ਖ਼ੁਸ਼ਵੰਤ ਸਿੰਘ ਇੱਕੋ ਸਮੇਂ ਗਲਪਕਾਰ, ਪੱਤਰਕਾਰ ਤੇ ਇਤਿਹਾਸਕਾਰ ਸੀ।ਉਸ ਨੇ ਮੁੱਖ ਤੌਰ `ਤੇ ਅੰਗਰੇਜ਼ੀ ਵਿੱਚ ਹੀ ਲਿਖਿਆ, ਪਰ ਉਸਦੀਆਂ ਕਿਤਾਬਾਂ ਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੇ ਹਨ।
ਖ਼ੁਸ਼ਵੰਤ ਸਿੰਘ ਦਾ ਮੁੱਢਲਾ ਨਾਮ ਖ਼ੁਸ਼ਹਾਲ ਸਿੰਘ ਸੀ ਤੇ ਉਹਦੀ ਦਾਦੀ ਲਕਸ਼ਮੀ ਬਾਈ ਉਹਨੂੰ `ਸ਼ਾਲੀ` ਕਹਿ ਕੇ ਬੁਲਾਉਂਦੀ ਸੀ।ਸਕੂਲ ਵਿੱਚ ਜਮਾਤੀ ਅਕਸਰ ਉਹਨੂੰ ਇਸੇ ਨਾਂ ਨਾਲ ਛੇੜਦੇ- “ਸ਼ਾਲੀ ਸ਼ੂਲੀ ਬਾਗ ਦੀ ਮੂਲ਼ੀ…” ਪਰ ਫੇਰ ਉਹਨੇ ਆਪਣੇ- ਆਪ ਹੀ ਇਹ ਨਾਂ ਬਦਲ ਲਿਆ ਤੇ ਆਪਣਾ ਨਾਂ ਵੱਡੇ ਭਰਾ ਭਗਵੰਤ ਸਿੰਘ ਨਾਲ ਮਿਲਦਾ-ਜੁਲਦਾ ਖ਼ੁਸ਼ਵੰਤ ਸਿੰਘ ਰੱਖ ਲਿਆ।
ਖ਼ੁਸ਼ਵੰਤ ਸਿੰਘ ਦਾ ਜਨਮ ਪਿਤਾ ਸਰ ਸੋਭਾ ਸਿੰਘ ਦੇ ਘਰ ਮਾਂ ਵੀਰਾਂ ਬਾਈ ਦੀ ਕੁੱਖੋਂ 2 ਫਰਵਰੀ 1915 ਨੂੰ ਹਦਾਲੀ, ਜਿਲ੍ਹਾ ਖ਼ੁਸ਼ਹਾਲ (ਪਾਕਿਸਤਾਨ) ਵਿੱਚ ਹੋਇਆ।ਉਹਨੇ ਸਕੂਲ ਦੀ ਪੜ੍ਹਾਈ ਮਾਡਰਨ ਹਾਈ ਸਕੂਲ ਦਿੱਲੀ ਤੋਂ ਹਾਸਲ ਕੀਤੀ।ਇਥੇ ਹੀ ਉਹਦਾ ਮੇਲ ਕਮਲ ਮਲਿਕ ਨਾਲ ਹੋਇਆ, ਜੋ ਪਿੱਛੋਂ ਉਹਨੂੰ ਕਿੰਗਜ਼ ਕਾਲਜ ਲੰਡਨ ਵਿੱਚ ਮਿਲੀ ਤੇ ਬਾਅਦ ਵਿੱਚ ਦੋਹਾਂ ਦੀ ਸ਼ਾਦੀ ਹੋ ਗਈ।ਖੁਸ਼ਵੰਤ ਨੇ ਆਪਣੀ ਉਚੇਰੀ ਪੜ੍ਹਾਈ ਗੌਰਮਿੰਟ ਕਾਲਜ ਲਾਹੌਰ; ਵਕਾਲਤ ਦੀ ਪੜ੍ਹਾਈ ਕਿੰਗਜ਼ ਕਾਲਜ ਲੰਡਨ ਤੇ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਕੀਤੀ।ਉਹਦਾ ਚਾਚਾ ਉਜਲ ਸਿੰਘ ਪੰਜਾਬ ਅਤੇ ਤਾਮਿਲਨਾਡੂ ਦਾ ਗਵਰਨਰ ਰਹਿ ਚੁੱਕਾ ਹੈ।ਉਸ ਦੇ ਦੋ ਬੱਚੇ ਹਨ- ਲੜਕਾ ਰਾਹੁਲ ਅਤੇ ਲੜਕੀ ਮਾਲਾ।