ਕਿਹਾ ਭਗਵੰਤ ਮਾਨ ਨੇ ਕੁਰਸੀ ਦੇ ਲਾਲਚ ਵਿੱਚ ਪਾਰਟੀ ਨੂੰ ਡੋਬਿਆ
ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਅਤੇ ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਲੋਕ ਸਭਾ
ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ `ਚ ਛਾਜਲੀ ਅਤੇ ਭਦੌੜ ਵਿਖੇ ਵਿਸ਼ਾਲ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।ਉਹਨਾਂ ਨਾਲ ਸਾਬਕਾ ਵਿਧਾਇਕ ਸੰਗਰੂਰ ਸੁਰਿੰਦਰਪਾਲ ਸਿਬੀਆ ਤੇ ਗੁਰਚਰਨ ਸਿੰਘ ਦਿੜ੍ਹਬਾ, ਹਲਕਾ ਇੰਚਾਰਜ ਦਿੜ੍ਹਬਾ ਅਜੈਬ ਸਿੰਘ ਰਟੌਲ, ਸਤਨਾਮ ਸਿੰਘ ਸੱਤਾ ਅਤੇ ਹੋਰ ਵੀ ਉੱਘੇ ਆਗੂ ਮੌਜੂਦ ਸਨ।
ਫਿਲਮੀ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਭਗਵੰਤ ਮਾਨ ਨੇ ਵੀ ਆਪਣੇ ਸਿਰਫ ਭਗਤ ਹੀ ਪੈਦਾ ਕੀਤੇ ਹਨ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਨਾਲ ਗੁੰਮਰਾਹ ਕੀਤਾ ਤੇ ਬਾਹਰ ਵਸਦੇ ਪੰਜਾਬੀਆਂ ਵਲੋਂ ਭੇਜੇ ਗਏ ਕਰੋੜਾਂ ਦੇ ਫੰਡ ਨੂੰ ਆਪਣੇ ਨਿੱਜੀ ਫਾਇਦਿਆਂ ਵਾਸਤੇ ਵਰਤਿਆ। ਉਨ੍ਹਾਂ ਅਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੱਡਾ ਮਾਣ ਸਤਿਕਾਰ ਦਿੱਤਾ ਸੀ, ਪਰ ਭਗਵੰਤ ਮਾਨ ਦਾ ਕੁਰਸੀ ਪ੍ਰਤੀ ਲਾਲਚ ਤੇ ਮੁੱਖ ਮੰਤਰੀ ਬਣਨ ਦੀ ਲਾਲਸਾ ਨੇ ਪਾਰਟੀ ਨੂੰ ਖੇਰੂੰ ਖੇਰੂੰ ਕਰ ਦਿੱਤਾ ਅਤੇ ਅਰਵਿੰਦ ਕੇਜਰੀਵਾਲ ਦੀ ਅੱਖ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ `ਤੇ ਸੀ ਅਤੇ ਪੰਜਾਬ ਨੇ ਇਹਨਾਂ ਨੂੰ 4 ਮੈਂਬਰ ਪਾਰਲੀਮੈਂਟ ਦਿੱਤੇ।ਪਰ ਪੰਜਾਬ ਵਾਸੀਆਂ ਦੇ ਜਜ਼ਬਾਤਾਂ ਦੀ ਕਦਰ ਨਾ ਕਰਦਿਆਂ ਆਪਣੇ ਸਿਆਸੀ ਸੌੜੇ ਹਿੱਤਾਂ ਤੇ ਕੁਰਸੀ ਦੇ ਮੋਹ ਕਾਰਨ ਇਨ੍ਹਾਂ ਨੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ। ਆਮ ਆਦਮੀ ਪਾਰਟੀ ਦੀ ਪ੍ਰਣਾਲੀ ਵਿੱਚਲੀ ਤਾਨਾਸ਼ਾਹੀ ਅਤੇ ਅਤਿ ਵਿਸ਼ਵਾਸ ਦੇ ਵਤੀਰੇ ਨੇ 2017 ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਕਰਾਰੀ ਹਾਰ ਦਿੱਤੀ ਅਤੇ ਸਭ ਤੋਂ ਵੱਡਾ ਘਾਣ ਕੇਜ਼ਰੀਵਾਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤ ਕੇ ਕੀਤਾ ਅਤੇ ਬਿਕਰਮ ਮਜੀਠੀਆ ਤੋਂ ਨਸ਼ਿਆਂ ਦੇ ਮੁੱਦੇ `ਤੇ ਮੁਆਫ਼ੀ ਮੰਗ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਸਭ ਤੋਂ ਵੱਡਾ ਧ੍ਰੋਹ ਕਮਾਇਆ ਅਤੇ ਅੱਜ ਵੀ ਹਜ਼ਾਰਾਂ ਵਲੰਟੀਅਰ ਇਸ ਮੁੱਦੇ `ਤੇ ਕੇਸ ਭੁਗਤ ਰਹੇ ਹਨ, ਪਰ ਹੁਣ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਸੱਚ ਅੱਜ ਸਭ ਦੇ ਸਾਹਮਣੇ ਆ ਚੁੱਕਾ ਹੈ ਅਤੇ ਆਪ ਦਾ ਸੂਪੜਾ ਸਾਫ ਕਰਨ ਲਈ ਪੰਜਾਬੀ ਪੱਬਾਂ ਭਾਰ ਬੈਠੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਝੂਠ ਦੇ ਪੁਲੰਦਿਆਂ ਦਾ ਵਿਰੋਧ ਕਰੀਏ ਤੇ ਵਿਕਾਸਪੱਖੀ ਸੋਚ ਰੱਖਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਜਿਤਾਈਏ ਤਾਂ ਜੋ ਹਲਕੇ ਦੇ ਅੰਦਰ ਇਕ ਵੱਡੀ ਇੰਡਸਟਰੀ, ਹਸਪਤਾਲ ਤੇ ਵੱਡੀ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਸਕੇ ਤੇ ਹਲਕੇ ਦਾ ਚਹੁੰਪੱਖੀ ਵਿਕਾਸ ਹੋ ਸਕੇ।ਇਸ ਮੌਕੇ ਵੱਡੀ ਗਿਣਤੀ `ਚ ਕਾਂਗਰਸੀ ਵਰਕਰ ਹਾਜ਼ਰ ਸਨ ।
ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਢਿੱਲੋਂ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਖਿੱਲਰ ਚੁੱਕਾ ਹੈ ਅਤੇ ਸੰਗਰੂਰ ਦੇ ਲੋਕ ਭਗਵੰਤ ਮਾਨ ਤੋਂ ਉਹਨਾ ਵਲੋਂ ਕੀਤੇ ਗਏ ਕੰਮਾਂ ਦਾ ਹਿਸਾਬ ਮੰਗ ਰਹੇ ਹਨ।ਉਨਾਂ ਅਪੀਲ ਕੀਤੀ ਕਿ ਆਉਣ ਵਾਲੀ 19 ਮਈ ਨੂੰ ਇਕ ਇਕ ਵੋਟ ਕਾਂਗਰਸ ਦੇ ਹੱਕ ਵਿੱਚ ਪਾ ਕੇ ਪਾਰਟੀ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਦੇਸ਼ ਅੰਦਰ ਜਮਹੂਰੀਅਤ ਪਸੰਦ ਸਰਕਾਰ ਸਥਾਪਿਤ ਕੀਤੀ ਜਾ ਸਕੇ ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media