਵੀ ਨਹੀਂ ਲੱਗੀ।ਹੋਸਟਲ ਲਈ ਕਿਰਾਏ ਤੇ ਲਈ ਇਮਾਰਤ ਦਾ 15 ਲੱਖ ਰੁਪਏ ਪ੍ਰਤੀ ਮਹੀਨਾ ਖਰਚ ਕੇ ਸੰਸਥਾ ਦੇ ਵਿੱਤੀ ਸੋਮਿਆਂ ਦਾ ਉਜਾੜਾ ਹੋ ਰਿਹਾ ਹੈ।ਸੰਸਥਾ ਦੇ ਕੈਂਪਸ ਦੀ ਉਸਾਰੀ ਅਤੇ ਇਸ ਦੇ ਪ੍ਰਬੰਧ ਵਿੱਚ ਨਿਪੰੁਨਤਾ ਤੇ ਨਿਖਾਰ ਲਿਆਉਣ ਲਈ ਪੱਕੇ ਡਾਇਰੈਕਟਰ ਦੀ ਨਿਯੁੱਕਤੀ ਛੇਤੀ ਕਰਾਉਣ ਲਈ ਪਹਿਲ ਦੇ ਅਧਾਰ `ਤੇ ਯਤਨ ਹੋਣ।
ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਐਜੂਕੇਸ਼ਨ ਐਂਡ ਰਿਸਰਚ ਸੰਸਥਾ ਅੰਮ੍ਰਿਤਸਰ ਦੀ ਸਥਾਪਨਾ ਦੀ ਪ੍ਰਵਾਨਗੀ ਕੇਂਦਰੀ ਸਰਕਾਰ ਵੱਲੋ 2015 ਵਿਚ ਦੇ ਦਿੱਤੀ ਗਈ ਸੀ। ਪੰਜਾਬ ਸਰਕਾਰ ਦੇ ਅਟਾਰੀ ਵਿਖੇ 100 ਏਕੜ ਜਮੀਨ ਸੰਸਥਾ ਨੂੰ ਦੇ ਦਿੱਤੀ ਹੈ।ਪ੍ਰੰਤੂ ਇਸ ਸੰਸਥਾ ਨੂੰ ਸ਼ੁਰੂ ਕਰਨ ਅਤੇ ਚਲਾਉਣ ਲਈ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਕੋਈ ਪਹਿਲ ਕਦਮੀ ਨਹੀ ਕੀਤੀ।ਇਸ ਕੌਮੀ ਪੱਧਰ ਦੀ ਖੇਤੀ ਖੋਜ-ਕਾਰਜ ਵਾਲੀ ਸੰਸਥਾ ਨੂੰ ਸ਼ੁਰੂ ਕਰਨ ਲਈ ਨਿੱਗਰ ਉਪਰਾਲੇ ਕੀਤੇ ਜਾਣ।
ਅੰਮ੍ਰਿਤਸਰ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਲਈ ਕੋਈ ਹਸਪਤਾਲ ਜਾਂ ਸੰਸਥਾ ਨਹੀ ਹੈ।ਅੰਮ੍ਰਿਤਸਰ ਦੇ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ) ਵਿਚ ਅਪਗਰੇਡ ਕਰਨ ਲਈ ਸੁਹਿਰਦ ਯਤਨ ਹੋਣ।
ਸਾਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ ਦੀ ਉਸਾਰੀ ਦੀ ਚਾਲ ਤੇਜ਼ ਕਰ ਕੇ ਸੰਸਥਾ ਦੀ ਉਸਾਰੀ ਛੇਤੀ ਪੂਰੀ ਕਰਕੇ ਇਸ ਨੂੰ ਕਾਰਜਸ਼ੀਲ ਬਣਾਇਆ ਜਾਵੇ।
ਬੰਗਲੌਰ ਦੀ ਸਿਲੀਕੌਨ ਵੈਲੀ ਅਤੇ ਚੰਡੀਗੜ੍ਹ ਦੀ ਇਨਫਰਮੇਸ਼ਨ ਟੈਕਨਾਲੌਜੀ ਪਾਰਕ ਦੀ ਤਰਜ਼ `ਤੇ ਅੰਮ੍ਰਿਤਸਰ ਵਿੱਚ ਇਨਫਰਮੇਸ਼ਨ ਟੈਕਨਾਲੌਜੀ ਪਾਰਕ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸਥਾਪਿਤ ਕੀਤੀ ਜਾਵੇ।
ਸੰਸਾਰ-ਬੈਂਕ ਅਤੇ ਏਸ਼ੀਅਨ ਬੈਂਕ ਵਲੋ ਸਹਾਇਤਾ ਪ੍ਰਾਪਤ ਅੰਮ੍ਰਿਤਸਰ ਸ਼ਹਿਰ ਨੂੰ ਪੀਣਯੋਗ ਅਤੇ ਨਿਰਮਲ ਜਲ ਦੀ ਸਪਲਾਈ ਦਾ ਪ੍ਰਾਜੈਕਟ ਛੇਤੀ ਸ਼ੁਰੂ ਕਰਕੇ ਚਾਲੂ ਕੀਤਾ ਜਾਵੇ।
ਪੱਟੀ-ਮੱਖੂ ਰੇਲ ਲਿੰਕ ਦੀ ਉਸਾਰੀ ਲਈ ਲੋੜੀਂਦੇ ਫੰਡ ਜਾਰੀ ਕਰਕੇ ਇਸ ਪ੍ਰਾਜੈਕਟ ਨੂੰ ਪੂਰਾ ਕਰਨਾ।
ਦੇਸ਼ ਦੀ ਸੁਰੱਖਿਆ ਅਤੇ ਪ੍ਰਚਾਰ ਲਈ ਮਹੱਤਵਪੂਰਨ ਉਚ ਸ਼ਕਤੀ ਟੀ.ਵੀ ਅਤੇ ਰੇਡਿਓ ਸਟੇਸ਼ਨ (ਘਰਿੰਡਾ) ਨੂੰ ਪ੍ਰਵਾਣਿਤ ਸਕੀਮ ਅਨੁਸਾਰ ਪੂਰਾ ਕਰਕੇ ਚਾਲੂ ਹੋਵੇ।
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਮਿਆਰੀ ਬਨਾਉਣ ਲਈ ਲੋੜੀਂਦੇ ਯਤਨ ਹੋਣ।
ਅਵਾਰਾ ਕੱਤਿਆਂ ਦੀ ਦਹਿਸ਼ਤ ਅਤੇ ਸਹਿਮ ਤੋਂ ਨਿਜ਼ਾਤ ਦਿਵਾਉਣ ਲਈ `ਐਨੀਮਲ ਵੈਲਫੇਅਰ ਕਾਨੂੰਨ` `ਚ ਜਰੂਰੀ ਸੋਧਾਂ ਕਰਨ ਲਈ ਪਾਰਲੀਮੈਂਟ ਵਿੱਚ ਯਤਨ ਕੀਤੇ ਜਾਣ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media