ਹਿੰਦੀ ਫਿਲਮ- ਅਭਿਨੇਤਰੀ ਅੰਮ੍ਰਿਤਾ ਸਿੰਘ ਉਸ ਦੇ ਭਰਾ ਦਲਜੀਤ ਸਿੰਘ ਦੇ ਲੜਕੇ/ਨੂੰਹ ਸ਼ਵਿੰਦਰ ਸਿੰਘ/ ਰੁਖ਼ਸਾਨਾ ਸੁਲਤਾਨਾ ਦੀ ਧੀ ਹੈ।ਉਹਦੀ ਪੜ-ਭਤੀਜੀ ਟਿਸਕਾ ਚੋਪੜਾ ਵੀ ਇੱਕ ਜਾਣੀ-ਪਛਾਣੀ ਟੀ.ਵੀ ਅਭਿਨੇਤਰੀ ਹੈ।
ਆਪਣੇ ਮੁੱਢਲੇ ਨਾਂ ਮੁਤਾਬਿਕ ਖ਼ੁਸ਼ਵੰਤ ਦਾ ਪਰਿਵਾਰ ਇੱਕ ਖ਼ੁਸ਼ਹਾਲ ਪਰਿਵਾਰ ਸੀ।ਉਸ ਦੇ ਪਿਤਾ ਜੀ ਇੱਕ ਠੇਕੇਦਾਰ ਅਤੇ ਬਿਲਡਰ ਸਨ।1945 ਵਿੱਚ ਉਸ ਦੇ ਪਿਤਾ ਨੇ ਦਾਦੇ ਦੇ ਨਾਮ `ਤੇ ਦਿੱਲੀ ਵਿੱਚ `ਸੁਜਾਨ ਸਿੰਘ ਪਾਰਕ` ਨਾਂ ਦੀ ਕਾਲੋਨੀ ਬਣਾਈ, ਜੋ ਖ਼ਾਨ ਮਾਰਕੀਟ ਦੇ ਨੇੜੇ ਹੈ।ਇੱਥੇ ਹੀ ਖੁਸ਼ਵੰਤ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਬਿਤਾਈ।
ਖੁਸ਼ਵੰਤ ਸਿੰਘ ਨੇ ਮੁੱਖ-ਤੌਰ `ਤੇ ਹੇਠ ਲਿਖੇ ਕਾਰਜ ਕੀਤੇ:
* 1939-47 ਦੌਰਾਨ ਉਹ ਹਾਈਕੋਰਟ ਲਾਹੌਰ ਵਿੱਚ ਵਕੀਲ ਰਿਹਾ।
* 1947-51 ਦੌਰਾਨ ਉਹਨੇ ਆਜ਼ਾਦ ਭਾਰਤ ਵਿੱਚ ਇੱਕ ਅੰਬੈਸਡਰ ਵਜੋਂ ਟੋਰਾਂਟੋ (ਕੈਨੇਡਾ) ਅਤੇ ਓਟਾਵਾ (ਲੰਡਨ) ਵਿਖੇ ਕਾਰਜ ਕੀਤਾ।
* 1951 ਵਿੱਚ ਉਹਨੇ ਆਲ ਇੰਡੀਆ ਰੇਡੀਓ ਤੋਂ ਇੱਕ ਪੱਤਰਕਾਰ ਵਜੋਂ ਕੈਰੀਅਰ ਸ਼ੁਰੂ ਕੀਤਾ।
* 1951-53 ਦੌਰਾਨ ਉਹ `ਯੋਜਨਾ` (ਭਾਰਤ ਸਰਕਾਰ) ਪੱਤ੍ਰਿਕਾ ਦਾ ਸੰਸਥਾਪਕ ਤੇ ਸੰਪਾਦਕ ਬਣਿਆ।
* 1956 ਵਿੱਚ ਉਸ ਨੇ ਪੈਰਿਸ ਵਿਖੇ ਯੂਨੈਸਕੋ ਦੇ ਲੋਕ ਸੰਪਰਕ ਵਿਭਾਗ ਵਿੱਚ ਕੰਮ ਕੀਤਾ।
* 1969-78 ਦੌਰਾਨ ਉਹ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ, ਬਾਂਬੇ ਦਾ ਸੰਪਾਦਕ ਰਿਹਾ।
*1978-79 ਦੌਰਾਨ ਉਹਨੇ ਨੈਸ਼ਨਲ ਹੈਰਾਲਡ, ਨਵੀਂ ਦਿੱਲੀ ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ।ਉਹਦੇ ਕਾਰਜਕਾਲ ਦੌਰਾਨ ਇਲਸਟ੍ਰੇਟਿਡ ਵੀਕਲੀ ਦੀ ਛਪਣ ਗਿਣਤੀ 65000 ਤੋਂ ਵਧ ਕੇ 400000 ਹੋ ਗਈ।
ਖੁਸ਼ਵੰਤ ਸਿੰਘ ਨੇ ਗਲਪ ਅਤੇ ਇਤਿਹਾਸ ਵਿੱਚ ਬਹੁਤ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ।ਉਹਦੀਆਂ ਪ੍ਰਤੀਨਿਧ ਪੁਸਤਕਾਂ ਵਿੱਚ `ਟਰੇਨ ਟੂ ਪਾਕਿਸਤਾਨ` (ਨਾਵਲ) ਸ਼ਾਮਲ ਹੈ, ਜਿਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਤੇ 1954 ਵਿੱਚ `ਗਰੁਵ ਪ੍ਰੈਸ ਐਵਾਰਡ` ਪ੍ਰਾਪਤ ਹੋਇਆ ਇਸ ਨਾਵਲ ਵਿੱਚ 1947 ਦੀ ਭਾਰਤ ਪਾਕਿ ਵੰਡ ਦੇ ਦਰਦਨਾਕ ਬਿਆਨ ਨੂੰ ਚਿੱਤਰਿਆ ਗਿਆ ਹੈ।ਇਸ ਨਾਵਲ ਉਤੇ 1998 ਵਿੱਚ ਫਿ਼ਲਮ ਵੀ ਬਣ ਚੁੱਕੀ ਹੈ।ਉਹਦੀ ਇੱਕ ਹੋਰ ਪੁਸਤਕ ਹੈ- `ਵਾਈ ਆਈ ਸਪੋਰਟ ਐਂਮਰਜੈਂਸੀ`, ਜਿਸ ਵਿੱਚ ਭਾਰਤ ਦੀ ਐਮਰਜੈਂਸੀ ਬਾਰੇ ਲਿਖੇ ਵੱਖੋ-ਵੱਖਰੇ ਨਿਬੰਧ ਹਨ।ਨਾਵਲ ਵਜੋਂ ਚਰਚਿਤ ਇੱਕ ਹੋਰ ਪੁਸਤਕ ਹੈ- `ਦੇਹਲੀ`।
ਸਿੱਖ ਰਾਜ ਅਤੇ ਸਿੱਖ/ਭਾਰਤੀ ਇਤਿਹਾਸ ਸਬੰਧੀ ਵੀ ਉਸ ਦੀ ਪਕੜ ਕਾਫੀ ਮਜ਼ਬੂਤ ਸੀ।ਇਸ ਸਬੰਧੀ ਉਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਮਿਲਦੀਆਂ ਹਨ- `ਰਣਜੀਤ ਸਿੰਘ: ਦ ਮਹਾਰਾਜਾ ਆਫ ਪੰਜਾਬ`, `ਦ ਫਾਲ ਆਫ਼ ਕਿੰਗਡਮ ਆਫ ਦ ਪੰਜਾਬ`, `ਗ਼ਦਰ 1915: ਇੰਡੀਆਜ਼` ਫ਼ਸਟ ਆਰਮਡ ਰੈਵੋਲੂਸ਼ਨ`, `ਇੰਡੀਆ: ਐਨ ਇੰਟ੍ਰੋਡੱਕਸ਼ਨ`, `ਦ ਹਿਸਟਰੀ ਆਫ ਦ ਸਿਖਸ`, `ਦ ਸਿਖਸ ਟੂਡੇ`, `ਦ ਇਲੱਸਟ੍ਰੇਟਿਡ ਹਿਸਟਰੀ ਆਫ ਦ ਸਿਖਸ` ਆਦਿ।
