ਪੰਚਾਂ ਤੇ ਸਰਪੰਚਾਂ ਨੂੰ ਨਸ਼ੇ ਵਿਰੁੱਧ ਤਿਆਰ ਕਰੇਗਾ ਜ਼ਿਲ੍ਹਾ ਪ੍ਰਸਾਸ਼ਨ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਨੇ 12
ਤੋਂ 26 ਜੂਨ ਤੱਕ ਨਸ਼ਾ ਵਿਰੋਧੀ ਪੰਦਰਵਾੜਾ ਮਨਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਨਸ਼ੇ ਵਿਰੁੱਧ ਸੈਮੀਨਾਰ, ਰੈਲੀਆਂ, ਨਾਟਕ, ਲੋਕਾਂ ਨਾਲ ਰਾਬਤਾ ਕਰਨ ਵਾਲੇ ਪ੍ਰੋਗਰਾਮ ਆਦਿ ਕਰਵਾਏ ਜਾਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ‘ਨਸ਼ਾ ਇਕ ਬਿਮਾਰੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ’ ਸਾਨੂੰ ਇਹ ਗੱਲ ਉਨਾਂ ਘਰਾਂ ਤੱਕ ਪਹੁੰਚਾਉਣ ਦੀ ਲੋੜ ਹੈ, ਜਿੰਨਾਂ ਘਰਾਂ ਵਿਚ ਇਹ ਬਿਮਾਰੀ ਆ ਚੁੱਕੀ ਹੈ।ਢਿਲੋਂ ਨੇ ਦੱਸਿਆ ਕਿ ਨਸ਼ੇ ਵਿਰੁੱਧ ਵਿਆਪਕ ਜਾਗਰੂਕਤਾ ਪੈਦਾ ਕਰਨ ਅਤੇ ਨਸ਼ੇ ਦੇ ਬਿਮਾਰਾਂ ਨੂੰ ਇਲਾਜ ਦੇ ਰਾਹੇ ਪਾਉਣ ਲਈ ਅਸੀਂ ਪੰਚਾਂ ਤੇ ਸਰਪੰਚਾਂ ਨੂੰ ਸਿੱਖਿਅਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਤਹਿਤ ਮਾਸਟਰ ਟਰੇਨਰਾਂ ਦੁਆਰਾ ਤਹਿਸੀਲ ਪੱਧਰ ਉਤੇ ਇਹ ਸਿਖਲਾਈ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਨਸ਼ਾ ਛੁਡਾੳੂ ਕੇਂਦਰਾਂ, ਓਟ ਕੇਂਦਰ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਆਏ ਮਰੀਜਾਂ ਵਿਚੋਂ ਇਲਾਜ ਵਿਚੇ ਛੱਡ ਕੇ ਗਏ ਬਿਮਾਰਾਂ ਦਾ ਪਿੱਛਾ ਕਰਨ ਅਤੇ ਉਨਾਂ ਦਾ ਇਲਾਜ ਪੂਰਾ ਕਰਵਾਉਣ।ਉਨਾਂ ਬੀਤੇ ਸਮੇਂ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਮਾਰੇੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਦੀ ਹਦਾਇਤ ਕਰਦੇ ਕਿਹਾ ਕਿ ਉਕਤ ਪਰਿਵਾਰਾਂ ਦੀ ਯੋਗਤਾ ਅਤੇ ਲੋੜ ਅਨੁਸਾਰ ਇਹ ਸਕੀਮਾਂ ਦਿੱਤੀਆਂ ਜਾਣ, ਤਾਂ ਜੋ ਉਨਾਂ ਦੇ ਪਰਿਵਾਰਾਂ ਦਾ ਚੁੱਲਾ ਬਲਦਾ ਰਹੇ।
ਉਨਾਂ ਦੱਸਿਆ ਕਿ ਨਸ਼ੇ ਵਿਰੋਧੀ ਮੁਹਿੰਮ ਵਿਚ ਕਿਸੇ ਵੀ ਤਰਾਂ ਦੀ ਸਹਾਇਤਾ ਅਤੇ ਮਦਦ ਲਈ ਐਸ.ਟੀ.ਐਫ ਦੀ ਹੈਲਪਲਾਇਨ ਨੰਬਰ 79019-59595, 79019-39393 `ਤੇ ਵੀ ਫੋਨ ਕੀਤਾ ਜਾ ਸਕਦਾ ਹੈ, ਜਿਸ ਨੂੰ ਏ.ਡੀ.ਜੀ.ਪੀ ਦੇਖ ਰਹੇ ਹਨ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ, ਡੀ.ਸੀ.ਪੀ ਸਰਤਾਜ ਸਿੰਘ ਚਾਹਲ ਤੇ ਐਮ.ਐਸ ਭੁੱਲਰ, ਐਸ.ਡੀ.ਐਮ ਸ੍ਰੀਮਤੀ ਪਲਵੀ ਚੌਧਰੀ, ਰਜਤ ਉਬਰਾਏ, ਅਸ਼ੋਕ ਕੁਮਾਰ, ਸ਼ਿਵਰਾਜ ਸਿੰਘ ਬੱਲ, ਡੀ.ਐਸ.ਪੀ ਹਰਪ੍ਰੀਤ ਸਿੰਘ, ਸਿਕੰਦਰ ਸਿੰਘ, ਜੀ.ਐਸ ਸਿੱਧੂ ਤੇ ਜੇ.ਐਸ ਗੁਰਾਇਆ, ਨਰਿੰਦਰ ਸਿੰਘ ਪੰਨੂੰ, ਕਰਨਲ ਇਕਬਾਲ ਸਿੰਘ ਸੰਧੂ ਅਤੇ ਜੀ.ਓ.ਜੀ ਦੇ ਤਹਿਸੀਲ ਮੁਖੀ ਵੀ ਮੀਟਿੰਗ ਵਿਚ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media