ਸੰਗਰੂਰ/ ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜ ਦਿਨਾਂ ਦੇ ਪੰਜਾਬ ਦੌਰੇ `ਤੇ ਹਨ, ਦੇ ਖਨੌਰੀ ਤੋਂ ਸ਼ੁਰੂ ਹੋਏ ਰੋਡ ਦੌਰਾਨ ਜਿਥੇ ਸਵਾਗਤ ਕੀਤਾ ਗਿਆ, ਉਥੇ ਹੀ ਸੁਨਾਮ ਊਧਮ ਸਿੰਘ ਵਾਲਾ ਨੇੜਲੇ ਪਿੰਡ ਜਖੇਪਲ ਵਿਖੇ ਪੁੱਜਣ `ਤੇ ਕੁੱਝ ਲੋਕਾਂ ਅਤੇ ਸੁਨਾਮ ਵਿਖੇ ਪੁੱਜਣ `ਤੇ ਸੈਂਕੜੇ ਔਰਤਾਂ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਗਟ ਕੀਤਾ ਗਿਆ।ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸਥਾਨਕ ਮਹਾਰਾਜਾ ਅਗਰਸੈਨ ਚੌਕ ਪੁੱਜਣ `ਤੇ ਕੇਜਰੀਵਾਲ ਨੇ ਮਹਾਰਾਜਾ ਅਗਰਸੈਨ ਜੀ ਨੂੰ ਫੁੱਲ ਮਾਲਾ ਭੇਂਟ ਕਰਕੇ ਆਸ਼ੀਰਵਾਦ ਲਿਆ ਅਤੇ ਬਾਅਦ ਵਿੱਚ ਅਗਰਵਾਲ ਸਭਾ ਵਲੋਂ ਅਰਵਿੰਦ ਕੇਜਰੀਵਾਲ ਦਾ ਭਰਵਾਂ ਸਵਾਗਤ ਕਰਕੇ ਸਨਮਾਨਿਤ ਕੀਤਾ ।
ਇਸ ਰੋਡ ਸ਼ੋਅ ਦੌਰਾਨ ਹਲਕਾ ਵਿਧਾਇਕ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਵੀ ਸ਼ਾਮਲ ਸਨ।ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਿੱਲੀ ਸਰਕਾਰ ਦੀਆਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਨੀਤੀ ਅਤੇ ਨੀਅਤ ਸਾਫ਼ ਹੋਵੇ ਤਾਂ ਕੁੱਝ ਵੀ ਅਸੰਭਵ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਦਿੱਲੀ `ਚ ਸਿਹਤ ਅਤੇ ਸਿੱਖਿਆ ਦੀ ਕਾਇਆ ਕਲਪ ਹੋ ਸਕਦੀ ਹੈ ਅਤੇ ਉਥੇ ਇੱਕ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਚ ਕਿਉਂ ਨਹੀਂ । ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੌਰਾਨ ਪ੍ਰਸ਼ੰਸਾਜਨਕ ਕੰਮ ਕੀਤੇ ਹਨ।ਭਗਵੰਤ ਮਾਨ ਨੇ ਸੰਸਦ ਵਿੱਚ ਕਿਸਾਨਾਂ ਮਜ਼ਦੂਰਾਂ, ਬੇਰੁਜ਼ਗਾਰਾਂ, ਦਲਿਤਾਂ, ਗ਼ਰੀਬਾਂ ਅਤੇ ਵਪਾਰੀਆਂ, ਕਾਰੋਬਾਰੀਆਂ ਸਮੇਤ ਹਰੇਕ ਵਰਗ ਨਾਲ ਜੁੜੇ ਮੁੱਦਿਆਂ ਨੂੰ ਦਲੇਰੀ ਨਾਲ ਚੁੱਕਿਆ।ਉਨ੍ਹਾਂ ਕਿਹਾ ਕਿ ਮਾਨ ਨੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਨੀਤਾਂ ਕਾਰਨ ਵਿਦੇਸ਼ਾਂ ਵਿੱਚ ਆਪਣੀ ਰੋਜ਼ੀ-ਰੋਟੀ ਲਈ ਗਏ ਅਤੇ ਉੱਥੇ ਫਸੇ ਹਜ਼ਾਰਾਂ ਨੌਜਵਾਨਾਂ ਦੀ ਵਤਨ ਵਾਪਸੀ ਕਰਵਾਈ ਅਤੇ ਸੰਸਦ ਦੇ ਇਤਿਹਾਸ `ਚ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਯਾਦ ਕਰਾਉਂਦੇ ਹੋਏ ਸ਼ਰਧਾਂਜਲੀ ਦਿਵਾਈ। ਕੇਜਰੀਵਾਲ ਨੇ ਕਿਹਾ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਸਹੁੰ ਚੁੱਕਣ ਦੇ ਬਾਵਜੂਦ ਵਾਅਦਾ ਖਿਲਾਫੀਆਂ ਦੀ ਕੀਮਤ ਚੁਕਾਉਣੀ ਪਵੇਗੀ, ਉੱਥੇ ਬਾਦਲਾਂ ਨੂੰ ਬੇਅਦਬੀਆਂ ਦਾ ਪਾਪ ਹੀ ਲੈ ਬੈਠੇਗਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media