ਖ਼ੁਸ਼ਵੰਤ ਸਿੰਘ ਵਲੋਂ ਲਿਖੀਆਂ ਹੋਰ ਪੁਸਤਕਾਂ ਵਿੱਚ `ਆਈ ਸ਼ੈਲ ਨਾਟ ਹੀਅਰ ਦ ਨਾਈਟਿੰਗੇਲ`, `ਪੋਰਟਰੇਟ ਆਫ਼ ਏ ਲੇਡੀ`, `ਟਰੁਥ, ਲਵ ਐਂਡ ਏ ਲਿਟਲ ਮੈਲਿਸ`, `ਸੈਕਸ, ਸਕਾਚ ਐਂਡ ਸਕਾਲਰਸ਼ਿਪ`, `ਇਨ ਦ ਕੰਪਨੀ ਆਫ ਵਿਮੈਨ`, `ਦ ਮਾਰਕ ਆਫ ਵਿਸ਼ਨੂੰ ਐਂਡ ਅਦਰ ਸਟੋਰੀਜ਼`, `ਦ ਵਾਇਸ ਆਫ਼ ਗੌਡ ਐਂਡ ਅਦਰ ਸਟੋਰੀਜ਼`, `ਏ ਬਰਾਈਡ ਫ਼ਾਰ ਦ ਸਾਹਿਬ ਐਂਡ ਅਦਰ ਸਟੋਰੀਜ਼`, `ਬਲੈਕ ਜੈਸਮੀਨ`, `ਨੌਟ ਏ ਨਾਈਸ ਮੈਨ ਟੂ ਨੋਅ: ਦ ਬੈਸਟ ਆਫ ਖੁਸ਼ਵੰਤ ਸਿੰਘ`, `ਦ ਇੰਡੀਅਨਜ਼`, `ਵਿਮੈਨ ਐਂਡ ਮੈਨ ਇਨ ਮਾਈ ਲਾਈਫ`, `ਡਿਕਲੇਅਰਿੰਗ ਲਵ ਇਨ ਫੋਰ ਲੈਂਗੁਏਜਿਜ਼` (ਸ਼ਾਰਦਾ ਕੌਸ਼ਿਕ ਨਾਲ ਮਿਲ ਕੇ), `ਵਿਦ ਮੈਲਿਸ ਟੂਵਰਡਜ਼ ਵਨ ਐਂਡ ਆਲ`, `ਦ ਐਂਡ ਆਫ ਇੰਡੀਆ`, `ਬੱਰੀਅਲ ਐਟ ਦ ਸੀ`, `ਪੈਰਾਡਾਈਜ਼ ਐਂਡ ਅਦਰ ਸਟੋਰੀਜ਼`, `ਡੈਥ ਐਟ ਮਾਈ ਡੋਰਸਟੈਪ`, `ਦ ਸਨਸੈਟ ਕਲੱਬ`, `ਐਗਨਾਸਟਿਕ ਖੁਸ਼ਵੰਤ: ਦਿਅਰ ਇਜ਼ ਨੋ ਗੌਡ` ਆਦਿ ਪੁਸਤਕਾਂ ਸ਼ਾਮਿਲ ਹਨ। 98 ਸਾਲ ਦੀ ਉਮਰ (ਅਕਤੂਬਰ 2013) ਵਿੱਚ ਲਿਖੀ `ਦ ਗੁੱਡ, ਦ ਬੈਡ ਐਂਡ ਦ ਰਿਡੀਕੁਲਸ` (ਹੁਮਰਾ ਕੁਰੈਸ਼ੀ ਨਾਲ ਮਿਲ ਕੇ) ਉਸ ਦੀ ਆਖਰੀ ਕਿਤਾਬ ਸੀ, ਜਿਸ ਤੋਂ ਬਾਅਦ ਉਹਨੇ ਲਿਖਣਾ ਬੰਦ ਕਰ ਦਿੱਤਾ ਸੀ।
ਖੁਸ਼ਵੰਤ ਸਿੰਘ ਨੂੰ ਮਿਲੇ ਕੁੱਝ ਇੱਕ ਪ੍ਰਮੁੱਖ ਸਨਮਾਨ/ਪੁਰਸਕਾਰ ਇਸ ਪ੍ਰਕਾਰ ਹਨ:
