ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪ੍ਰਸਿੱਧ ਨਾਟਕਕਾਰ ਡਾ.
ਆਤਮਜੀਤ ਦੇ ਨਵੇਂ ਨਾਟਕ ‘ਗੁਆਚੀ ਨਦੀ ਦਾ ਗੀਤ’ ਪ੍ਰਸਿੱਧ ਨੋਟੰਕੀ ਕਲਾਕਾਰ ਗੁਲਾਬ ਬਾਈ ਦੇ ਜੀਵਨ `ਤੇ ਅਧਾਰਿਤ ਨਾਟਕ ਦਾ ਨਾਟਕੀ ਪਾਠ ਦਾ ਆਯੋਜਨ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿੱਚ ਕੀਤਾ ਗਿਆ।ਨਾਟਕੀ ਪਾਠ ਤੋਂ ਪਹਿਲਾ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਤੇ ਸਮਾਗਮ ਦੀ ਰੂਪ ਰੇਖਾ ਬਾਰੇ ਦੱਸਿਆ।ਵਿਰਸਾ ਵਿਹਾਰ ਸਕੱਤਰ ਸ੍ਰ. ਭੂਪਿੰਦਰ ਸਿੰਘ ਸੰਧੂ ਵੱਲੋਂ ਮਹਿਮਾਨ ਨਾਟਕਕਾਰ ਡਾ. ਆਤਮਜੀਤ ਨੂੰ ਫੁੱਲਾ ਦਾ ਗੁਲਦਸਤਾ ਭੇਂਟ ਕੀਤਾ।ਇਸ ਨਾਟਕ ਵਿੱਚ ਕਲਾਕਾਰਾਂ ਦੀ ਦੁਖਾਂਤ ਜ਼ਿੰਦਗੀ ਦੀ ਕਥਾ ਨੂੰ ਬਾਖੂਬੀ ਚਿਤਰਿਆ ਗਿਆ ਹੈ।ਸੰਗੀਤ ਨਾਲ ਬਹੁਤ ਮੁਹੱਬਤ ਕਰਦੇ ਇਕ ਮੱਧਵਰਗੀ ਪਰਿਵਾਰ ਦੀਆਂ ਸਮਾਜਿਕ, ਆਰਥਿਕ ਅਤੇ ਨੈਤਿਕ ਸੋਚਾਂ ਦੀ ਸਥਿਤੀ ਅਤੇ ਉਸ ਦੇ ਗਰੀਬੀ ਕਾਰਨ ਜੀਵਨ ਤੇ ਪੈ ਰਹੇ ਚੰਗੇ ਅਤੇ ਮਾੜੇ ਪ੍ਰਭਾਵਾਂ ਦੀ ਖ਼ੂਬਸੂਰਤ ਕਹਾਣੀ ਹੈ।ਜਿਸ ਵਿੱਚ ਇਕ ਔਰਤ ਕਲਾਕਾਰ ਦੀਆਂ ਰੀਝਾਂ ਨੂੰ ਮਰਦਾਂ ਵੱਲੋਂ ਧੱਕੜ ਸੋਚ ਨਾਲ ਕਿਵੇਂ ਮਧੋਲਿਆ ਜਾਂਦਾ ਹੈ ਦੀ ਖੂਬਸੂਰਤ ਪੇਸ਼ਕਾਰੀ ਹੈ।ਇਸ ਨਾਟਕ ਵਿੱਚ 1926 ਵਿੱਚ ਜਨਮੀ ਦੇਸ਼ ਦੀ ਪ੍ਰਸਿੱਧ ਨੋਟੰਕੀ ਕਲਾਕਾਰ ਪਦਮ ਸ੍ਰੀ ਗੁਲਾਬ ਬਾਈ ਦੇ ਜੀਵਨ, ਉਸ ਦੇ ਪਰਿਵਾਰ ਅਤੇ ਉਸ ਦੇ ਕਬੀਲੇ ਦੀਆਂ ਪਿਛਾਂਹ ਖਿਚੂ ਰਸਮਾਂ ਦਾ ਵਰਣਨ ਹੈ ਕਿ ਉਸ ਸਮੇਂ ਇਕ ਵੱਡੇ ਕਲਾਕਾਰ ਨੂੰ ਆਪਣੀ ਹੌਂਦ ਦਰਸਾਉਣ ਲਈ ਕਿੰਨੇ ਔਖੇ ਸੱਮਿਆ ਵਿੱਚੋਂ ਗੁਜਰਨਾ ਪੈਂਦਾ ਹੈ।ਇਕ ਘੰਟੇ ਤੋਂ ਲੰਮੇ ਨਾਟਕ ਦਾ ਪਾਠ ਕਰਦਿਆਂ ਡਾ. ਆਤਮਜੀਤ ਸਿੰਘ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ।
