ਸਮਰਾਲਾ, 13 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੇਖਕ ਮੰਚ ਸਮਰਾਲਾ ਨੇ ਆਪਣੀ ਸਾਹਿਤਕ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਉਘੇ ਅਫ਼ਸਾਨਾ ਨਿਗਾਰ
ਸਆਦਤ ਹਸਨ ਮੰਟੋ ਦੇ 107ਵਾਂ ਜਨਮ ਦਿਨ `ਤੇ ‘ਮੰਟੋ ਉਤਸਵ’ ਆਯੋਜਿਤ ਕੀਤਾ।ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਸੱਦਾ ਪ੍ਰਵਾਨ ਕਰਕੇ ਪੁੱਜੇ ਮਹਿਮਾਨਾਂ, ਲੇਖਕਾਂ, ਪਾਠਕਾਂ ਤੇ ਸਰੋਤਿਆਂ ਨੂੰ ਹਾਰਦਿਕ `ਜੀ ਆਇਆ` ਆਖਿਆ।ਮੰਟੋ ਉਤਸਵ ਨਾਂ ਦੇ ਇਸ ਸਾਹਿਤਕ ਸਮਾਗਮ ਨੂੰ ਤਿੰਨ ਸੈਸ਼ਨ ਵਿੱਚ ਵੰਡਿਆ ਗਿਆ ਸੀ।
ਪਹਿਲਾ ਸੈਸ਼ਨ ਨਰੋਲ ਮੰਟੋ ਦੇ ਸਾਹਿਤਕ ਸਫਰ ਤੇ ਜ਼ਿੰਦਗੀ ਨੂੰ ਸਮਰਪਿਤ ਕੀਤਾ ਗਿਆ।ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਮਾਸਟਰ ਤਰਲੋਚਨ ਸਿੰਘ ਨੇ ਮੰਟੋ ਦੇ ਜੀਵਨ ਅਤੇ ਲਿਖਤਾਂ ਬਾਰੇ ਕਈ ਅਣਛੋਹੇ ਪਹਿਲੂਆਂ ਨੂੰ ਉਜਾਗਰ ਕੀਤਾ।ਇਸ ਸੈਸ਼ਨ ਦੇ ਮੁੱਖ ਮਹਿਮਾਨ ਉਘੇ ਨਾਵਲਕਾਰ ਅਤੇ ਅਲੋਚਕ ਓਮ ਪ੍ਰਕਾਸ਼ ਗਾਸੋ ਨੇ ਮੰਟੋ ਦੀਆਂ ਕਹਾਣੀਆਂ ਅਤੇ ਉਸ ਦੀ ਜ਼ਿੰਦਗੀ ਦੇ ਹਰ ਪਹਿਲੂ `ਤੇ ਨਿੱਠ ਕੇ ਗੱਲਬਾਤ ਕੀਤੀ। ਉਨਾਂ ਆਖਿਆ ਕਿ ਮੰਟੋ ਦੀਆਂ ਕਹਾਣੀਆਂ ਮਨੁੱਖੀ ਕਦਰਾਂ ਕੀਮਤਾਂ `ਤੇ ਵਿਅੰਗ ਕਰਦੀਆਂ ਹੋਈਆਂ ਮਾਰਗ ਦਰਸ਼ਨ ਦੇ ਪੂਰਨ ਸਮਰੱਥ ਹਨ।ਮੰਟੋ ਨੇ ਉਸ ਸਮੇਂ ਦੀ ਇਨਸਾਨੀ ਵਹਿਸ਼ਤ ਤੇ ਇਖ਼ਲਾਕੀ ਗਿਰਾਵਟ ਨੂੰ ਜਿਸ ਤਰੀਕੇ ਨਾਲ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ, ਉਸ ਦਾ ਕੋਈ ਸਾਨੀ ਨਹੀਂ।ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੰਟੋ ਦੀਆਂ ਕਹਾਣੀਆਂ ਵਿਰੁੱਧ ਹਿੰਦ-ਪਾਕਿ ਵਿੱਚ ਚੱਲੇ 6 ਮੁਕੱਦਮਿਆਂ ਬਾਰੇ ਗਹਿਰਾਈ ਨਾਲ ਗੱਲ ਕਰਦਿਆਂ ਕਿਹਾ ਕਿ ਸਮੇਂ ਮੰਗ ਅਤੇ ਲੋੜ ਅਨੁਸਾਰ ਹੋਈਆਂ ਸੰਵਿਧਾਨਕ ਸੋਧਾਂ ਦੀ ਸਾਰਥਿਤਾਂ ਸਬੰਧੀ ਡੰੂਘੀ ਵਿਚਾਰ ਕੀਤੀ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਨਾਵਲਕਾਰ ਰਾਮ ਸਰੂਪ ਰਿਖੀ ਅਤੇ ਡਾ. ਪਰਮਿੰਦਰ ਸਿੰਘ ਬੈਨੀਪਾਲ ਵੀ ਮੌਜੂਦ ਸਨ।
ਦੂਸਰੇ ਸੈਸ਼ਨ ਦੇ ਕਹਾਣੀ ਦਰਬਾਰ ਵਿੱਚ ਉਘੇ ਕਹਾਣੀਕਾਰ ਦੀਪ ਦਵਿੰਦਰ ਅੰਮ੍ਰਿਤਸਰ, ਅਜਮੇਰ ਸਿੱਧੂ ਨਵਾਂ ਸ਼ਹਿਰ, ਜਸਵੀਰ ਰਾਣਾ ਅਮਰਗੜ੍ਹ, ਡਾ. ਸਰਘੀ ਅੰਮ੍ਰਿਤਸਰ ਤੇ ਦਲਜੀਤ ਸ਼ਾਹੀ ਨੇ ਕ੍ਰਮਵਾਰ ਵੇਲਾ ਕੁਵੇਲਾ, ਦ ਸੋਰਡ ਆਫ ਬੰਦਾ ਸਿੰਘ ਬਹਾਦਰ, ਨਸਲਘਾਤ, ਉਹ ਤੇ ਮੈਂ ਅਤੇ ਬਾਬੂ ਕਹਾਣੀਆਂ ਪੜ੍ਹੀਆਂ।ਇਨ੍ਹਾਂ ਕਹਾਣੀਆਂ ਉਪਰ ਐਸ. ਨਸੀਮ ਮਾਛੀਵਾੜਾ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਸੁਰਿੰਦਰ ਰਾਮਪੁਰੀ, ਰਾਮ ਸਰੂਪ ਰਿਖੀ ਅਤੇ ਪ੍ਰਵੇਸ਼ ਸ਼ਰਮਾ ਨੇ ਆਪਣੇ ਆਪਣੇ ਪ੍ਰਤੀਕ੍ਰਮ ਪੇਸ਼ ਕੀਤੇ।ਇਸ ਸੈਸ਼ਨ ਦੇ ਮੁੱਖ ਮਹਿਮਾਨ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਹਰ ਕਹਾਣੀ ਉਪਰ ਸੰਖੇਪ ਪਰ ਭਾਵਪੂਰਤ ਟਿੱਪਣੀਆਂ ਕਰਕੇ ਕਹਾਣੀਆਂ ਨੂੰ ਗਹਿਰਾਈ ਨਾਲ ਛੋਹਿਆ। ਜਦਕਿ ਪ੍ਰਧਾਨਗੀ ਭਾਸ਼ਣ ਵਿੱਚ ਉਚ ਕੋਟੀ ਦੇ ਵਿਦਵਾਨ ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਨੇ ਪੰਜਾਂ ਕਹਾਣੀਆਂ ਉਪਰ ਹੋਈ ਭਰਵੀਂ ਚਰਚਾ ਨੂੰ ਸਮੇਟਦਿਆਂ ਕਹਾਣੀਆਂ ਦੀਆਂ ਅਣਛੋਹੀਆਂ ਪਰਤਾਂ ਬਾਰੇ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਕਿਹਾ ਕਿ ਸਮਾਂ ਬਹੁਤ ਬਦਲ ਗਿਆ ਹੈ, ਪਰ ਅਸੀਂ ਅਜੇ ਵੀ ਪੁਰਾਤਨ ਦ੍ਰਿਸ਼ਟੀ ਤੇ ਪੈਮਾਨਿਆਂ ਨਾਲ ਅਜੋਕੀਆਂ ਰਚਨਾਵਾਂ ਦਾ ਮੁਲਾਂਕਣ ਕਰੀ ਜਾ ਰਹੇ ਹਾਂ, ਜੋ ਕਿ ਰਚਨਾਵਾਂ ਨਾਲ ਸਰਾਸਰ ਜਿਆਦਤੀ ਹੈ।ਸਮੇਂ ਦੇ ਸੱਚ ਨੂੰ ਨਕਾਰਨ ਦੀ ਥਾਂ ਤੇ ਠੀਕ ਪ੍ਰਸੰਗ ਵਿੱਚ ਕਹਾਣੀਆਂ ਦੇ ਵਿਸ਼ੇ ਵਸਤੂ ਤੇ ਸਾਰਥਿਕਤਾ ਨੂੰ ਸਮਝਣਾ ਪਵੇਗਾ।ਇਸ ਸੈਸ਼ਨ ਦਾ ਮੰਚ ਸੰਚਾਲਨ ਰਾਜਵਿੰਦਰ ਸਮਰਾਲਾ ਨੇ ਕੀਤਾ।