1974 ਵਿੱਚ `ਪਦਮਸ੍ਰੀ`, ਜੋ ਉਹਨੇ ਹਰਿਮੰਦਰ ਸਾਹਿਬ ਤੇ ਹੋਏ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ 1984 ਵਿੱਚ ਵਾਪਸ ਕਰ ਦਿੱਤਾ ਸੀ।
1999 ਵਿੱਚ ਪੰਜਾਬ ਸਰਕਾਰ ਵਲੋਂ ਖ਼ਾਲਸਾ ਪੰਥ ਦੀ ਤ੍ਰੈ-ਸ਼ਤਾਬਦੀ ਮੌਕੇ `ਨਿਸ਼ਾਨੇ ਖਾਲਸਾ` ਪ੍ਰਦਾਨ ਕੀਤਾ ਗਿਆ।
2006 ਵਿੱਚ ਉਸ ਨੂੰ ਪੰਜਾਬ ਸਰਕਾਰ ਵੱਲੋਂ `ਪੰਜਾਬ ਰਤਨ` ਐਵਾਰਡ ਪ੍ਰਦਾਨ ਕੀਤਾ ਗਿਆ।
2007 ਵਿੱਚ ਭਾਰਤ ਸਰਕਾਰ ਵਲੋਂ `ਪਦਮ ਵਿਭੂਸ਼ਣ` ਪ੍ਰਦਾਨ ਕੀਤਾ ਗਿਆ।
2008 ਵਿੱਚ ਪ੍ਰਤਿਭਾਸ਼ੀਲ ਲੇਖਨ ਲਈ `ਸੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ ਵਲੋਂ `ਆਨੈਸਟ ਮੈਨ ਆਫ਼ ਦ ਯੀਅਰ ਐਵਾਰਡ` ਦਿੱਤਾ ਗਿਆ।
2010 ਵਿੱਚ ਸਾਹਿਤ ਅਕਾਦਮੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
2012 ਵਿੱਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅਖਿਲ ਭਾਰਤੀ ਘੱਟਗਿਣਤੀ ਫੋਰਮ ਵਾਰਸ਼ਿਕ ਫੈਲੋਸ਼ਿਪ ਐਵਾਰਡ ਪ੍ਰਦਾਨ ਕੀਤਾ।
2013 ਵਿੱਚ ਟਾਟਾ ਲਿਟਰੇਚਰ ਲਾਈਵ ਵਲੋਂ `ਲਾਈਫਟਾਈਮ ਅਚੀਵਮੈਂਟ ਐਵਾਰਡ` ਪ੍ਰਦਾਨ ਕੀਤਾ ਗਿਆ।
2014 ਵਿੱਚ ਕਿੰਗਜ਼ ਕਾਲਜ ਲੰਡਨ ਨੇ ਫੈਲੋ ਵਜੋਂ ਨਾਮਜ਼ਦ ਕੀਤਾ।
2016 ਵਿੱਚ (ਮੌਤ ਪਿੱਛੋਂ) ਉਹਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਸ਼ਾਮਿਲ ਕੀਤਾ ਗਿਆ।
20 ਮਾਰਚ 2014 ਨੂੰ ਦਿੱਲੀ ਵਿਖੇ ਆਪਣੇ ਨਿਵਾਸ-ਸਥਾਨ `ਤੇ 99 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ।ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਲੋਂ ਉਸ ਦੀ ਮੌਤ `ਤੇ ਸ਼ੋਕ ਪ੍ਰਗਟ ਕੀਤਾ ਗਿਆ।