ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਡਾਇਰੈਕਟਰ ਜਨਰਲ ਯੂ.ਆਈ.ਡੀ.ਏ.ਆਈ ਭਾਵਨਾ ਗਰਗ ਨੇ ਅੰਮ੍ਰਿਤਸਰ ਵਿਖੇ ਅਧਾਰ
ਕਾਰਡਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਸਪੱਸ਼ਟ ਕੀਤਾ ਕਿ ਬੱਚਿਆਂ ਦੇ ਅਧਾਰ ਕਾਰਡ 5 ਸਾਲ ਅਤੇ 15 ਸਾਲ ਦੀ ਉਮਰ ਬਾਅਦ ਅਪਡੇਟ ਕਰਨੇ ਜ਼ਰੂਰੀ ਹਨ ਅਤੇ ਅਜਿਹਾ ਨਾ ਕਰਨ ਉਤੇ ਅਧਾਰ ਕਾਰਡ ਰੱਦ ਹੋ ਸਕਦਾ ਹੈ।ਉਨਾਂ ਦੱਸਿਆ ਕਿ ਹਰੇਕ ਬੱਚੇ ਦਾ ਅਧਾਰ ਕਾਰਨ ਉਸ ਦੇ ਜਨਮ ਵੇਲੇ ਬਣਾਉਣ ਦਾ ਕੰਮ ਜਾਰੀ ਹੈ, ਪਰ ਉਸ ਵੇਲੇ ਉਸਦੇ ਮਾਂ ਜਾਂ ਬਾਪ ਦੇ ਅਧਾਰ ਕਾਰਡ ਦੇ ਨੰਬਰ ਨਾਲ ਇਹ ਅਧਾਰ ਬਣਦਾ ਹੈ।ਇਸ ਲਈ ਹਰੇਕ ਬੱਚੇ ਦੀ ਉਮਰ 5 ਸਾਲ ਅਤੇ 15 ਸਾਲ ਪੂਰੀ ਹੋਣ ਉਤੇ ਅਧਾਰ ਕੇਂਦਰ ਜਾ ਕੇ ਬੱਚੇ ਦੀਆਂ ਉਂਗਲਾਂ ਦੇ ਨਿਸ਼ਾਨ ਤੇ ਅੱਖਾਂ ਦੀ ਸਕੈਨਿੰਗ ਅਪਡੇਟ ਕਰਵਾਉਣੀ ਜ਼ਰੂਰੀ ਹੈ।
ਉਨਾਂ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ 2 ਕਰੋੜ 32 ਲੱਖ ਤੋਂ ਵੱਧ ਅਧਾਰ ਕਾਰਡ ਬਣੇੇ ਹਨ ਅਤੇ 18 ਸਾਲ ਤੋਂ ਉਪਰ ਦੀ ਸਾਰੀ ਵਸੋਂ ਅਧਾਰ ਕਾਰਡ ਨਾਲ ਕਵਰ ਹੋ ਚੁੱਕੀ ਹੈ, ਪਰ 5 ਸਾਲ ਤੋਂ ਘੱਟ ਉਮਰ ਵਰਗ ਵਿਚ ਕੇਵਲ 10 ਕੁ ਲੱਖ ਬੱਚਿਆਂ ਦੇ ਅਧਾਰ ਕਾਰਡ ਹੀ ਬਣੇ ਹਨ, ਜੋ ਕਿ ਕੇਵਲ 44 ਫੀਸਦੀ ਵਸੋਂ ਨੂੰ ਹੀ ਕਵਰ ਕਰ ਰਹੇ ਹਨ ਅਤੇ ਇਸ ਉਮਰ ਵਰਗ ਵਿਚ ਪੰਜਾਬ ਦਾ ਨਾਮ ਭਾਰਤ ਵਿਚ ਅੱਠਵੇਂ ਸਥਾਨ ਉਤੇ ਹੈ।ਉਨਾਂ ਦੱਸਿਆ ਕਿ ਅੰਮਿ੍ਰਤਸਰ ਵਿਚ ਇਹ ਅਧਾਰ ਕੇਵਲ ਢਾਈ ਕੁ ਲੱਖ ਬੱਚਿਆਂ ਦੇ ਬਣੇ ਹਨ ਅਤੇ ਕੇਵਲ 29 ਫੀਸਦੀ ਬੱਚਿਆਂ ਨੂੰ ਅਧਾਰ ਦੀ ਸ਼ਨਾਖਤ ਦਿੱਤੀ ਗਈ ਹੈ।
ਉਨਾਂ ਸਿਹਤ, ਬੈਂਕ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਡਾਕ ਘਰਾਂ, ਸੇਵਾ ਕੇਂਦਰਾਂ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਸ ਕੰਮ ਵਿਚ ਤੇਜ਼ੀ ਲਿਆਉਣ ਤੇ ਸਾਰੇ ਰਹਿੰਦੇ ਬੱਚਿਆਂ ਦੇ ਅਧਾਰ ਕਾਰਡ ਬਣਾਏ ਜਾਣ।ਇਸ ਤੋਂ ਇਲਾਵਾ ਉਹ ਬੱਚੇ ਜਿੰਨਾਂ ਦੇ ਅਧਾਰ ਕਾਰਡ ਬਣੇ ਹਨ, ਦੀਆਂ ਉਂਗਲਾਂ ਦੇ ਨਿਸ਼ਾਨ ਤੇ ਹੋਰ ਡੈਟਾ 5 ਸਾਲ ਤੇ 15 ਸਾਲ ਉਮਰ ਤੋਂ ਬਾਅਦ ਅਪਡੇਟ ਕੀਤਾ ਜਾਵੇ, ਤਾਂ ਜੋ ਉਨਾਂ ਦੇ ਅਧਾਰ ਕਾਰਡ ਰੱਦ ਹੋਣ ਤੋਂ ਬਚ ਸਕਣ। ਉਨਾਂ ਦੱਸਿਆ ਕਿ ਇਸ ਕੰਮ ਲਈ ਸਾਰੇ ਵਿਭਾਗਾਂ ਨੂੰ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਫੀਸ ਮਿਲ ਰਹੀ ਹੈ, ਸੋ ਉਹ ਇਹ ਕੰਮ ਪਹਿਲ ਦੇ ਅਧਾਰ ਉਤੇ ਪੂਰਾ ਕਰਨ, ਤਾਂ ਜੋ ਬੱਚੇ ਭਵਿੱਖ ਵਿਚ ਸਰਕਾਰੀ ਸੇਵਾ ਅਤੇ ਹੋਰ ਯੋਜਨਾਵਾਂ ਨਾਲ ਜੁੜ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਪਰਮਿੰਦਰਪਾਲ ਸਿੰਘ ਡਾਇਰੈਕਟਰ ਗਵਰਨਜ਼ ਰਿਫਾਰਮ, ਸਿਵਲ ਸਰਜਨ ਹਰਦੀਪ ਸਿੰਘ ਘਈ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media