Wednesday, April 29, 2026

ਉੱਚ ਪੱਧਰੀ ਮੀਟਿੰਗ ਵਿੱਚ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਬਾਰੇ ਅਹਿਮ ਵਿਚਾਰਾਂ

ਅੰਮ੍ਰਿਤਸਰ `ਚ ਮੈਟਰੋ ਰੇਲ ਚਲਾਉਣ ਲਈ ਯੂ.ਐਨ.ਓ ਅਧਿਕਾਰੀਆਂ ਨੂੰ ਕੀਤੀ ਅਪੀਲ – ਡੀ.ਸੀ ਢਿਲੋਂ
ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ  ਸਥਾਨਕ ਸਰਕਟ ਹਾਊਸ ਵਿਖੇ ਸੰਸਦ ਮੈਂਬਰ PUNJ0207201904ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸਾਸ਼ਨ ਨਾਲ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਸੁਨੀਲ ਦੱਤੀ, ਹਲਕਾ ਇੰਚਾਰਜ ਮਜੀਠਾ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵਾ ਵਿਸੇਸ਼ ਤੌਰ `ਤੇ ਹਾਜਰ ਹੋਏ।
ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦਿਆਂ ਅਗਲੇ ਕੁਝ ਦਿਨਾਂ ਤੱਕ ਮਾਨਸੂਨ ਦੇ ਪੰਜਾਬ ਪੁੱਜਣ ਨੂੰ ਲੈ ਕੇ ਸ਼ਹਿਰ ਅੰਦਰ ਪਾਣੀ ਖੜਾ ਹੋਣੋ ਰੋਕਣ ਲਈ ਅੰਮ੍ਰਿਤਸਰ ਦੇ ਸੀਵਰੇਜ ਸਿਸਟਮ `ਤੇ ਧਿਆਨ ਦੇਣ ਅਤੇ ਮਾਲ ਰੋਡ ਤੇ ਸੜਕ ਦੇ ਮੁੜ ਧਸਣ ਦੇ ਕੰਮ ਨੂੰ 7 ਦਿਨ ਦੇ `ਚ ਮੁਕੰਮਲ ਕਰਕੇ ਸੜਕ ਨੂੰ ਚਾਲੂ ਕਰਨ ਦੇ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਗਏ।ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਉਹ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਕਮੇਟੀ ਦੇ ਮੈਂਬਰ ਹਨ ਅਤੇ 7 ਦਿਨ ਵਿੱਚ ਮਾਲ ਰੋਡ ਸੜਕ ਦੇ ਕੰਮ ਦੇ ਸਹੀ ਨਾ ਹੋਣ `ਤੇ ਪੂਰੀ ਕਮੇਟੀ ਦੌਰਾ ਕਰਕੇ ਇਸਦਾ ਸਥਾਈ ਹੱਲ ਕਰੇਗੀ।
ਮੀਟਿੰਗ ਦੌਰਾਨ ਪਾਵਰਕਾਮ ਅਧਿਕਾਰੀਆਂ ਨੂੰ ਝੋਨੇ ਦੀ ਲਵਾਈ ਦਾ ਸੀਜਨ ਦੌਰਾਨ ਕਿਸਾਨਾਂ ਨੂੰ 8 ਘੰਟੇ ਦੀ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਗਏ ਤੇ ਕਿਹਾ ਗਿਆ ਕਿ ਜੇਕਰ ਕਿਸੇ ਕਾਰਨ ਕਿਸਾਨਾਂ ਨੂੰ 8 ਘੰਟੇ ਤੋਂ ਘੱਟ ਬਿਜਲੀ ਮਿਲਦੀ ਹੈ ਤਾਂ ਉਸ ਦੀ ਭਰਪਾਈ ਅਗਲੇ ਦਿਨ ਵਿੱਚ ਕਿਸਾਨਾਂ ਨੂੰ ਵੱਧ ਬਿਜਲੀ ਸਪਲਾਈ ਕਰਕੇ ਕੀਤੀ ਜਾਵੇ।
