ਅੰਮ੍ਰਿਤਸਰ (ਆਸਟਰੇਲੀਆ), 11 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਕਿਸਾਨਾਂ ਦੀ ਆਬਾਦੀ ਵਾਲੇ ਪਿੰਡ ਵੁਲਗੂਲਗਾ ਵਿੱਚ ਜੂਨ 1968 ਵਾਲੇ ਦਿਨ
ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ।ਉਸ ਦੀ ਵਿਸ਼ਾਲ ਅਤੇ ਨਵੀਂ ਦੋ ਮੰਜ਼ਲਾ ਇਮਾਰਤ ਦਾ ਉਦਘਾਟਨ ਪਿੱਛਲੇ ਦਿਨੀ ਬੜੇ ਉਤਸ਼ਾਹ ਅਤੇ ਧਾਰਮਿਕ ਭਾਵਨਾ ਸਹਿਤ, ਕੀਤਾ ਗਿਆ।ਤਿੰਨੇ ਦਿਨ ਧਾਰਮਿਕ ਦੀਵਾਨ ਸਜਦੇ ਰਹੇ।ਗੁਰੂ ਕਾ ਲੰਗਰ ਅਤੁੱਟ ਵਰਤਦਾ ਰਿਹਾ।ਸ਼ਨੀਵਾਰ ਵਾਲੇ ਦਿਨ ਪਿੰਡ ਵਿਚ ਬੜੀ ਸ਼ਾਨ ਨਾਲ਼ ਨਗਰ ਕੀਰਤਨ ਕੱਢਿਆ ਗਿਆ।
ਇਸ ਨਗਰ ਕੀਰਤਨ ਵਿਚ ਏਥੋਂ ਦੇ ਸਾਬਕਾ ਫੌਜੀਆਂ ਦੀ ਜਥੇਬੰਦੀ ‘ਰਿਟਰਨ ਸੋਲਜ਼ਰ ਲੀਗ’ ਵੀ ਆਪਣੇ ਝੰਡੇ ਸਮੇਤ, ਸ਼ਾਮਲ ਹੋਈ ਅਤੇ ਉਸ ਦੇ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗੇਟ ਉਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨ ਪੇਸ਼ ਕੀਤਾ ਗਿਆ।
ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਦੀ ਨਵੀਂ ਵਿਸ਼ਾਲ ਇਮਾਰਤ ਵਿਚ ਭਰਪੂਰ ਦੀਵਾਨ ਸਜਿਆ।ਸਟੇਜ ਦੀ ਜਿੰਮੇਵਾਰੀ, ਹਰਮਨ ਰੇਡੀਉ ਦੇ ਡਾਇਰੈਕਟਰ, ਅਮਨਦੀਪ ਸਿੱਧੂ ਨੇ ਨਿਭਾਈ।ਇਸ ਵਿਚ ਨਿਊ ਸਾਊਥ ਵੇਲਜ਼ ਦੇ ਨਵੇਂ ਚੁਣੇ ਗਏ ਪਹਿਲੇ ਪੰਜਾਬੀ ਐਮ.ਪੀ ਗੁਰਮੇਸ਼ ਸਿੰਘ, ਅਤੇ ਵੂਲਗੂਲਗਾ ਦੇ ਹੀ ਵਸਨੀਕ, ਡਿਪਟੀ ਮੇਅਰ ਜੋਰਾਵਰ ਸਿੰਘ ਅੜਕਣ ਤੋਂ ਇਲਾਵਾ ਆਸਟ੍ਰੇਲੀਅਨ ਸਿਆਸਤਦਾਨਾਂ ਨੇ ਵੀ ਆਪਣੇ ਵਿਚਾਰ ਪਰਗਟ ਕੀਤੇ।ਉਹਨਾਂ ਵਿਚ ਕਵੀਨਜ਼ਲੈਂਡ ਤੋਂ ਬਾਬ ਕੈਟ ਐਮ.ਪੀ, ਨਿਊ ਸਾਊਥ ਵੇਲਜ਼ ਤੋਂ ਕੈਵਿਨ ਹੌਗਨ ਐਮ.ਪੀ, ਐਂਡਰਿਊ ਫਰੈਸ਼ਰ ਸਾਬਕਾ ਐਮ.ਪੀ ਆਦਿ ਨੇ ਇਸ ਸ਼ੁਭ ਅਵਸਰ ਤੇ ਸਿੱਖ ਸਮਾਜ ਨੂੰ ਵਧਾਈ ਦਿਤੀ।
