ਚੰਡੀਗੜ, 18 ਜੂਨ (ਪੰਜਾਬ ਪੋਸਟ ਬਿਊਰੋ) – ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ਵਿੱਚ ਅੱਜ ਉਘੇ ਸਮਾਜ ਸੇਵੀ
ਤੇ ਇੰਗਲੈਂਡ ਵਸਦੇ ਦਲਜੀਤ ਸਿੰਘ ਸਹੋਤਾ ਨੇ ਪੰਜਾਬ ਰਾਜ ਕਮਿਸ਼ਨ ਫਾਰ ਐਨ.ਆਰ.ਆਈਜ਼ ਦੇ ਆਨਰੇਰੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ।
ਇਥੇ ਸੈਕਟਰ-9 ਸਥਿਤ ਪੰਜਾਬ ਸਿਵਲ ਸਕੱਤਰੇਤ-2 ਵਿਖੇ ਕਮਿਸ਼ਨ ਦੇ ਦਫਤਰ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਹੋਤਾ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਹ ਇਕ ਉਘੇ ਸਮਾਜ ਸੇਵੀ ਹਨ ਅਤੇ ਇੰਗਲੈਂਡ ਵਿੱਚ ਰਹਿੰਦੇ ਹਨ ਜਿਸ ਕਾਰਨ ਪਰਵਾਸੀ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ।ਉਨਾਂ ਕਿਹਾ ਕਿ ਸਹੋਤਾ ਹੁਣ ਆਪਣੀ ਸੂਝ-ਬੂਝ ਅਤੇ ਦੂਰਅੰਦੇਸ਼ੀ ਸੋਚ ਨਾਲ ਕਮਿਸ਼ਨ ਦੇ ਮੈਂਬਰ ਵਜੋਂ ਵੱਡਮੁੱਲੀਆਂ ਸੇਵਾਵਾਂ ਨਿਭਾਉਣਗੇ ਜਿਸ ਨਾਲ ਪਰਵਾਸੀ ਪੰਜਾਬੀਆਂ ਨਾਲ ਸਬੰਧਤ ਮਾਮਲਿਆਂ ਦਾ ਹੋਰ ਵੀ ਤੇਜ਼ੀ ਨਾਲ ਹੱਲ ਹੋਵੇਗਾ।
ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਰਾਜ ਕਮਿਸ਼ਨ ਫਾਰ ਐਨ.ਆਰ.ਆਈ ਤੇ ਐਨ.ਆਰ.ਆਈ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ।ਉਨਾਂ ਕਿਹਾ ਕਿ ਵਿਭਾਗ ਦੀ ਇਹ ਕੋਸ਼ਿਸ਼ ਰਹੇਗੀ ਕਿ ਪਰਵਾਸੀ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਉਤੇ ਹੱਲ ਕੀਤੀਆਂ ਜਾਣ ਅਤੇ ਕਿਸੇ ਵੀ ਪਰਵਾਸੀ ਨਾਲ ਕੋਈ ਵਿਤਕਰਾ ਨਾ ਹੋਵੇ।ਉਨਾਂ ਕਿਹਾ ਕਿ ਕਮਿਸ਼ਨ ਕੋਲ ਹੁਣ ਤੱਕ 1750 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨਾਂ ਵਿਚੋਂ 90 ਫੀਸਦੀ ਦਾ ਨਿਪਟਾਰਾ ਕੀਤਾ ਗਿਆ ਹੈ।