ਤੀਸਰੇ ਤੇ ਆਖਰੀ ਸੈਸ਼ਨ ਵਿੱਚ ਪਦਮਸ੍ਰੀ ਡਾ. ਸੁਰਜੀਤ ਪਾਤਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਫਿਲਮ ਅਦਾਕਾਰ ਰਵਿੰਦਰ ਗਰੇਵਾਲ ਨੇ ਪ੍ਰਧਾਨਗੀ ਕੀਤੀ।ਇਸ ਸੈਸ਼ਨ ਵਿੱਚ ਪ੍ਰਸਿੱਧ ਨਿਰਦੇਸ਼ਕਾ ਨੰਦਿਤਾ ਦਾਸ ਵੱਲੋਂ ਬਣਾਈ ਮੰਟੋ ਦੀ ਜ਼ਿੰਦਗੀ ਤੇ ਅਧਾਰਿਤ ਫਿਲਮ ‘ਮੰਟੋ’ ਦਾ ਵਿਸ਼ੇਸ਼ ਸ਼ੋਅ ਦਿਖਾਇਆ ਗਿਆ।ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਪਾਤਰ ਅਤੇ ਰਵਿੰਦਰ ਗਰੇਵਾਲ ਨੇ ਲੇਖਕ ਮੰਚ ਸਮਰਾਲਾ ਦੁਆਰਾ ਪਿਛਲੇ ਸਮੇਂ ਤੋਂ ਲਗਾਤਾਰ ਸਆਦਤ ਹਸਨ ਮੰਟੋ ਦੀ ਨਿੱਘੀ ਯਾਦ ਨੂੰ ਤਾਜ਼ਾ ਰੱਖਣ ਲਈ ਵਧਾਈ ਦਿੰਦਿਆਂ ਕਿਹਾ ਇਹੋ ਜਿਹੇ ਮਿਆਰੀ ਸਮਾਗਮ ਸਾਡੀ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜੀ ਰੱਖਣ ਦਾ ਵੱਡਾ ਉਪਰਾਲਾ ਨੇ।ਮੰਟੋ ਦੀਆਂ ਲਿਖਤਾਂ ਅੱਜ ਦੇ ਹਾਲਾਤ ਵਿੱਚ ਵੀ ਮਨੁੱਖਤਾ ਨੂੰ ਝੰਜੋੜਨ ਦੀ ਸਮਰੱਥਾ ਰੱਖਦੀਆਂ ਹਨ।
ਸਮਾਗਮ ਦੇ ਅਖੀਰ ਵਿੱਚ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰਧਾਨ ਦਲਜੀਤ ਸਿੰਘ ਸ਼ਾਹੀ, ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਤੇ ਮੰਚ ਦੇ ਮੈਂਬਰਾਂ ਨੇ ਆਈਆਂ ਹੋਈਆਂ ਮਹਿਮਾਨ ਸਖਸ਼ੀਅਤਾਂ ਨੂੰ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਸਮਾਗਮ ਵਿੱਚ ਸਾਹਿਤ ਜਗਤ ਦੀਆਂ ਉੱਚ ਕੋਟੀ ਦੀਆਂ ਸਖਸ਼ੀਅਤਾਂ ਨੇ ਭਰਵੀਂ ਹਾਜਰੀ ਲਵਾਈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media