ਗਿ. ਹਰਜਿੰਦਰ ਸਿੰਘ ਹੰਬੜਾਂਵਾਲੇ ਹੈਡ ਗ੍ਰੰਥੀ ਫਸਟ ਸਿੱਖ ਟੈਂਪਲ, ਗਿ. ਸਤਨਾਮ ਸਿੰਘ ਖਾਲਸਾ, ਕੇਨਜ਼ ਤੋਂ ਅਤੇ ਸਤਨਾਮ ਸਿੰਘ ਪੱਟੀ, ਦੇਸੋਂ ਆਏ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਆਪੋ ਆਪਣੇ ਜਥਿਆਂ ਸਮੇਤ ਸੰਗਤ ਨੂੰ ਕੀਰਤਨ ਸੁਣਾ ਕੇ ਨਿਹਾਲ ਕੀਤਾ।
ਗੁਰਦੁਆਰਾ ਸਾਹਿਬ ਜੀ ਦੇ ਸਾਬਕਾ ਪ੍ਰਧਾਨ ਡਾ. ਅਮਰਜੀਤ ਸਿੰਘ ਮੋਰ ਨੇ ਮੂਲ ਮੰਤਰ ਦਾ ਪਾਠ ਅਤੇ ਅੰਗ੍ਰੇਜ਼ੀ ਵਿਚ ਉਸ ਦੇ ਅਰਥ ਕਰ ਕੇ ਸੁਣਾਏ ਤਾਂ ਕਿ ਪੰਜਾਬੀ ਨਾ ਜਾਨਣ ਵਾਲੇ ਸੱਜਣ ਵੀ ਗੁਰੂ ਸਿੱਖਿਆ ਤੋਂ ਲਾਭ ਉਠਾ ਸਕਣ। ਗੁਰਦੁਆਰਾ ਸਾਹਿਬ ਜੀ ਦੇ ਮੌਜੂਦਾ ਪ੍ਰਧਾਨ ਨਿਰਮਲ ਸਿੰਘ ਕੰਦੋਲਾ, ਜੋ ਕਿ ਲੰਮੇ ਸਮੇ ਤੋਂ ਗੁਰੂ ਘਰ ਦੇ ਗ੍ਰੰਥੀ ਵਜੋਂ ਵੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ, ਨੇ ਆਏ ਵਿਸ਼ੇਸ਼ ਵਿਅਕਤੀਆਂ ਨੂੰ ਗੁਰੂ ਘਰ ਵਲੋਂ ਸਿਰੋਪੇ ਬਖਸ਼ਿਸ਼ ਕਰ ਕੇ ਮਾਣ ਕੀਤਾ।
ਇਸ ਮਹਾਨ ਸ਼ੁਭ ਅਵਸਰ ‘ਤੇ ਵੂਲਗੂਲਗਾ ਅਤੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਵਿਚ ਬੜਾ ਭਾਰੀ ਉਤਸ਼ਾਹ ਵੇਖਿਆ ਗਿਆ।ਸਭ ਤੋਂ ਚੰਗੀ ਗੱਲ ਇਹ ਹੋਈ ਕਿ ਪ੍ਰਬੰਧਕਾਂ ਦੀ ਹਲੀਮੀ ਅਤੇ ਸਿਆਣਪ ਸਦਕਾ, ਦੂਸਰੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਵੀ, ਆਪਣਾ ਸਾਂਝਾ ਕਾਰਜ ਜਾਣ ਕੇ ਹਰ ਤਰ੍ਹਾਂ ਭਰਪੂਰ ਹਿੱਸਾ ਪਾਇਆ। ਭਾਵੇਂ ਉਹ ਉਗਰਾਹੀ ਦਾ ਕਾਰਜ ਸੀ, ਜਾਂ ਦੀਵਾਨ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋਣਾ ਸੀ ਤੇ ਜਾਂ ਹੋਰ ਸੇਵਾਵਾਂ ਵਿਚ ਹਿੱਸਾ ਪਾਉਣਾ ਸੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media