Thursday, June 5, 2025
Breaking News

ਓਕਲਾਹਾਮਾ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਰਮਿਆਨ ਅਹਿਮ ਸਮਝੌਤਾ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਉਤਰੀ ਅਮਰੀਕਾ ਵਿਚ ਸਿਖਿਆ ਅਤੇ ਖੋਜ ਵਿਚ ਆਪਣੇ ਕਦਮ ਵਧਾਉਣ ਹਿਤ ਗੁਰੂ PUNJ1105201922ਨਾਨਕ ਦੇਵ ਯੂਨੀਵਰਸਿਟੀ ਨੇ ਇਕ ਹੋਰ ਅਹਿਮ ਸਮਝੌਤੇ ਨੂੰ ਨੇਪਰੇ ਚਾੜ੍ਹਿਆ ਹੈ।ਓਕਲਾਹੋਮਾ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਕਾਰ ਇਕ ਵਿਸ਼ੇਸ ਸਮਝੌਤਾ ਹੋਇਆ ਜਿਸ ਅਧੀਨ ਸਿਖਿਆ, ਖੋਜ ਅਤੇ ਵਿਸ਼ੇਸ ਕਰ ਮੈਡੀਕਲ ਖੇਤਰ ਵਿਚ ਖੋਜਾਰਥੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਮੌਕੇ ਪ੍ਰਦਾਨ ਕੀਤੇ ਜਾਣਗੇ।ਓਕਲਾਹੋਮਾ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਜੋ ਕਿ ਇਕ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਹੈ, ਵਿਚ ਸੁਯੋਗ ਫੈਕਲਟੀ ਮੈਂਬਰ, ਅਤਿ ਆਧੁਨਿਕ ਸਹੂਲਤਾਂ ਅਤੇ ਨਵੀਂ ਤਕਨਾਲੋਜੀ ਨਾਲ ਲੈਸ ਮਸ਼ੀਨਾਂ ਅਤੇ ਪ੍ਰਯੋਗਸ਼ਾਲਾਵਾਂ ਹਨ।ਇਸ ਸਮਝੌਤੇ ਨਾਲ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਖੋਜਾਰਥੀਆਂ ਨੂੰ ਲਾਭ ਪੁੱਜੇਗਾ ਉਥੇ ਦੇਸ਼ ਦਾ ਹਿਤ ਵਧੇਗਾ। ਇਸ ਤੋਂ ਇਲਾਵਾ ਓਕਲਾਹੋਮਾ ਯੂਨੀਵਰਸਿਟੀ ਨੂੰ ਵੀ ਸਮਝੌਤੇ ਦਾ ਵਿਸ਼ੇਸ਼ ਲਾਭ ਪਹੁੰਚੇਗਾ।
                  ਓਕਲਾਹਾਮਾ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਅਮਰੀਕਾ ਦੇ ਇਕ ਉੱਚ ਪੱਧਰੀ ਡੈਲੀਗੇਸ਼ਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਜਿਸ ਦੀ ਅਗਵਾਈ ਯੂਨੀਵਰਸਿਟੀ ਦੇ ਓਕਲਾਹੋਮਾ ਹੈਲਥ ਸਾਇੰਸ ਸੈਂਟਰ ਦੇ ਜੈਨੇਟਿਕ ਐਪੀਡੈਮੀਲੋਜੀ ਲੈਬਾਰਟਰੀ ਦੇ ਡਾਇਰੈਕਟਰ ਡਾ. ਧਰਮਬੀਰ ਕੇ ਸੰਘੇਰਾ ਨੇ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਓਕਲਾਹਾਮਾ ਯੂਨੀਵਰਸਿਟੀ ਦੇ ਆਪਸੀ ਅਕਾਦਮਿਕ ਅਤੇ ਖੋਜ ਸਬੰਧੀ ਸਹਿਯੋਗ ਲਈ ਮੌਕੇ ਪੈਦਾ ਕਰਨ ਉਪਰ ਵਿਚਾਰ ਵਟਾਂਦਰਾ ਕੀਤਾ।ਇਸ ਵਿਚਾਰ ਵਟਾਂਦਰੇ ਵਿਚ ਮੁੱਖ ਤੌਰ ਤੇ ਪੀ.ਐਚ.ਡੀ ਜਾਂ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਨੂੰ ਓਕਲਾਹਾਮਾ ਯੂਨੀਵਰਸਿਟੀ ਦੇ ਖੋਜਾਰਥੀਆਂ ਅਤੇ ਵਿਦਵਾਨਾਂ ਨਾਲ ਮਿਲ ਕੇ ਆਪਣੇ ਥੀਸਿਸ ਦੇ ਹਿੱਸੇ ਵਜੋਂ ਰਿਸਰਚ ਸਿਖਲਾਈ ਦੇਣਾ ਸ਼ਾਮਿਲ ਸੀ।
ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਖੋਜ ਅਤੇ ਅਕਾਦਮਿਕ ਖੇਤਰ ਦੀ ਪ੍ਰਫੁੱਲਤਾ ਅਤੇ ਖੋਜਾਰਥੀਆਂ ਵਿਦਿਆਰਥੀਆਂ ਦੀ ਤਰੱਕੀ ਹਿਤ ਅਮਰੀਕਾ ਦੀ ਮੋਹਰੀ ਯੂਨੀਵਰਸਿਟੀ ਨਾਲ ਹੋਏ ਇਸ ਸਮਝੌਤੇ ਨਾਲ ਯੂਨੀਵਰਸਿਟੀ ਦਾ ਮਿਆਰ ਰਾਸ਼ਟਰੀ ਪੱਧਰ ਦੇ ਨਾਲ ਨਾਲ ਅੰਤਰਾਸ਼ਟਰੀ ਪੱਧਰ ਉਪਰ ਹੋਰ ਉਚਾ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਅਮਰੀਕਾ, ਕੈਨੇਡਾ, ਯੂ.ਕੇ ਅਤੇ ਹੋਰ ਅੰਤਰਰਾਸ਼ਟਰੀ ਅਦਾਰਿਆਂ ਨਾਲ ਸਮਝੌਤੇ ਹੋਏ ਹਨ ਅਤੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਐਕਰੀਡੇਸ਼ਨ ਅਤੇ ਮੈਂਬਰਸ਼ਿਪ ਹਿਤ ਸਹਿਯੋਗ ਪ੍ਰਾਪਤ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਮਝੌਤੇ ਅਤੇ ਮੈਂਬਰਸ਼ਿਪ ਤੇ ਮਾਨਤਾਵਾ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਬਹੁਤ ਫਾਇਦੇਮੰਦ ਹਨ।ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਇਹ ਸਹਿਯੋਗ ਇਕ ਚੰਗੇ ਅਕਾਦਮਿਕ ਅਤੇ ਖੋਜ ਕਾਰਜਾਂ ਦਾ ਨਤੀਜਾ ਵੀ ਸਾਬਤ ਹੋਵੇਗਾ।
ਪ੍ਰੋ. ਸੰਧੂ ਨੇ ਕਿਹਾ ਕਿ ਵਿਸ਼ਵੀਕਰਨ ਦੇ ਇਸ ਸਮੇਂ ਵਿਚ ਸਾਡੇ ਭਾਰਤੀ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਾਰੋਬਾਰੀ ਪ੍ਰਣਾਲੀ ਵਿਚ ਵੱਧ ਤੋਂ ਵੱਧ ਸੰਪਰਕ ਪ੍ਰਦਾਨ ਕਰਨਾ ਜਰੂਰੀ ਬਣ ਗਿਆ ਹੈ।ਇਸ ਮੰਤਵ ਲਈ ਇਸ ਸਮਝੌਤਾ ਅਧੀਨ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਇੰਟਰਨਸ਼ਿਪ ਪ੍ਰਦਾਨ ਕਰਨ ਲਈ ਯਤਨ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਮਹੱਤਵਪੂਰਨ ਗੱਲ ਹੋਵੇਗੀ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਓਕਲਾਹੋਮਾ ਯੂਨੀਵਰਸਿਟੀ ਵਿਚ ਆਪਣੇ ਵੱਖ-ਵੱਖ ਖੇਤਰਾਂ ਦੇ ਅਧਿਐਨ ਖੇਤਰ ਵਿਚ ਮੁਹਾਰਤ ਅਤੇ ਸੰਪਰਕ ਵਧਾਉਣ ਦਾ ਮੌਕਾ ਮਿਲੇਗਾ।ਡਾ. ਸੰਧੂ ਨੇ ਕਿਹਾ ਕਿ ਇਹ ਵਿਦਿਆਰਥੀਆਂ ਅੰਦਰ ਸਕਾਰਾਤਮਕਤਾ ਨੂੰ ਵਧਾਉਣ ਲਈ ਵੀ ਚੰਗਾ ਹੋਵੇਗਾ ਜਿਸ ਨਾਲ ਭਾਰਤੀ ਅਰਥਵਿਵਸਥਾ ਲਈ ਬਹੁਤ ਸਹਾਇਕ ਹੋਵੇਗਾ।
ਡਾ. ਸੰਘੇੜਾ ਨੇ ਕਿਹਾ ਕਿ ਇਕ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਭਾਵ ਓਕਲਾਹੋਮਾ ਯੂਨੀਵਰਸਿਟੀ ਅਤੇ ਪਹਿਲੇ ਦਰਜੇ ਦੀ ਸ਼੍ਰੇਣੀ ਦੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚਕਾਰ ਇਹ ਸਮਝੌਤਾ ਅਕਾਦਮਿਕਤਾ ਅਤੇ ਖੋਜ ਦੇ ਨਾਲ ਨਾਲ ਅੰਤਰਰਾਸ਼ਟਰੀ ਸਬੰਧਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਸਾਂਝੇਦਾਰੀ ਦੋਵਾਂ ਸੰਸਥਾਵਾ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਮਾਸਟਰ ਅਤੇ ਪੀ.ਐਚ.ਡੀ ਡਿਗਰੀ ਵਿਦਿਆਰਥੀਆਂ ਲਈ ਐਕਸਚੇਂਜ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ।ਡਾ. ਸੰਘੇੜਾ ਨੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ-ਇੰਡਸਟਰੀ ਲਿੰਕਿੰਜ ਸੈਲ ਦੇ ਕੋਆਰਡੀਨੇਟਰ ਦੀ ਸਲਾਹੁਤਾ ਕਰਦਿਆਂ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ।