ਉਹਦਾ ਅੰਤਿਮ ਸਸਕਾਰ ਉਸੇ ਦਿਨ ਸ਼ਾਮੀ ਚਾਰ ਵਜੇ ਕਰ ਦਿੱਤਾ ਗਿਆ।ਉਹ ਆਪਣੇ ਪਿੱਛੇ ਇੱਕ ਪੁੱਤਰ ਰਾਹੁਲ ਤੇ ਇੱਕ ਧੀ ਮਾਲਾ ਛੱਡ ਗਿਆ ਹੈ। ਉਹਦੀ ਪਤਨੀ ਦਾ ਦੇਹਾਂਤ 2001 ਵਿੱਚ ਹੋ ਗਿਆ ਸੀ।
ਉਸ ਨੇ 1943 ਵਿੱਚ ਹੀ ਆਪਣਾ `ਸ਼ੋਕ ਸੰਦੇਸ਼` ਲਿਖ ਦਿੱਤਾ ਸੀ, ਇੱਕ ਕਹਾਣੀ ਦੇ ਰੂਪ ਵਿੱਚ, ਜਿਸ ਦਾ ਸਿਰਲੇਖ ਸੀ: “ਸਰਦਾਰ ਖੁਸ਼ਵੰਤ ਸਿੰਘ ਡੈੱਡ” (ਖ਼ੁਸ਼ਵੰਤ ਸਿੰਘ ਦੀ ਮੌਤ), ਜਿਸ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ: “ਸਾਨੂੰ ਇਹ ਦੱਸਦਿਆਂ ਡੂੰਘਾ ਅਫਸੋਸ ਹੋ ਰਿਹਾ ਹੈ ਕਿ ਸਰਦਾਰ ਖ਼ੁਸ਼ਵੰਤ ਸਿੰਘ ਦਾ ਬੀਤੀ ਸ਼ਾਮ 6 ਵਜੇ ਦਿਹਾਂਤ ਹੋ ਗਿਆ ਹੈ।ਉਹ ਆਪਣੇ ਪਿੱਛੇ ਜਵਾਨ ਵਿਧਵਾ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।ਉਹਦੇ ਘਰ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਚੀਫ਼ ਜਸਟਿਸ ਦਾ ਪੀ.ਏ, ਬਹੁਤ ਸਾਰੇ ਮੰਤਰੀ ਅਤੇ ਹਾਈਕੋਰਟ ਦੇ ਬਹੁਤ ਸਾਰੇ ਵਕੀਲ ਸ਼ਾਮਿਲ ਸਨ।”
ਖੁਸ਼ਵੰਤ ਸਿੰਘ ਨੇ ਆਪਣੀ ਸਮਾਧੀ `ਤੇ ਲਾਇਆ ਜਾਣ ਵਾਲਾ ਪੱਥਰ ਵੀ ਪਹਿਲਾਂ ਹੀ ਤਿਆਰ ਕਰ ਲਿਆ ਸੀ, ਜਿਸ `ਤੇ ਲਿਖਿਆ ਸੀ:
Here lies one who spared neither man nor God;
Waste not your tears on him, he was not a sod;
Writing nasty things he regarded as great fun;
Thank the Lord he is dead, this son of a gun.