ਰਾਣਾ ਸੋਢੀ ਨੇ ਕਿਹਾ ਕਿ ਉਨਾਂ ਦੇ ਵਿਭਾਗ ਵਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਸੂਬੇ ਨਾਲ ਜੋੜਨ ਲਈ ਵਿਆਪਕ ਨੀਤੀ ਬਣਾਈ ਜਾ ਰਹੀ ਹੈ।ਐਨ.ਆਰ.ਆਈ ਯੂਥ ਵੈਲਫੇਅਰ ਫੋਰਮ ਬਣਾ ਕੇ ਪਰਵਾਸੀ ਪੰਜਾਬੀ ਬੱਚਿਆਂ ਨੂੰ ਪੰਜਾਬ ਸੱਦਣ ਲਈ ਉਪਰਾਲੇ ਕੀਤੇ ਜਾਣਗੇ।ਉਨਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਿਰਫ ਵੱਡੀ ਉਮਰ ਦੇ ਪਰਵਾਸੀ ਪੰਜਾਬੀ ਪੰਜਾਬ ਆਉਂਦੇ ਹਨ ਜਦੋਂ ਕਿ ਬੱਚਿਆਂ ਵਿੱਚ ਇਹ ਰੁਝਾਨ ਬਹੁਤ ਘੱਟ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਵੀ ਇਨਾਂ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ।
ਸਹੋਤਾ ਜਿਨਾਂ ਦਾ ਹੁਸ਼ਿਆਰਪੁਰ ਦਾ ਪਿਛੋਕੜ ਹੈ, ਨੂੰ ਇਕ ਸਾਲ ਲਈ ਕਮਿਸ਼ਨ ਦਾ ਆਨਰੇਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ ਜਿਹੜਾ ਕਿ ਦੋ ਸਾਲ ਲਈ ਹੋਰ ਵਧਾਇਆ ਜਾ ਸਕਦਾ ਹੈ।ਸਹੋਤਾ ਨੇ ਸਾਹਿਤਕ, ਸਭਿਆਚਾਰਕ ਤੇ ਹੋਰ ਸਮਾਜ ਸੇਵੀ ਖੇਤਰਾਂ ਵਿੱਚ ਨਾਮਣਾ ਖਟਿਆ ਹੈ।ਉਨਾਂ ਨੇ ਕਈ ਖੇਡ ਅਤੇ ਮੈਡੀਕਲ ਕੈਂਪ ਲਗਾਏ ਹਨ।ਸਹੋਤਾ ਨੇ ਆਪਣੀ ਨਿਯੁੱਕਤੀ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਸੋਢੀ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ।
ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਜਸਟਿਸ (ਸੇਵਾ ਮੁਕਤ) ਰਾਕੇਸ਼ ਕੁਮਾਰ ਗਰਗ, ਐਨ.ਆਰ.ਆਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ, ਵਿਸ਼ੇਸ਼ ਸਕੱਤਰ ਐਮ.ਪੀ ਅਰੋੜਾ, ਡਿਪਟੀ ਸਕੱਤਰ ਸ੍ਰੀਮਤੀ ਰੰਜੂ ਬਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ.ਆਰ.ਆਈ ਹਾਜ਼ਰ ਸਨ, ਜਿਨਾਂ ਵਿੱਚ ਕੁਲਜੀਤ ਸਹੋਤਾ, ਜਸਵਿੰਦਰ ਗਿੱਲ, ਅਵਤਾਰ ਸਿੰਘ, ਸੀਤਲ ਬੈਂਸ, ਸੰਨੀ ਗਿੱਲ, ਨਛੱਤਰ ਕਲਸੀ, ਸਤਵਿੰਦਰ ਸੱਗੂ, ਮੋਹਨ ਕੰਧੋਲਾ, ਸਤਨਾਮ ਹਰੀਆ, ਇਕਬਾਲ ਸਿੱਧੂ, ਦਿਲਬਾਗ ਕੰਗ, ਸੰਦੀਪ ਗਿੱਲ, ਬਲਵਿੰਦਰ ਗਿੱਲ, ਗੁਰਦਿਆਲ ਸਿੰਘ, ਨਿਰਮਲ ਸੰਧੂ, ਰਾਜਵਿੰਦਰ ਸਿੰਘ, ਰਾਜਨ ਸਿੱਧੂ, ਸੁਖਜਿੰਦਰ ਸਿੰਘ ਬਦੇਸ਼ਾ (ਪੱਪੀ) ਤੇ ਰਵਿੰਦਰ ਪਾਲ ਸ਼ਾਮਲ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media