                            ਓਵਰਸੀਜ਼ ਐਲੂਮਨੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾ. ਮਨਜੀਤ ਨਿਜਰ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਅਮਰੀਕਾ ਲਈ ਇਕ ਨਵੇਂ ਯੁੱਗ ਦੇ ਸ਼ੁਰੂਆਤ ਤੋਂ ਘੱਟ ਨਹੀਂ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਓਕਲਾਹੋਮਾ ਯੂਨੀਵਰਸਿਟੀ ਭਾਰਤ-ਅਮਰੀਕਾ ਖੋਜ ਸਾਂਝੇਦਾਰੀ ਦੇ ਭਵਿੱਖ ਨੂੰ ਠੀਕ ਰੂਪ ਦੇਣ ਵਿੱਚ ਅਗਵਾਈ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪ੍ਰੋ. ਸੰਧੂ, ਪ੍ਰੋ. ਸੰਘੇਰਾ ਅਤੇ ਪ੍ਰੋ. ਬੇਦੀ ਨਾਲ ਇਹ ਵਿਸ਼ੇਸ਼ ਇਕੱਤਰਤਾ ਬਹੁਤ ਹੀ ਚੰਗੀ ਰਹੀ ਹੈ।
                  ਪ੍ਰੋਫੈਸਰ ਐਸ.ਐਸ ਬਹਿਲ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਅਸੀਂ ਇਸ ਨਵੀ ਭਾਈਵਾਲੀ ਲਈ ਬਹੁਤ ਆਸਵੰਦ ਹਾਂ ਕਿਉਂਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਬਹੁਤ ਸਾਰੇ ਨਵੇਂ ਰਸਤੇ ਖੋਲਦੀ ਹੈ।ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸਾਡੇ ਕੈਂਪਸ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਹੋਰ ਵੀ ਯੋਗ ਬਣਾਉਣ ਵਿਚ ਮਦਦ ਕਰੇਗਾ ਅਤੇ ਅਮਰੀਕਾ ਵਿੱਚ ਖੋਜ ਅਤੇ ਅਕਾਦਮਿਕਤਾ ਦਾ ਤਜਰਬਾ ਪ੍ਰਦਾਨ ਕਰੇਗਾ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੁਨੀਵਰਸਿਟੀ ਇੰਡਸਟਰੀ ਲਿੰਕੇਜ ਸੈਲ ਨੇ ਇਸ ਮੌਕੇ ਦੋਹਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਦੇ ਮੌਕਿਆ ਬਾਰੇ ਚਰਚਾ ਕੀਤਾ।
                   ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਚ “ਡਾਇਬਿਟੀਜ਼ ਮੇਲੀਟਸ ਉੱਪਰ ਇਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ।ਡਾ. ਧਰਮਬੀਰ ਕੇ ਸੰਘੇੜਾ, ਓਕਲਾਹੋਮਾ ਹੈਲਥ ਸਾਇੰਸਜ਼ ਸੈਂਟਰ, ਯੂਐਸਏ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ ਖੌਜਾਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਪ੍ਰੋ. ਡਾ. ਐਸ.ਐਸ. ਬਹਿਲ ਡੀਨ ਅਕਾਦਮਿਕ ਮਾਮਲੇ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਫੈਕਲਟੀ ਮੌਜੂਦ ਸਨ।   

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …

Leave a Reply