ਨਾਟਕ ਦੇ ਪਾਠ ਉਪਰੰਤ ਪੰਜਾਬੀ ਵਿਦਵਾਨ ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਨਾਟਕ ਦੇ ਪਾਠ ਦੀ ਪੇਸ਼ਕਾਰੀ ਸਮੇਂ ਬੰਦਾ ਗੁਆਚ ਜਾਂਦਾ ਹੈ।ਉਨ੍ਹਾਂ ਕਿਹਾ ਕਿ ਨਾਟਕ ਹਰਕਤ ਦੀ ਭਾਸ਼ਾ ਹੈ ਅਤੇ ਭਵਿੱਖ ਵਿੱਚ ਨਾਟਕਕਾਰਾਂ ਨੂੰ ਨਾਟਕਾਂ ਦੀ ਸਟੇਜ ਪੇਸ਼ਕਾਰੀ ਤੋਂ ਪਹਿਲਾਂ ਇਸ ਤਰ੍ਹਾਂ ਨਾਟਕ ਦੀ ਸਕਰਿਪਟ ਦਾ ਮੁਤਾਲਿਆ ਕਰਕੇ ਉਸ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਨਾਲ ਜੋੜਨਾ ਚਾਹੀਦਾ ਹੈ।ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਇਸ ਨਾਟਕ ਦਾ ਪਾਠ ਸੁਣਦਿਆਂ ਇੰਝ ਲਗ ਰਿਹਾ ਸੀ ਜਿਵੇਂ ਅਸੀਂ ਹੂਬਹੂ ਨਾਟਕ ਦੇਖ ਰਹੇ ਸਾਂ।ਬਹੁਤ ਸਾਰੇ ਨਾਟ ਕਲਾਕਾਰਾਂ ਤੇ ਸਰੋਤਿਆਂ ਨੇ ਡਾ. ਆਤਮਜੀਤ ਹੁਰਾਂ ਦੀ ਇਸ ਲਿਖਤ ਤੇ ਡੁੂੰਘੀ ਦਿਲਚਸਪੀ ਦਿਖਾਉਂਦਿਆਂ ਸੁਆਲ ਜੁਆਬ ਕੀਤੇ।
ਇਸ ਮੌਕੇ ਡਾ. ਕੁਲਬੀਰ ਸਿੰਘ ਸੂਰੀ, ਕੁਲਵੰਤ ਸਿੰਘ ਸੂਰੀ, ਹਿਰਦੇਪਾਲ ਸਿੰਘ, ਊਮਾ ਗੁਰਬਖ਼ਸ਼ ਸਿੰਘ, ਵਿਜੇ ਸ਼ਰਮਾ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਅਨੀਤਾ ਦੇਵਗਨ, ਹਰਦੀਪ ਗਿੱਲ, ਅਰਤਿੰਦਰ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਪਰਵੀਨ, ਗੁਰਤੇਜ ਮਾਨ, ਅਰਤਿੰਦਰ ਸੰਧੂ, ਵਿਪਨ ਧਵਨ, ਗੁਲਸ਼ਨ ਸੱਗੀ, ਅਮਰਪਾਲ, ਈਮੈਨੂਅਲ ਸਿੰਘ, ਵਿਸ਼ੂ ਸ਼ਰਮਾ ਤੋਂ ਇਲਾਵਾਂ ਬਹੁਤ ਸਾਰੇ ਦਰਸ਼ਕ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media