ਹਦਾਲੀ ਦੇ ਸਕੂਲ ਵਿੱਚ ਵੀ ਉਸਦੀਆਂ ਅਸਥੀਆਂ ਦਫਨਾਈਆਂ ਗਈਆਂ, ਜਿਸ `ਤੇ ਅੰਕਿਤ ਹੈ:
lN MEMORY OF
SARDAR KHUSHWANT SINGH
(1915-2014)
A SIKH, A SCHOLAR AND A SON OF
HADALI (Punjab)
‘This is where my roots are. I have
nourished them with tears of nostalgia…’
ਉਸ ਦਾ ਚਰਚਿਤ ਕਾਲਮ `ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ` (`ਵਿਦ ਮੈਲਿਸ ਟੂਵਾਰਡਜ਼ ਵਨ ਐਂਡ ਆਲ`) ਕਈ ਸਾਲ ਭਾਰਤ ਦੀਆਂ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਿਹਾ।ਉਹਨੇ ਆਪਣੇ ਵਿਅੰਗ ਲੇਖਨ ਦੇ ਮਾਧਿਅਮ ਰਾਹੀਂ ਪਾਠਕਾਂ ਦਾ ਭਰਪੂਰ ਮਨੋਰੰਜਨ ਕੀਤਾ।ਉਹ ਖੁਦ `ਤੇ ਵਿਅੰਗ ਕਰਨ ਵਾਲਾ ਇੱਕ ਜ਼ਿੰਦਾਦਿਲ ਭਾਰਤੀ ਲੇਖਕ ਸੀ।
ਭਾਰਤੀ ਲੇਖਕਾਂ ਤੇ ਪੱਤਰਕਾਰਾਂ ਵਿੱਚੋਂ ਸਭ ਤੋਂ ਮੂਹਰੇ ਰਹਿਣ ਵਾਲਾ ਖੁਸ਼ਵੰਤ ਸਿੰਘ ਅੰਗਰੇਜ਼ੀ ਭਾਸ਼ਾ ਦਾ ਇੱਕ ਵਿਖਿਆਤ ਉਤਰ-ਬਸਤੀਵਾਦੀ ਲੇਖਕ ਸੀ, ਜੋ ਇੱਕ ਧਰਮ-ਨਿਰਪੱਖ ਪਰ ਮਜ਼ਾਕੀਆ ਸਾਹਿਤਕਾਰ ਸੀ।ਉਸ ਦੇ ਤੁਰ ਜਾਣ ਨਾਲ ਭਾਰਤੀ ਪੱਤਰਕਾਰਤਾ, ਸਾਹਿਤ ਅਤੇ ਇਤਿਹਾਸ ਵਿੱਚ ਇੱਕ ਵੱਡਾ ਖੱਪਾ ਪੈਦਾ ਹੋ ਗਿਆ ਹੈ, ਜਿਸ ਦੀ ਪੂਰਤੀ ਹੋਣੀ ਬਹੁਤ ਅਸੰਭਵ ਹੈ।
ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ, ਬਠਿੰਡਾ-151302
ਮੋ – 9417692015