ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ
ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਦਿਆਰਥੀਆਂ ਵੱਲੋਂ ਯੋਗ ਦਿਵਸ ਮਨਾਇਆ ਗਿਆ।
ਕਾਲਜ ਤੇ ਸਕੂਲ ਦੇ ਕ੍ਰਮਵਾਰ ਪ੍ਰਿੰਸੀਪਲ ਜਿਨ੍ਹਾਂ ’ਚ ਵੂਮੈਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਐਜ਼ੂਕੇਸ਼ਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਇੰਜੀਨੀਅਰਿੰਗ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਪਬਲਿਕ ਸਕੂਲ ਪ੍ਰਿੰਸੀਪਲ ਏ.ਐਸ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੋਗਾ ਮਨੁੱਖ ਨੂੰ ਤਣਾਅ ਮੁਕਤ ਰੱਖਣ ਦੇ ਨਾਲ ਰੋਗਾਂ ਤੋਂ ਅਰੋਗ ਬਣਾਈ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਮਨੁੱਖ ਆਪਣੇ ਰੋਜ਼ਮਰ੍ਹਾ ਦੇ ਰੁਝੇਵਿਆਂ ’ਚ ਇਸ ਕਦਰ ਵਿਅਸਥ ਹੋ ਚੁੱਕਾ ਹੈ ਕਿ ਉਸ ਕੋਲੋਂ ਸਿਹਤ ਸਬੰਧੀ ਕੋਈ ਸਮਾਂ ਹੀ ਨਹੀਂ ਹੈ, ਜਿਸ ਨਾਲ ਇਨਸਾਨ ਅੱਜ ਕਈ ਪ੍ਰਕਾਰ ਦੀਆਂ ਖ਼ਤਰਨਾਕ ਬਿਮਾਰੀਆਂ ਦੀ ਜਕੜ੍ਹ ’ਚ ਫ਼ਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ ਆਪਣੀ ਰੁਝੇਵੇਂ ਭਰੀ ਜ਼ਿੰਦਗੀ ’ਚੋਂ ਕਸਰਤ, ਸੈਰ ਅਤੇ ਯੋਗਾ ਆਦਿ ਲਈ ਕੁਝ ਸਮਾਂ ਜਰੂਰ ਕੱਢੋ।
ਵੂਮੈਨ ਕਾਲਜ ਵਿਖੇ ਐਨ.ਐਸ.ਐਸ. ਵਿਭਾਗ ਵਲੋਂ ਯੋਗਾ ਦਿਵਸ ਮੌਕੇ ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਵਲੰਟੀਅਰਾਂ ਨੂੰ ਯੋਗ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਾਡੇ ਜੀਵਨ ’ਚ ਪ੍ਰਾਚੀਨ ਭਾਰਤੀ ਕਲਾ ਨੂੰ ਅਨਮੋਲ ਕਰਨ ਦੇ ਮਹੱਤਵ ’ਤੇ ਜ਼ੋਰ ਦੇਣ ਲਈ ਇਕ ਮਹਾਨ ਯਤਨ ਹੈ। ਪ੍ਰਿੰ: ਡਾ. ਹਰਪ੍ਰੀਤ ਕੌਰ, ਡਾਇਰੈਕਟਰ ਡਾ. ਬਾਲਾ ਅਤੇ ਗਿੱਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਰੋਜ਼ ਪ੍ਰਾਣਾਯਾਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਐਜ਼ੂਕੇਸ਼ਨ ਕਾਲਜ ਵਿਖੇ ਇਸ ਪ੍ਰੋਗਰਾਮ ਦਾ ਆਯੋਜਨ ਪ੍ਰੋਗਰਾਮ ਕਾ-ਆਰਡੀਨੇਟਰ ਡਾ. ਗੁਰਜੀਤ ਕੌਰ (ਐਸੋਸੀਏਟ ਪ੍ਰੋਫੈਸਰ) ਅਤੇ ਡਾ. ਬਿੰਦੂ ਸ਼ਰਮਾ (ਐਸੋਸੀਏਟ ਪ੍ਰੋਫੈਸਰ) ਦੀ ਅਗਵਾਈ ਹੇਠ ਡਾ. ਸੰਜਮ ਦੁਆਰਾ ਕੀਤਾ ਗਿਆ।ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗਾ ਆਸਨ ਜਿਵੇਂ ਕਿ ਸੁਖ ਆਸਨ, ਸ਼ਵਾਸਨ, ਕਪਾਲਭਾਤੀ, ਵੀਰ ਭਦਰਾਸਨ, ਤ੍ਰਿਕੋਣਾਸਨ, ਭੁਜੰਗਾਸਨ, ਬਾਲਾਸਨ ਆਦਿ ਦੇ ਅਭਿਆਸ ਕਰਵਾਏ ਗਏ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media