15324 ਨਸ਼ਾਗ੍ਰਸਤ ਰੋਗੀਆਂ ਦਾ ਕੀਤਾ ਜਾ ਰਿਹਾ ਹੈ ਸਫ਼ਲ ਇਲਾਜ – ਡਾ. ਪ੍ਰਭਦੀਪ ਕੌਰ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) -ਜਿਲ੍ਹੇ ਅੰਦਰ ਨਸ਼ੇ ਨਸ਼ਾ ਵਿਰੋਧੀ ਪੰਦਰਵਾੜਾ 12 ਤੋਂ 26 ਜੂਨ ਤੱਕ ਚਲਾਇਆ ਜਾ
ਰਿਹਾ ਹੈ।ਜਿਸ ਦੌਰਾਨ ਨਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਲਾਜ ਕਰਵਾ ਕੇ ਨਸ਼ੇ ਨੂੰ ਛੱਡਿਆ ਜਾ ਸਕਦਾ ਹੈ।
ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ ਨਸ਼ੇ ’ਤੇ ਠੱਲ ਪਾਉਣ ਲਈ ਵਿਆਪਕ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ੇ ਤੋਂ ਪੀੜ੍ਹਤ ਵਿਅਕਤੀਆਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਉਣ ਲਈ ਓਟ ਕਲੀਨਿਕ ਵੀ ਸ਼ੁਰੂ ਕੀਤੇ ਗਏ ਹਨ। ਜਿਥੇ ਨਸ਼ੇ ਤੋਂ ਪੀੜ੍ਹਤ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ।ਮੈਡਮ ਕਾਲੀਆ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਨਸ਼ੇ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਦੱਸਣ ਤਾਂ ਜੋ ਬੱਚੇ ਅੱਗੇ ਚਲ ਕੇ ਇਨਾਂ ਨਸ਼ਿਆਂ ਤੋਂ ਦੂਰ ਰਹਿਣ।ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਨਸ਼ੇ ਦੇ ਬਿਮਾਰੀ ਦੇ ਇਲਾਜ ਸਬੰਧੀ ਜਾਗਰੂਕਤਾ ਫੈਲਾਈ ਜਾਵੇ ਅਤੇ ਵੱਧ ਤੋਂ ਵੱਧ ਨਸ਼ੇ ਦੇ ਰੋਗੀਆਂ ਨੂੰ ਪ੍ਰੇਰਿਤ ਕਰਕੇ ਓਟ ਸੈਂਟਰਾਂ ਵਿਚ ਲਿਆਂਦਾ ਜਾਵੇ।
ਡਾ. ਪ੍ਰਭਦੀਪ ਕੌਰ ਜੌਹਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 10 ਸਰਕਾਰੀ ਓਟ ਸੈਂਟਰ ਚਲਾਏ ਜਾ ਰਹੇ ਹਨ।ਜਿਨ੍ਹਾਂ ਵਿੱਚ ਕੁੱਲ 15324 ਨਸ਼ੇ ਤੋਂ ਗ੍ਰਸਤ ਰੋਗੀਆਂ ਦਾ ਸਫ਼ਲ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਜਿਵੇਂ ਕਿ ਐਸ.ਡੀ.ਐਚ ਬਾਬਾ ਬਕਾਲਾ, ਅਜਨਾਲਾ ਅਤੇ ਸੀ.ਐਚ.ਸੀ.ਤਰਸਿੱਕਾ, ਮਜੀਠਾ, ਮਾਨਾਂਵਾਲਾ, ਵੇਰਕਾ, ਲੋਪੋਕੇ, ਆਰ.ਐਚ ਚਵਿੰਡਾ ਦੇਵੀ ਅਤੇ ਸਰਕਾਰੀ ਨਸ਼ਾ ਮੁਕਤੀ ਮੁੜ ਸੇਵਾ ਕੇਂਦਰ ਅੰਮਿ੍ਰਤਸਰ ਵਿੱਚ ਓਟ ਸੈਂਟਰ ਚਲ ਰਹੇ ਹਨ।ਉਨ੍ਹਾਂ ਦੱਸਿਆ ਕਿ ਇਨਾਂ ਕਲੀਨਿਕ ’ਤੇ ਜੀਭ ਥੱਲੇ ਰੱਖਣ ਵਾਲੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ।ਜਿਸ ਦਾ ਕੋਰਸ ਇਕ ਤੋਂ ਦੋ ਸਾਲ ਤੱਕ ਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਕਰਨ ਵਾਲੇ ਰੋਗੀਆਂ ਨੂੰ ਪ੍ਰੇਰਿਤ ਕਰਕੇ ਨੇੜਲੇ ਓਟ ਸੈਂਟਰਾਂ ਵਿਚ ਲਿਆਂਦਾਂ ਜਾਵੇ ਤਾਂ ਜੋ ਉਨ੍ਹਾਂ ਦਾ ਇਲਾਜ ਕਰਕੇ ਮੁੜ ਸਮਾਜ ਦੀ ਮੁੱਖ ਧਾਰਾ ਵਿਚ ਜੋੜਿਆ ਜਾ ਸਕੇ।ਡਾ. ਜੌਹਲ ਨੇ ਦੱਸਿਆ ਕਿ ਓਟ ਸੈਂਟਰਾਂ ਵਿੱਚ ਦਵਾਈ ਲੈਣ ਵਾਲੇ ਰੋਗੀਆਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।ਇਸ ਮੌਕੇ ਜਿਲ੍ਹੇ ਵਿਚ ਚੱਲ ਰਹੇ ਓਟ ਸੈਂਟਰਾਂ ਸਬੰਧੀ ਇਕ ਪੈਂਫਲੈਟ ਵੀ ਵੰਡਿਆ ਗਿਆ।
Punjab Post Daily Online Newspaper & Print Media