ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਪੰਜਾਬੀ ਵਿਭਾਗ ਵਿਖੇ ਪ੍ਰੋ.
ਗੁਰਸ਼ਿੰਦਰ ਕੌਰ ਦੀ ਅਨੁਵਾਦਿਤ ਪੁਸਤਕ ‘ਆਓ ਪੇਪੇ ਘਰ ਚੱਲੀਏ’ ਰਿਲੀਜ਼ ਕੀਤੀ ਗਈ।ਇਹ ਪੁਸਤਕ ਪ੍ਰਮੁੱਖ ਹਿੰਦੀ ਨਾਵਲਕਾਰਾ ਅਤੇ ਨਾਰੀਵਾਦੀ ਚਿੰਤਕ ਪ੍ਰਭਾ ਖੇਤਾਨ ਦੇ ਹਿੰਦੀ ਨਾਵਲ’ ‘ਆਓ ਪੇਪੇ ਘਰ ਚਲੇਂ’ ਦਾ ਪੰਜਾਬੀ ਅਨੁਵਾਦ ਹੈ।
ਪੁਸਤਕ ਨੂੰ ਰਿਲੀਜ਼ ਕਰਦਿਆਂ ਪ੍ਰਿੰ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਆਪਣੇ ਸ਼ੁਰੂਆਤੀ ਸਮੇਂ ਤੋਂ ਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਮੁੱਖ ਅਧਿਐਨ ਕੇਂਦਰ ਰਿਹਾ ਹੈ ਏਥੇ ਸਭ ਤੋਂ ਪਹਿਲਾਂ ਐਮ.ਏ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋਈ ਅਤੇ ਐਮ.ਫਿਲ. ਅਤੇ ਪੀ ਐਚ.ਡੀ ਸ਼ੁਰੂ ਕਰਨ ਵਾਲਾ ਇਹ ਯੂਨੀਵਰਸਿਟੀ ਦਾ ਪਹਿਲਾ ਕਾਲਜ ਹੈ। ਭਵਿੱਖ ’ਚ ਵੀ ਇਹ ਕਾਲਜ ਪੰਜਾਬੀ ਅਧਿਐਨ ਦਾ ਪ੍ਰਮੁੱਖ ਕੇਂਦਰ ਬਣ ਰਿਹਾ ਹੈ।ਉਨ੍ਹਾਂ ਕਿਹਾ ਕਿ ਏਥੋਂ ਦੇ ਮਿਹਨਤੀ ਅਧਿਆਪਕਾਂ ਸਦਕਾ ਹੀ ਇਸ ਵਿਭਾਗ ਦਾ ਪੰਜਾਬੀ ਅਧਿਐਨ ’ਚ ਜ਼ਿਕਰ ਹੁੰਦਾ ਹੈ।ਉਨ੍ਹਾਂ ਨੇ ਡਾ. ਗੁਰਸ਼ਿੰਦਰ ਕੌਰ ਨੂੰ ਇਕ ਮੁੱਲਵਾਨ ਪੁਸਤਕ ਦੇ ਅਨੁਵਾਦ ਲਈ ਵਧਾਈ ਦਿੱਤੀ।
ਪੁਸਤਕ ਬਾਰੇ ਜਾਣ-ਪਛਾਣ ਕਰਵਾਉਂਦਿਆਂ ਵਿਭਾਗ ਦੇ ਅਧਿਆਪਕ ਡਾ. ਹੀਰਾ ਸਿੰਘ ਨੇ ਕਿਹਾ ਕਿ ਇਸ ਨਾਵਲ ’ਚ ਪ੍ਰਭਾ ਖੇਤਾਨ ਨੇ ਭਾਰਤੀ ਅਤੇ ਪੱਛਮੀ ਜੀਵਨ-ਜਾਂਚ ਨੂੰ ਤੁਲਨਾਤਮਕ ਵਿਧੀ ਨਾਲ ਪੇਸ਼ ਕਰਦਿਆਂ ਪੱਛਮ ਦੀ ਪਦਾਰਥਕ ਜ਼ਿੰਦਗੀ ਦੇ ਮੁਕਾਬਲੇ, ਜੋ ਇਨਸਾਨਾਂ ਨਾਲੋਂ ਵਸਤਾਂ ਅਤੇ ਕੁੱਤਿਆਂ ਨੂੰ ਪਹਿਲ ਦਿੰਦੀ ਹੈ, ਭਾਰਤੀ ਜੀਵਨ ਜਾਂਚ ਨੂੰ ਵਧੇਰੇ ਸਾਰਥਕ ਦੱਸਿਆ ਹੈ, ਜੋ ਰਿਸ਼ਤਿਆਂ ਅਤੇ ਪ੍ਰੰਪਰਾਵਾਂ ਨੂੰ ਨਿਭਾਉਣ ਦੀ ਸਿੱਖਿਆ ਦਿੰਦੀ ਹੈ।
ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਵਿਭਾਗ ਪ੍ਰਿੰ: ਡਾ. ਮਹਿਲ ਸਿੰਘ ਦੀ ਅਗਵਾਈ ਅਤੇ ਪ੍ਰੇਰਨਾ ਨਾਲ ਨਿਰੰਤਰ ਤਰੱਕੀ ਕਰ ਰਿਹਾ ਹੈ ਅਤੇ ਅਸੀਂ ਆਪਣੇ ਅਧਿਆਪਕਾਂ ਨੂੰ ਅਧਿਐਨ ਅਧਿਆਪਨ ਲਈ ਹਰ ਕਿਸਮ ਦੀਆਂ ਸਹੂਲਤਾਂ ਦਿੰਦੇ ਹਾਂ।ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕਾਂ ਨੂੰ ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਦੇ ਚੰਗੇ ਸਾਹਿਤ ਦਾ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ, ਉਨ੍ਹਾਂ ਨੇ ਹਿੰਦੀ ਦੇ ਇਕ ਚੰਗੇ ਨਾਵਲ ਦਾ
ਪੰਜਾਬੀ ’ਚ ਅਨੁਵਾਦ ਕਰਨ ’ਤੇ ਪ੍ਰੋ. ਗੁਰਸ਼ਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਡਾ. ਸੁਖਮੀਨ ਬੇਦੀ, ਡਾ. ਦਲਜੀਤ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਅਮਨਦੀਪ ਕੌਰ ਥਿੰਦ, ਡਾ. ਗੁਰਿੰਦਰ ਕੌਰ, ਡਾ. ਪੂਜਾ, ਡਾ. ਪਵਨ ਕੁਮਾਰ, ਪ੍ਰੋ. ਆਰਤੀ, ਪ੍ਰੋ. ਬਲਜਿੰਦਰ ਸਿੰਘ ਵੀ ਹਾਜ਼ਰ ਸਨ।
Check Also
ਸਮਾਂ ਬਦਲਣ ਤੋਂ ਬਾਅਦ ਪਹਿਲੇ ਦਿਨ ਸਮੇਂ ਸਿਰ ਦਫਤਰ ਪੁੱਜੇ ਮੁਲਾਜ਼ਮ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵਧਦੀ ਗਰਮੀ ਨੂੰ ਦੇਖਦੇ ਹੋਏ ਸਰਕਾਰੀ …
Punjab Post Daily Online Newspaper & Print Media