ਮੀਟਿੰਗ ਦੌਰਾਨ ਜਨਰਲ ਮੈਨੇਜਰ ਪੰਜਾਬ ਰੋਡਵੇਜ ਨੂੰ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਠਿੰਡਾ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਅਟਾਰੀ ਸਰਹੱਦ ਲਈ ਵਿਸੇਸ਼ ਏ.ਸੀ ਬੱਸਾਂ ਚਲਾਉਣ ਦੀ ਤਜਵੀਜ਼ ਨੂੰ ਹਕੀਕੀ ਰੂਪ ਦੇਣ ਦੀ ਗੱਲ ਕੀਤੀ ਗਈ ਤੇ ਇੰਨਾਂ ਬੱਸਾਂ ਲਈ ਅਲੱਗ ਤੋਂ ਬੱਸ ਅੱਡਾ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ।
ਵਿਧਾਇਕ ਅਜਨਾਲਾ, ਵਿਧਾਇਕ ਡੀ.ਸੀ, ਵਿਧਾਇਕ ਦੱਤੀ, ਹਲਕਾ ਇੰਚਾਰਜ ਲਾਲੀ ਮਜੀਠੀਆ, ਮੇਅਰ ਰਿੰਟੂ ਵਲੋਂ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਤੇ ਹੋਰ ਜਾਨਵਰਾਂ ਦੀ ਵਧ ਰਹੀ ਗਿਣਤੀ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿਖੇ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ 6 ਕੇਂਦਰ ਬਣਾਏ ਜਾਣਗੇ ਤਾਂ ਜੋ ਅਵਾਰਾ ਕੁੱਤਿਆਂ ਦੀ ਗਿਣਤੀ `ਤੇ ਕਾਬੂ ਪਾਇਆ ਜਾ ਸਕੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਨਗਰ ਨਿਗਮ ਵਲੋਂ ਅਵਾਰਾ ਸੂਰਾਂ ਨੂੰ ਕਾਬੂ ਕਰਨ ਲਈ ਇਕ ਕੰਪਨੀ ਨੂੰ ਠੇਕਾ ਦਿਤਾ ਗਿਆ ਹੈ ਜੋ ਅਵਾਰਾ ਸੂਰਾਂ ਨੂੰ ਕਾਬੂ ਕਰਕੇ ਬੰਦ ਕਰੇਗੀ।
ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਸਮੱਸਿਆ ਤੇ ਵਧਦੇ ਹਵਾ ਪ੍ਰਦੂਸ਼ਣ ਸੰਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਲਈ ਬੀਤੇ ਦਿਨ ਯੂ.ਐਨ.ਓ ਦੀ ਟੀਮ ਵਲੋਂ ਹਵਾ ਪ੍ਰਦੂਸ਼ਣ ਤੋਂ ਨਿਜ਼ਾਤ ਦਿਵਾਉਣ ਲਈ ਦੇਸ਼ ਦੇ ਚੁਣੇ ਗਏ ਤਿੰਨ ਸ਼ਹਿਰਾਂ ਵਿੱਚੋਂ ਇਕ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਤੇ ਇਸ ਲਈ ਮੰਗੇ ਸੁਝਾਵਾਂ ਤਹਿਤ ਸ਼ਹਿਰ ਦੀ ਹੱਦ ਅੰਦਰ ਮੈਟਰੇ ਰੇਲ ਚਲਾਉਣ ਦੀ ਗੱਲ ਕੀਤੀ ਗਈ।
ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਖੇਤਰ ਵਿੱਚ ਕਈ ਪੰਜਾਬੀਆਂ ਦੀ ਜਾਨ ਲੈਣ ਵਾਲੇ ਰੇਲਿੰਗ ਤੋਂ ਬਿਨ੍ਹਾਂ ਪੁਲਾਂ ਸੰਬੰਧੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਦਿਆਂ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਕਿ ਹਫਤੇ ਦੇ ਅੰਦਰ ਅੰਦਰ ਬਿਨ੍ਹਾਂ ਰੇਲਿੰਗ ਤੇ ਮਿਆਦ ਪੁਗਾ ਚੁੱਕੇ ਪੁਲਾਂ ਦੀ ਨਿਸ਼ਾਨਦੇਹੀ ਕਰਕੇ ਵਿਸੇਸ਼ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਕੇਂਦਰ ਸਰਕਾਰ ਤੇ ਰੱਖਿਆ ਮੰਤਰਾਲੇ ਤੋਂ ਅਜਿਹੇ ਪੁਲਾਂ ਦੀ ਮੁਰੰਮਤ ਦੀ ਮੰਜੂਰੀ ਲੈ ਕੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਵਾਇਆ ਜਾ ਸਕੇ।ਔਜਲਾ ਨੇ ਭੰਡਾਰੀ ਪੁੱਲ ਦੇ ਵਿਸਥਾਰ ਸੰਬੰਧੀ ਬੋਲਦਿਆਂ ਕਿਹਾ ਕਿ ਪੁੱਲ ਦਾ ਹਫਤੇ ਦੇ ਅੰਦਰ ਅੰਦਰ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਠੇਕੇਦਾਰ ਨੂੰ 18 ਮਹੀਨੇ ਦੇ ਵਿੱਚ ਕੰਮ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿਤੇ ਗਏ।
ਮੀਟਿੰਗ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਸੁਰੱਖਿਆ ਤੇ ਜ਼ਿਲ੍ਹੇ ਨੂੰ ਅਪਰਾਧ ਮੁਕਤ ਕਰਨ ਲਈ ਪੁਲਿਸ ਪ੍ਰਸਾਸ਼ਨ ਨੂੰ ਨਿਰਦੇਸ਼ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਤੇ ਸ਼ਹਿਰੀ ਦੇ ਸਾਂਝੇ ਚੌਕ ਮੀਰਾਂਕੋਟ ਵਿਖੇ ਲੱਗਣ ਵਾਲੇ ਸੜਕੀ ਜਾਮ ਤੋਂ ਆਮ ਜਨਤਾ ਨੂੰ ਨਿਜ਼ਾਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਨੂੰ ਪੱਕੇ ਤੌਰ ਤੇ ਨਿਯੁੱਕਤ ਕੀਤਾ ਜਾਵੇ।ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਤੇ ਸ਼ਹਿਰ ਵਿੱਚ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਅਪਰਾਧੀਆਂ ਨੂੰ ਬਿਨ੍ਹਾਂ ਕਿਸੇ ਦਬਾਅ ਦੇ ਸਲਾਖਾਂ ਪਿੱਛੇ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਜਾਵੇ।ਉਨ੍ਹਾਂ ਦੱਸਿਆ ਕਿ ਉਹ ਕੇਂਦਰ ਸਰਕਾਰ ਤੋਂ ਨਸ਼ਾ ਛੱਡਣ ਵਾਲੇ ਨੌਜੁਆਨਾਂ ਦੇ ਮੁੜ ਵਸੇਬੇ ਲਈ ਵਿਸੇਸ਼ ਧਿਆਨ ਦੀ ਮੰਗ ਕਰਨਗੇ।
ਇਸ ਸਮੇਂ ਹਿਮਾਂਸ਼ੂ ਅਗਰਵਾਲ ਏ.ਡੀ.ਸੀ, ਚੇਅਰਮੈਨ ਮਨਜੀਤ ਕੌਰ ਤੋਂ ਇਲਾਵਾ ਜ਼ਿਲ਼੍ਹਾ ਪੰਚਾਇਤ ਤੇ ਵਿਕਾਸ ਅਫਸਰ, ਲੋਕ ਨਿਰਮਾਣ ਵਿਭਾਗ, ਪਾਵਰਕਾਮ, ਪੰਜਾਬ ਰੋਡਵੇਜ, ਨਗਰ ਨਿਗਮ, ਜ਼ਿਲ੍ਹਾ ਪ੍ਰਸਾਸ਼ਨ, ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਅਧਿਕਾਰੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply