ਮੋਦੀ ਦੀ ਜਨ ਵਿਰੋਧੀ ਨੀਤੀਆਂ ਕਾਰਨ ਵਪਾਰੀ ਵਰਗ ਨਿਰਾਸ਼- ਕੈਬਨਿਟ ਮੰਤਰੀ ਸੋਨੀ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ
ਦੌਰਾਨ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਅਤੇ ਵਿਕਾਸ ਸੋਨੀ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸਾਂਝੀ ਅਗਵਾਈ ਹੇਠ ਕਟੜਾ ਭਾਈ ਸੰਤ ਸਿੰਘ ਵਿਖੇ ਪ੍ਰਭਾਵਸ਼ਾਲੀ ਰੈਲੀ ਕਰਵਾਈ ਗਈ।
ਰੈਲੀ ਦੌਰਾਨ ਵਿਸੇਸ਼ ਤੌਰ `ਤੇ ਪੁੱਜੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਵਿੱਚ ਬੇਰੁਜਗਾਰ ਨੌਜੁਆਨਾਂ ਦੀ ਫੌਜ ਵਿੱਚ ਇੰਨ੍ਹਾਂ ਵਾਧਾ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਬੇਰੁਜਗਾਰੀ ਦੀ ਦਰ ਦੱਸਣ ਵਾਲੀ ਵੈਬਸਾਈਟ ਨੂੰ ਬੰਦ ਕਰਨਾ ਪਿਆ ਹੈ। ਔਜਲਾ ਨੇ ਮੋਦੀ ਸਰਕਾਰ ਤੇ ਵੱਡਾ ਸਿਆਸੀ ਹਮਲਾ ਕਰਦਿਆਂ ਮੋਦੀ ਸਰਕਾਰ ਵਲੋਂ ਕੀਤੀ ਨੋਟਬੰਦੀ ਨੂੰ ਦੇਸ਼ ਦਾ ਸਭ ਤੋੋਂ ਵੱਡਾ ਆਰਥਿਕ ਘਪਲਾ ਦੱਸਦਿਆਂ ਕਿਹਾ ਕਿ ਨੋਟਬੰਦੀ ਨੇ ਦੇਸ਼ ਦੇ ਸੈਂਕੜੇ ਲੋਕਾਂ ਦੀ ਬਲੀ ਲਈ ਹੈ ਜਿਸ ਲਈ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਵਾਸੀਆਂ ਤੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ।
ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਰਕਰਾਂ ਨੂੰ ਗੁੁਰਜੀਤ ਸਿੰਘ ਔਜਲਾ ਦੀ ਜਿਤ ਲਈ ਚੋਣ ਮੈਦਾਨ ਵਿੱਚ ਡਟਨ ਦੀ ਅਪੀਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਜਨ ਵਿਰੋਧੀ ਫੈਸਲ਼ਿਆਂ ਕਾਰਨ ਵਪਾਰੀ ਵਰਗ ਦੇਸ਼ ਛੱਡ ਰਿਹਾ ਹੈ। ਜਦਕਿ ਦੇਸ਼ ਦੇ ਵਿਕਾਸ ਤੋੋਂ ਬੇਫਿਕਰ ਭਾਜਪਾ ਵਲੋਂ ਦੇਸ਼ ਵਿੱਚ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਝੂਠ, ਨਫਰਤ ਅਤੇ ਦੇਸ਼ ਦੇ ਸ਼ਹੀਦਾਂ ਦੇ ਨਾਮ `ਤੇ ਝੂਠੀ ਸਿਆਸਤ ਕੀਤੀ ਜਾ ਰਹੀ ਹੈ।ਸੋਨੀ ਨੇ ਮਾਝੇ ਦੇ ਦੋ ਹਲਕਿਆਂ ਵਿੱਚ ਉਤਾਰੇ ਭਾਜਪਾ ਉਮੀਦਵਾਰਾਂ ਨੂੰ ਪ੍ਰਵਾਸੀ ਪੰਛੀ ਕਰਾਰ ਦਿੰਦਿਆਂ ਕਿਹਾ ਕਿ 23 ਮਈ ਨੂੰ ਮਾਝੇ ਦੇ ਲੋਕ ਇੰਨ੍ਹਾਂ ਪ੍ਰਵਾਸੀ ਪੰਛੀਆਂ ਨੂੰ ਬੇਰੰਗ ਵਾਪਿਸ ਭੇਜਣਗੇ।
ਰੈਲੀ ਦੌਰਾਨ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਅਸ਼ਵਨੀ ਪੱਪੂ ਮੈਂਬਰ ਕੁੱਲ ਹਿੰਦ ਕਾਂਗਰਸ ਕਮੇਟੀ, ਡਿਪਟੀ ਮੇਅਰ ਯੂਨਿਸ ਕੁਮਾਰ, ਮਹੇਸ਼ ਖੰਨਾ, ਅਰੁਣ ਪੱਪਲ, ਪਰਮਜੀਤ ਚੋਪੜਾ, ਸੁਨੀਲ ਕਾਉਂਟੀ, ਗੁਰਦੇਵ ਸਿੰਘ ਦਾਰਾ, ਤਾਹਿਰ ਸ਼ਾਹ (ਸਾਰੇ ਕੌਂਸਲਰ), ਸੋਨੂੰ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media