Friday, July 10, 2026

ਜਲ੍ਹਿਆਂ ਵਾਲੇ ਬਾਗ਼ ਦੇ ਇਤਿਹਾਸਕ ਖੂਨੀ ਖੂਹ ਨੂੰ ਢਾਉਣ ਦੇ ਫ਼ੈਸਲੇ ਦੀ ਨਿਖੇਧੀ

PUNJ2906201901ਲੌਂਗੋਵਾਲ, 29 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਜਲ੍ਹਿਆਂ ਵਾਲੇ ਬਾਗ਼ ਵਿੱਚ ਸਥਿਤ ਇਤਿਹਾਸਕ ਖੂਨੀ ਖੂਹ ਨੂੰ ਢਾਹੁਣ ਦੀ ਲੌਂਗੋਵਾਲ ਏਰੀਏ ਦੀਆਂ ਵੱਖ-ਵੱਖ ਜੱਥੇਬੰਦੀਆਂ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਜੁਝਾਰ ਲੌਂਗੋਵਾਲ ਅਤੇ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਇਹੋ ਜਿਹੀਆਂ ਇਤਿਹਾਸਕ ਯਾਦਗਾਰਾਂ ਜਿਹੜੀਆਂ ਸਾਡੇ ਇਨਕਲਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਹਨ ਨੂੰ ਢਾਉਣਾ ਅਤੇ ਉਨ੍ਹਾਂ ਖੂਨੀ ਸਾਕਿਆਂ ਦੇ ਨਿਸ਼ਾਨ ਮਿਟਾਉਣਾ ਹਕੂਮਤਾਂ ਦਾ ਅਸਲ ਚਿਹਰਾ ਨੰਗਾ ਕਰਦੀਆਂ ਹਨ, ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਸਿਰ `ਤੇ ਬਣੀਆਂ ਹੋਈਆਂ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਨੌਜਵਾਨ ਅਤੇ ਅਵਾਮ ਉਨ੍ਹਾਂ ਇਨਕਲਾਬੀ ਲੋਕ ਨਾਇਕਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਜਿਹੜੇ ਲੋਕਾਂ ਦੀ ਮੁਕਤੀ ਲਈ ਅੰਗਰੇਜ਼ ਹਕੂਮਤ ਦੇ ਖਿਲਾਫ ਇਥੇ ਜਦੋਜਹਿਦ ਕਰਦੇ ਰਹੇ ਹਨ, ਸਗੋਂ ਇਸ ਤੋਂ ਵੀ ਉਲਟ ਇਥੋਂ  ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਫਸਾ ਕੇ ਜਾਂ ਅੰਧ ਵਿਸ਼ਵਾਸਾਂ ਅਤੇ ਕਿਸਮਤਵਾਦੀ ਫਲਸਫ਼ੇ ਵਿੱਚ ਫਸਾ ਕੇ ਉਨ੍ਹਾਂ ਨੂੰ ਦਿਮਾਗੀ ਤੌਰ ਤੇ ਨਕਾਰਾ ਕਰਨ ਵੱਲ ਲੱਗੀਆਂ ਹੋਈਆਂ ਹਨ, ਜਿਸ ਨੂੰ ਭਾਰਤ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਆਗੂਆਂ ਨੇ ਮੰਗ ਕੀਤੀ ਕਿ ਜਲ੍ਹਿਆਂ ਵਾਲੇ ਬਾਗ਼ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਅਤੇ ਖੂਨੀ ਖੂਹ ਦੀ ਯਾਦਗਾਰ ਨੂੰ ਮੁੜ ਉਸੇ ਹਾਲਤ ਵਿੱਚ ਲਿਆਇਆ ਜਾਣਾ ਚਾਹੀਦਾ ਹੈ ਤਾਂ ਜੋ ਇੱਥੋਂ ਦੇ ਲੋਕ ਬਰਤਾਨਵੀ ਹਕੂਮਤ ਦੇ ਢਾਹੇ ਹੋਏ ਜੁਲਮ ਅਤੇ ਕਹਿਰ ਤੋਂ ਜਾਣੂ ਵੀ ਹੋਣ ਤੇ ਮੌਜੂਦਾ ਸਮਿਆਂ ਵਿੱਚ ਇਸ ਦੀ ਮਹੱਤਤਾ ਵੀ ਜਾਣ ਸਕਣ।
ਇਸ ਮੌਕੇ ਕਿਸਾਨ ਮੋਰਚਾ ਪੰਜਾਬ ਦੇ ਭੁਪਿੰਦਰ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੱਖੀ, ਤਰਕਸ਼ੀਲ ਸੁਸਾਇਟੀ ਇਕਾਈ ਦੇ ਪਰਵਿੰਦਰ ਉਭਾਵਾਲ, ਇਸਤਰੀ ਜਾਗਰਤੀ ਮੰਚ ਦੀ ਪਰਮਜੀਤ ਕੌਰ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਦਾਤਾ ਸਿੰਘ ਨਮੋਲ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੇ ਕਮਲਜੀਤ ਵਿੱਕੀ ਭਾਰਤੀ, ਕਿਸਾਨ ਯੂਨੀਅਨ ਦੇ ਜਸਵਿੰਦਰ ਸਿੰਘ ਸੋਮਾ, ਰਣਜੀਤ ਸਿੰਘ, ਸਟੂਡੈਂਟ ਯੂਨੀਅਨ ਲਲਕਾਰ ਦੇ ਜਸਵਿੰਦਰ ਆਦਿ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਯਾਦਗਾਰ ਨੂੰ ਮੁੜ ਉਸੇ ਰੂਪ ਵਿੱਚ ਨਾ ਬਣਾਇਆ ਗਿਆ ਤਾਂ ਪੰਜਾਬ ਦੇ ਇਨਕਲਾਬੀ ਲੋਕ ਅਤੇ ਜੱਥੇਬੰਦੀਆਂ ਇਸ ਲਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply