ਭੀਖੀ/ ਮਾਨਸਾ, 7 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪੰਜਾਬ ਦੀ ਨਕਸਲਬਾੜੀ ਲਹਿਰ ਦੇ ਨਾਇਕ ਕਾਮਰੇਡ ਹਾਕਮ ਸਿੰਘ ਸਮਾਉਂ ਤੇ ਜੰਗ ਵਿਰੋਧੀ ਲਹਿਰ ਦੇ
ਸ਼ਹੀਦ ਬਲਵਿੰਦਰ ਸਿੰਘ ਸਮਾਉਂ ਤੇ ਮਨੋਜ ਭੀਖੀ ਨੂੰ ਸਮਰਪਿਤ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਲੋਂ ਸਥਾਨਕ ਸ਼ਿਵ ਮੰਦਰ ਵਿਖੇ ਕਾਨਫਰੰਸ ਕੀਤੀ ਗਈ।ਜਿਸ ਵਿਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਖੱਬੀ ਲਹਿਰ ਨੂੰ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਦੇ ਹੱਕ ਵਿਚ ਤੇ ਪੰਜਾਬ ਦੀਆਂ ਬੁਨਿਆਦੀ ਮੰਗਾਂ ਉਪਰ ਵੱਡਾ ਅੰਦੋਲਨ ਖੜ੍ਹਾ ਕਰਨਾ ਹੋਵੇਗਾ।ਪਾਰਟੀ ਦੇ ਕੇਂਦਰੀ ਆਗੂ ਕਾ. ਸੁਖਦਰਸ਼ਨ ਨੱਤ ਨੇ ਕਿਹਾ ਕਿ ਮੋਦੀ ਦੀ ਅਣਕਿਆਸੀ ਜਿੱਤ ਤੋਂ ਬਾਅਦ ਬੇਸ਼ੱਕ ਦੇਸ਼ ਸਾਹਮਣੇ ਫਿਰਕੂ ਫਾਸ਼ੀਵਾਦ ਦਾ ਹਮਲਾ ਵੱਡਾ ਹੈ, ਪਰ ਇਸ ਨੂੰ ਨਕੇਲ ਪਾਈ ਜਾ ਸਕਦੀ ਹੈ।ਪਾਰਟੀ ਦੇ ਬੁਲਾਰੇ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਭਾਵੇਂ ਕਮਿਊਨਿਸਟ ਇੱਛਤ ਨਤੀਜੇ ਹਾਸਲ ਨਹੀਂ ਕਰ ਸਕੇ, ਪਰ ਲਾਲ ਧਾਰਾ ਹਰਿਮੰਦਰ ਸਾਹਿਬ ਉਪਰ ਹੋਏ ਹਮਲੇ ਦਾ ਡਟਵਾਂ ਵਿਰੋਧ ਕਰਦੀ ਹੋਈ, ਪੰਜਾਬ ਦੇ ਪਾਣੀਆਂ, ਸੰਘੀ ਫੈਡਰਲ ਢਾਂਚੇ ਲਈ ਡਟਵੀਂ ਆਵਾਜ਼ ਬੁਲੰਦ ਕਰੇਗੀ।ਵਿਦਿਆਰਥੀ ਆਗੂ ਰਜਿੰਦਰ ਸਿਵੀਆ ਨੇ ਕਿਹਾ ਕਿ ਕਮਿਊਨਿਸਟਾਂ ਨੂੰ ਇਕ ਪਾਸੜ ਲੜਾਈ ਦੀ ਬਜਾਏ ਚੌਤਰਫ਼ਾ ਸੰਘਰਸ਼ ਲੜਨਾ ਪਵੇਗਾ।ਇਸ ਸਮੇੇਂ ਭਗਵੰਤ ਸਿੰਘ ਸਮਾਉਂ, ਰੁਲਦੂ ਸਿੰਘ ਮਾਨਸਾ, ਹਰਭਗਵਾਨ ਭੀਖੀ, ਹਰਬੰਸ ਸਿੰਘ ਮਾਂਗਟ, ਭੋਲਾ ਸਿੰਘ ਸਮਾਉਂ, ਨਿੱਕਾ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਮਾਨਸਾ, ਧਰਮਪਾਲ ਨੀਟਾ, ਅਮਰੀਕ ਸਿੰਘ ਸਮਾਉਂ, ਸੁਖਜੀਤ ਸਿੰਘ ਰਾਮਾਨੰਦੀ, ਨਿੱਕਾ ਸਿੰਘ ਸਮਾਉਂ, ਪ੍ਰਦੀਪ ਗੁਰੂ, ਗੁਰਮੀਤ ਸਿੰਘ ਨੰਦਗੜ੍ਹ, ਨਰਿੰਦਰ ਕੌਰ, ਗੁਰਨਾਮ ਸਿੰਘ ਭੀਖੀ ਆਦਿ ਨੇ ਸੰਬੋਧਨ ਕੀਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media