ਫਿਲਮੀਂ ਸਿਤਾਰੇ ਵੀ ਅੰਮ੍ਰਿਤਸਰ ਤੋਂ ਭਾਜਪਾ ਦੀ ਹਾਰ ਨੂੰ ਨਹੀਂ ਬਚਾ ਸਕਣਗੇ
ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ ਵਿੱਚ ਅੰਮ੍ਰਿਤਸਰ
ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਬੀਤੇ ਦਿਨ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਖਾਲੀ ਕੁਰਸੀਆਂ ਅਤੇ ਰੈਲੀ ਵਿੱਚ ਘੱਟ ਹਾਜਰੀ ਵਿੱਚ ਪੁੱਜੇ ਅੰਮ੍ਰਿਤਸਰ ਵਾਸੀਆਂ ਨੇ ਭਾਜਪਾ ਆਗੂਆਂ ਤੇ ਭਾਜਪਾ ਉਮੀਦਵਾਰ ਦੀਆਂ ਚਿੰਤਾਵਾਂ ਵਿੱਚ ਵੱਡਾ ਵਾਧਾ ਕਰਦਿਆਂ ਉਨ੍ਹਾਂ ਦੇ ਮੱਥੇ ਦੀਆਂ ਲਕੀਰਾਂ ਨੂੰ ਉਭਾਰਿਆ ਹੈ।ਜਿਸ ਕਾਰਨ ਪ੍ਰਦੇਸ਼ ਭਾਜਪਾ ਵਲੋਂ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ ਵਿੱਚ ਹਵਾ ਬਣਾਉਣ ਲਈ ਲੋਕ ਸਭਾ ਹਲਕਾ ਅੰਮ੍ਰਿਤਸਰ ਲਈ ਸਟਾਰ ਪ੍ਰਚਾਰਕਾਂ ਸਮੇਤ ਫਿਲਮੀ ਸਿਤਾਰਿਆਂ ਦੀ ਮੰਗ ਕੀਤੀ ਗਈ ਸੀ।ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਫੇਲ ਰੈਲੀ ਤੋਂ ਬਾਅਦ ਦਿੱਲੀ ਤੋਂ ਭਾਜਪਾ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਾ ਅੰਮ੍ਰਿਤਸਰ ਵਿਖੇ 10 ਕਿਲੋਮੀਟਰ ਦਾ ਰੋਡ ਸ਼ੋਅ ਕਰਵਾਉਣ ਦਾ ਐਲਾਣ ਕੀਤਾ, ਪਰ ਉਨ੍ਹਾਂ ਵਲੋਂ ਵੀ ਘੱਟ ਹਾਜ਼ਰੀ ਤੇ ਨਰਾਜ਼ਗੀ ਜਤਾਉਂਦਿਆਂ ਆਪਣਾ ਰੋਡ ਸ਼ੋਅ ਅੱਧਵਾਟੇ ਛੱਡਣ ਦਾ ਫੈਸਲਾ ਕੀਤਾ ਗਿਆ। ਇਸ ਨੇ ਭਾਜਪਾ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।
ਇਸ ਉਪਰੰਤ ਭਾਜਪਾ ਹਾਈ ਕਮਾਂਡ ਨੇ ਨੌਜੁਆਨਾਂ ਨੂੰ ਭਾਜਪਾ ਉਮੀਦਵਾਰ ਪੁਰੀ ਦੇ ਹੱਕ ਵਿੱਚ ਤੋਰਨ ਲਈ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਅਖਾੜੇ ਵਿੱਚ ਭੇਜੇ ਗਏ ਭਾਜਪਾ ਉਮੀਦਵਾਰ ਤੇ ਫਿਲਮੀਂ ਸਿਤਾਰੇ ਸੰਨੀ ਦਿਉਲ ਤੋਂ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕਰਵਾਉਣ ਦਾ ਫੈਸਲਾ ਕੀਤਾ, ਪਰ ਫਿਰ ਦੁਬਾਰਾ ਹੋਇਆ ਉਹ ਹੀ ਜੋ ਭਾਜਪਾ ਦੇ ਪਹਿਲੇ ਸਟਾਰ ਪ੍ਰਚਾਰਕਾਂ ਨਾਲ ਵਾਪਰਿਆ ਤੇ ਸੰਨੀ ਦਿਉਲ ਵਲੋਂ ਕੀਤੇ ਰੋਡ ਸ਼ੋਅ ਤੋਂ ਅੰਮ੍ਰਿਤਸਰ ਵਾਸੀਆਂ ਨੇ ਦੂਰੀ ਬਣਾਈ ਰੱਖੀ ਅਤੇ ਇਸ ਵਿੱਚ ਚੁਣਿੰਦਾ ਭਾਜਪਾ ਆਗੂ ਤੇ ਵਰਕਰ ਹੀ ਸ਼ਾਮਿਲ ਹੋਏ।ਪੁਰਾਣੇ ਅੰਮ੍ਰਿਤਸਰ ਨੂੰ ਬਾਹਰਲੇ ਇਲਾਕਿਆਂ ਨਾਲ ਜੋੜਨ ਵਾਲੇ ਭੰਡਾਰੀ ਪੁੱਲ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਸੰਨੀ ਦਿਉਲ ਨਾਲ ਸੈਲਫੀਆਂ ਲੈਣ ਪੁੱਜੇ ਕੁੱਝ ਨੌਜੁਆਨਾਂ ਨੇ ਨਿਰਾਸ਼ ਹੁੰਦਿਆਂ ਰੋਡ ਸ਼ੋਅ `ਤੇ ਸਵਾਲ ਕਰਦਿਆਂ ਕਿਹਾ ਕਿ ਜੋ ਨੇਤਾ ਵੋਟਾਂ ਸਮੇਂ ਵੀ ਵੋਟਰਾਂ ਨਾਲ ਮਿਲਣ ਤੋਂ ਕੰਨੀ ਕਤਰਾ ਰਿਹਾ ਹੋਵੇ ਵੋਟਾਂ ਤੋਂ ਬਾਅਦ ਉਸ ਨੂੰ ਮਿਲਣ `ਤੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਭਾਜਪਾ ਉਮੀਦਵਾਰ ਪੁਰੀ ਦੇ ਸਮਰਥਨ ਵਿੱਚ ਕੀਤੀ ਰੈਲੀ ਅਤੇ ਫਿਲਮੀ ਸਿਤਾਰਿਆਂ ਵਲੋਂ ਰੋਡ ਸ਼ੋਅ ‘ਚ ਅੰਮ੍ਰਿਤਸਰ ਵਾਸੀਆਂ ਵਲੋਂ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੌਂਸਲੇ ਬੁਲੰਦ ਨਜਰ ਆ ਰਹੇ ਹਨ।ਭਾਜਪਾ ਉਮੀਦਵਾਰ ਨੂੰ ਅੰਮ੍ਰਿਤਸਰ ਵਾਸੀਆਂ ਵਲੋਂ ਸਾਥ ਨਾ ਦਿੱਤੇ ਜਾਣ ਦਾ ਅਸਲ ਕਾਰਨ ਧਰਤੀ ਨਾਲ ਜੁੜੇ ਹੋਏ ਲੋਕ ਨੇਤਾ ਤੇ ਲੋਕ ਮਨਾਂ ਵਿੱਚ ਵੱਖਰੀ ਜਗ੍ਹਾ ਬਣਾ ਚੁੱਕੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਪ੍ਰਤੀ ਲੋਕਾਂ ਦਾ ਵਿਸਵਾਸ਼ ਹੀ ਹੈ।ਜਿਸ ਕਾਰਨ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਭਾਜਪਾ ਵਲੋਂ ਚੋਣ ਮੁਹਿੰਮ ਵਿੱਚ ਪੂਰੀ ਤਾਕਤ ਝੌਂਕਦਿਆਂ ਫਿਲਮੀ ਸਿਤਾਰਿਆਂ ਸਮੇਤ ਪਾਰਟੀ ਦੇ ਕੌਮੀ ਆਗੂਆਂ ਨੂੰ ਚੋਣ ਮੁਹਿੰਮ ਵਿੱਚ ਭੇਜਣ ਦੇ ਬਾਵਜੂਦ ਵੀ ਲੋਕਾਂ ਵਲੋਂ ਗੁਰਜੀਤ ਸਿੰਘ ਔਜਲਾ ਦਾ ਪੱਲੜਾ ਭਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media