Monday, September 21, 2026

ਘੱਟਗਿਣਤੀ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ – ਮੁਨੱਵਰ ਮਸੀਹ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਨੇ ਜਿਲ੍ਹਾ ਅਧਿਕਾਰੀਆਂ ਨਾਲ PUNJ2506201902ਕੀਤੀ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਰਾਜ ਤੇ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰੇ ਲਈ ਚਲਾਈਆਂ ਜਾਂਦੀਆਂ ਯੋਜਨਾਵਾਂ ਨੂੰ ਅਮਲੀਰੂਪ ਦਿੱਤਾ ਜਾਵੇ ਅਤੇ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ।   
     ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਉਨਾਂ ਨੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਪੈਡਿੰਗ ਪਏ ਮੁੱਦਿਆਂ ਦਾ ਰੀਵਿਊ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮਾਂਬੱਧ ਢੰਗ ਨਾਲ ਪੈਡਿੰਗ ਕੰਮਾਂ ਨੂੰ ਨਿਪਟਾਇਆ ਜਾਵੇ।ਉਨ੍ਹਾਂ ਨੇ ਪਿੰਡ ਫਤਿਹਗੜ੍ਹ ਸ਼ੁੱਕਰਚੱਕ ਵਿਖੇ ਪੰਚਾਇਤੀ ਜਮੀਨ ਤੇ ਬਣੇ ਗਿਰਜਾ ਘਰ ਨੂੰ ਢੁਕਵੇਂ ਪ੍ਰਬੰਧ ਕਰਕੇ ਹੋਰ ਜਗਾ ਤਬਦੀਲ ਕਰਨ ਬਾਰੇ ਕਿਹਾ।ਮਨੱਵਰ ਮਸੀਹ ਨੇ ਪਿੰਡ ਭਰਾੜੀਵਾਲ ਵਿਖੇ ਅਲਾਟ ਹੋਏ ਈਸਾਈ ਭਾਈਚਾਰੇ ਦੇ ਕਬਰਸਤਾਨ ਨੂੰ ਸਾਂਝੇ ਤੌਰ ਤੇ ਵਰਤਣ ਲਈ ਵੀ ਵਿਚਾਰ ਕੀਤਾ।ਮਸੀਹ ਨੇ ਕਿਹਾ ਕਿ ਕਿਲਾ ਗੋਬਿੰਦਗੜ੍ਹ ਛਾਉਣੀ ਦੇ ਅੰਦਰ ਈਸਾਈ ਕਬਰਸਤਾਨ ਵਿੱਚ ਮਿ੍ਰਤਕ ਦੇਹਾਂ ਦਬਾਉਣ ਦਾ ਮਸਲਾ ਮਿਲਟਰੀ ਅਥਾਰਟੀ ਨਾਲ ਟੇਕਅਪ ਕਰਕੇ ਇਸ ਦਾ ਤੁਰੰਤ ਹੱਲ ਕੀਤਾ ਜਾਵੇ।ਉਨ੍ਹਾਂ ਨੇ ਛੇਹਰਟਾ ਵਿਖੇ ਈਸਾਈ ਭਾਈਚਾਰੇ ਦੇ ਕਬਰਸਤਾਨ ਲਈ ਕੋਟ ਖਾਲਸਾ ਨਜਦੀਕ 9 ਕਨਾਲ ਖਾਲੀ ਜਗ੍ਹਾ ਦੇਣ ਸਬੰਧੀ ਵੀ ਵਿਚਾਰ ਕੀਤਾ।
     ਮਸੀਹ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਗਿਣਤੀ ਦੇ ਬੱਚਿਆਂ ਦੇ ਸਕਾਲਸ਼ਿਪਾਂ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ।ਮਸੀਹ ਨੇ ਕਿਹਾ ਕਿ ਬੁਢਾਪਾ, ਵਿਧਾਵਾ, ਦਿਵਿਆਂਗ ਪੈਨਸ਼ਨਾਂ ਨੂੰ ਪਹਿਲ ਦੇ ਅਧਾਰ ਤੇ ਲਗਾਇਆ ਜਾਵੇ।ਮਸੀਹ ਨੇ ਅਧਿਕਾਰੀਆਂ ਨੂੰ ਕਿਹਾ ਕਿ ਮਸੀਹੀ ਭਾਈਚਾਰੇ ਦੀ ਵਸੋਂ ਵਾਲੇ ਇਲਾਕੇ ਜਿਸ ਵਿਚ ਸ਼ਹਿਰੀ ਅਬਾਦੀਆਂ ਅਤੇ ਪਿੰਡ ਸ਼ਾਮਿਲ ਹਨ, ਵਿਚ ਕਬਰਸਤਾਨ ਬਨਾਉਣ ਲਈ ਜਿਲ੍ਹਾ ਪ੍ਰਸ਼ਾਸਨ ਠੋਸ ਪ੍ਰੋਗਰਾਮ ਉਲੀਕੇ।  
      ਮਸੀਹ ਨੇ ਕਿਹਾ ਕਿ ਪੰਜਾਬ ਵਿਚ ਘੱਟ ਗਿਣਤੀ ਮਸੀਹ ਤੇ ਮੁਸਲਮਾਨ ਭਾਈਚਾਰਾ ਹੋਣ ਕਾਰਨ ਇੰਨਾਂ ਦੇ ਹੱਕਾਂ ਤੇ ਸਹੂਲਤਾਂ ਦਾ ਧਿਆਨ ਰੱਖਣਾ ਕਮਿਸ਼ਨ ਦਾ ਕੰਮ ਹੈ ਅਤੇ ਅਸੀਂ ਇਸ ਲਈ ਨਿਰੰਤਰ ਯਤਨਸ਼ੀਲ ਹਾਂ।ਮੀਟਿੰਗ ਦੌਰਾਨ ਮਸੀਹ ਨੇ ਆਸ਼ੂ ਮਸੀਹ ਵਾਸੀ ਅੰਮ੍ਰਿਤਸਰ ਦੀ ਹੱਤਿਆ ਦੇ ਕੇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਉਨ੍ਹਾਂ ਨੇ ਆਸ਼ੂ ਮਸੀਹ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਜੇਕਰ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਦਫਤਰ ਆ ਕੇ ਸਿੱਧੇ ਮਿਲ ਸਕਦੇ ਹਨ ਅਤੇ ਮੌਕੇ `ਤੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।
     ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਅੰਮਿ੍ਰਤਸਰ-2, ਅਸ਼ੋਕ ਕੁਮਾਰ ਐਸ.ਡੀ.ਐਮ ਬਾਬਾ ਬਕਾਲਾ, ਨਿਤਿਸ਼ ਸਿੰਗਲਾ ਜਾਇੰਟ ਕਮਿਸ਼ਨਰ ਨਗਰ ਨਿਗਮ, ਨਰਿੰਦਰ ਸਿੰਘ ਪਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫਸਰ, ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਅੰਮ੍ਰਿਤ ਸਰੂਪ ਡੀ.ਐਸ.ਪੀ ਹੈਡਕੁਆਟਰ ਦਿਹਾਤੀ, ਗੁਰਮੀਤ ਸਿੰਘ ਤਹਿਸੀਲਦਾਰ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply