ਅੰਮ੍ਰਿਤਸਰ/ ਨਵੀਂ ਦਿੱਲੀ, 21 ਮਈ (ਪੰਝਾਬ ਪੋਸਟ ਬਿਊਰੋ) – ਮੀਡੀਆ ਦੇ ਇੱਕ ਵਰਗ ਵਿੱਚ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਜਿਨ੍ਹਾਂ `ਚ ਕਿਹਾ ਗਿਆ ਹੈ ਕਿ
ਸਟ੍ਰਾਂਗ ਰੂਮਾਂ ਵਿੱਚ ਰੱਖੀਆਂ ਗਈਆਂ ਪੋਲਿੰਗ ਵਾਲੀਆਂ ਈ.ਵੀ ਐਮ ਨੂੰ ਕਥਿਤ ਤੌਰ `ਤੇ ਬਦਲਣ ਦਾ ਯਤਨ ਕੀਤਾ ਗਿਆ ਹੈ।ਭਾਰਤ ਦਾ ਚੋਣ ਕਮਿਸ਼ਨ ਪੂਰੇ ਜ਼ੋਰ ਨਾਲ ਸਪੱਸ਼ਟ ਕਰਦਾ ਹੈ ਕਿ ਅਜਿਹੀਆਂ ਸਭ ਰਿਪੋਰਟਾਂ ਅਤੇ ਦੋਸ਼ ਪੂਰੀ ਤਰ੍ਹਾਂ ਆਧਾਰ ਰਹਿਤ ਅਤੇ ਤੱਥਾਤਮਕ ਤੌਰ `ਤੇ ਝੂਠੇ ਹਨ।ਮੀਡੀਆ ਵਿੱਚ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹ ਉਨ੍ਹਾਂ ਈ.ਵੀਐਮ ਦੀਆਂ ਨਹੀਂ ਹਨ, ਜੋ ਇਨ੍ਹਾਂ ਚੋਣਾਂ ਵਿੱਚ ਵਰਤੀਆਂ ਗਈਆਂ ਹਨ।
ਪੋਲਿੰਗ ਦੇ ਮੁਕੰਮਲ ਹੋਣ ਤੋਂ ਬਾਅਦ, ਸਾਰੀਆਂ ਪੋਲਡ ਈ.ਵੀ.ਐਮ ਅਤੇ ਵੀ.ਵੀ ਪੈਟ ਸੁਰੱਖਿਆ ਕਵਰ ਅਧੀਨ ਚੋਣ ਕਮਿਸ਼ਨ ਦੇ ਆਬਜ਼ਰਵਰਾਂ ਦੀ ਹਾਜ਼ਰੀ ਵਿਚ ਸੰਬੰਧਿਤ ਸਟ੍ਰਾਂਗ ਰੂਮਾਂ ਵਿਚ ਲਿਆਂਦੀਆਂ ਗਈਆਂ, ਉਨ੍ਹਾਂ ਨੂੰ ਦੋਹਰੇ ਤਾਲੇ ਨਾਲ ਸੀਲ ਕੀਤਾ ਗਿਆ।ਸਟ੍ਰਾਂਗ ਰੂਮ ਦੀ ਸਟੋਰੇਜ਼ ਅਤੇ ਸੀਲਿੰਗ ਦੇ ਪੂਰੇ ਅਮਲ ਦੀ ਵੀਡੀਓਗ੍ਰਾਫੀ ਕੀਤੀ ਗਈ। ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਲਗਾਤਾਰ ਸੀ.ਸੀ.ਟੀ.ਵੀ ਕਵਰੇਜ਼ ਜਾਰੀ ਰਹੇਗੀ।ਹਰ ਸਟ੍ਰਾਂਗ ਰੂਮ ਦੀ ਲਗਾਤਾਰ ਰਾਖੀ ਕੇਦਰੀ ਹਥਿਆਰਬੰਦ ਫੋਰਸਾਂ (ਸੀ.ਏ.ਪੀ.ਐਫ) ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਮੀਦਵਾਰ ਜਾਂ ਉਨ੍ਹਾਂ ਵਲੋਂ ਨਾਮਜ਼ਦ ਏਜੰਟ 24 ਘੰਟੇ ਇਨ੍ਹਾਂ ਸਟ੍ਰਾਂਗ ਰੂਮਾਂ ਦੇ ਬਾਹਰ ਹਾਜ਼ਰ ਰਹਿੰਦੇ ਹਨ।
ਵੋਟਾਂ ਦੀ ਗਿਣਤੀ ਵਾਲੇ ਦਿਨ ਸਾਰੇ ਸਟ੍ਰਾਂਗ ਰੂਮ ਉਮੀਦਵਾਰ /ਏਜੰਟਾਂ ਅਤੇ ਆਬਜ਼ਰਵਰਾਂ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਕਰਕੇ ਖੋਲ੍ਹੇੇ ਜਾਣਗੇ।ਈ.ਵੀ.ਐਮ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ, ਗਿਣਤੀ ਏਜੰਟਾਂ ਨੂੰ ਐਡਰੈਸ ਟੈਗ, ਸੀਲਾਂ ਅਤੇ ਈ.ਵੀ.ਐਮ ਦੇ ਸੀਰੀਅਲ ਨੰਬਰ ਵਿਖਾਏ ਜਾਣਗੇ ਤਾਂਕਿ ਵਰਤੀਆਂ ਗਈਆਂ ਮਸ਼ੀਨਾਂ ਦੀ ਜਾਇਜ਼ਤਾ ਬਾਰੇ ਉਨ੍ਹਾਂ ਦੀ ਤਸੱਲੀ ਹੋ ਸਕੇ।
ਸਿਆਸੀ ਪਾਰਟੀਆਂ ਨੂੰ ਕਈ ਵਾਰੀ ਪ੍ਰਬੰਧਾਂ ਅਤੇ ਪ੍ਰੋਟੋੋਕੋਲ ਬਾਰੇ ਸਮਝਾਇਆ ਜਾ ਚੁੱਕਾ ਹੈ।ਇਸ ਬਾਰੇ ਚੋਣਾਂ ਦੇ ਐਲਾਨ ਤੋਂ ਬਾਅਦ ਉਨ੍ਹਾਂ ਨਾਲ ਹੋਈਆਂ 93 ਮੀਟਿੰਗਾਂ ਵਿਚ ਵੀ ਦੱਸਿਆ ਜਾ ਚੁੱਕਾ ਹੈ। ਸਾਰੇ ਮੁੱਖ ਚੋਣ ਅਧਿਕਾਰੀਆਂ ਅਤੇ ਜ਼ਿਲਾ ਚੋਣ ਅਫਸਰਾਂ ਨੂੰ ਇਕ ਵਾਰੀ ਫੇਰ ਸਲਾਹ ਦਿੱਤੀ ਗਈ ਹੈ ਕਿ ਉਹ ਉਮੀਦਵਾਰਾਂ ਨੂੰ ਗਿਣਤੀ ਦੇ ਮੌਕੇ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ।
ਇਸ ਗੱਲ ਦੀ ਪ੍ਰਸ਼ੰਸ਼ਾ ਕੀਤੀ ਜਾ ਸਕਦੀ ਹੈ ਕਿ ਕਮਿਸ਼ਨ ਵਲੋਂ ਜਾਰੀ ਵਿਸਥਾਰਿਤ ਪ੍ਰਸ਼ਾਸਕੀ ਪ੍ਰੋਟੋਕੋਲ, ਸੁਰੱਖਿਆ ਢਾਂਚੇ ਅਤੇ ਕਾਰਜ ਵਿਧੀ ਸੰਬਧੀ ਅਗਵਾਈ ਲੀਹਾਂ ਪੂਰੀ ਤਰ੍ਹਾਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ ਪੋਲ ਹੋਈਆਂ ਵੋਟਾਂ ਵਾਲੀਆਂ ਈ.ਵੀ.ਐਮ ਮਸ਼ੀਨਾਂ ਅਤੇ ਵੀ.ਵੀ.ਪੈਟ ਸਟ੍ਰਾਂਗ ਰੂਮਾਂ ਵਿਚ 24 ਘੰਟੇ ਦੀ ਨਿਗਰਾਨੀ ਹੇਠ, ਸੀ.ਏ.ਪੀ.ਐਫ ਅਤੇ ਉਮੀਦਵਾਰਾਂ ਦੀ ਨਿਗਰਾਨੀ ਹੇਠ ਰੱਖੀਆਂ ਗਈਆਂ ਹਨ ਅਤੇ ਇਨ੍ਹਾਂ ਨਾਲ ਕਿਸੇ ਤਰ੍ਹਾਂ ਨਾਲ ਵੀ ਸ਼ਰਾਰਤ ਕਰਨ ਜਾਂ ਨੁਕਸਾਨ ਪਹੁੰਚਾਉਣ `ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ।
ਉਨਾਂ ਕਿਹਾ ਕਿ ਮੀਡੀਆ ਵਿਚ ਜੋ ਕਲਿਪਸ ਵਿਖਾਏ ਜਾ ਰਹੇ ਹਨ ਉਹ ਸਿਰਫ ਰਿਜ਼ਰਵ, ਅਣਵਰਤੀਆਂ ਈ.ਵੀ.ਐਮ ਦੀ ਸਟੋਰੇਜ ਜਾਂ ਉਨ੍ਹਾਂ ਨੂੰ ਇਧਰ ਓਧਰ ਲਿਜਾਣ ਨਾਲ ਸੰਬੰਧਿਤ ਹਨ।ਪਰ ਜੇ ਰਿਜ਼ਰਵ ਈ.ਵੀ.ਐਮ ਨੂੰ ਲਿਆਉਣ ਲਿਜਾਣ ਦੌਰਾਨ ਹੋਈ ਕੋਈ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਵੀ ਪੂਰੀ ਛਾਣਬੀਣ ਕੀਤੀ ਜਾਵੇਗੀ ਅਤੇ ਸੰਬੰਧਤ ਅਧਿਕਾਰੀ ਵਿਰੱੁਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਈ.ਵੀ.ਐਮ ਸੰਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾਲ ਨਜਿੱਠਣ ਲਈ ਨਿਰਵਾਚਨ ਸਦਨ ਵਿਚ ਇਕ ਕੰਟਰੋਲ ਰੂਮ ਕਾਇਮ ਕੀਤਾ ਜਾ ਰਿਹਾ ਹੈ।ਜਿਸ ਵਿਚ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੱਕ ਈ.ਵੀ.ਐਮ ਸੰਬੰਧੀ ਸ਼ਿਕਾਇਤਾਂ ਨਾਲ ਨਜਿੱਠਿਆ ਜਾਵੇਗਾ।ਇਸ ਦਾ ਫੋਨ ਨੰਬਰ 011-23052123 ਹੈ।ਇਹ ਕੰਟਰੋਲ ਰੂਮ 22.5.2019 ਨੂੰ ਸਵੇਰੇ 11.00 ਵਜੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
Punjab Post Daily Online Newspaper & Print Media